Home / Special Story / ਕੈਪਟਨ ਦੇ ਸ਼ਹਿਰ ‘ਚ ਡੇਂਗੂ ਕਹਿਰ

ਕੈਪਟਨ ਦੇ ਸ਼ਹਿਰ ‘ਚ ਡੇਂਗੂ ਕਹਿਰ

ਡੇਂਗੂ ਨੂੰ ਰੋਕਣ ਲਈ ਸਰਕਾਰ ਵਲੋਂ ਯਤਨ ਜਾਰੀ, ਪਰ ਇੰਤਜ਼ਾਮ ਨਾਕਾਫੀ
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿੱਚ ਵੀ ਡੇਂਗੂ ਦਾ ਕਹਿਰ ਬਰਕਰਾਰ ਹੈ। ਸਿਹਤ ਵਿਭਾਗ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਡੇਢ ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਪਰ ਅਸਲ ਗਿਣਤੀ ਢਾਈ ਹਜ਼ਾਰ ਦੇ ਕਰੀਬ ਹੈ। ਸਿਹਤ ਵਿਭਾਗ ਭਾਵੇਂ ਡੇਂਗੂ ਨਾਲ ਸਿਰਫ਼ ਇਕ ਮੌਤ ਹੋਣ ਦੀ ਗੱਲ ਕਹਿ ਰਿਹਾ ਹੈ ਪਰ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਦਰਜਨ ਤੋਂ ਵੱਧ ਹੈ। ਇਹ ਮੌਤਾਂ ਪਟਿਆਲਾ, ਨਾਭਾ ਤੇ ਸਮਾਣਾ ਇਲਾਕਿਆਂ ਵਿੱਚ ਹੋਈਆਂ ਹਨ।
ਡੇਂਗੂ ਨੂੰ ਰੋਕਣ ਲਈ ਭਾਵੇਂ ਸਰਕਾਰੀ ਪੱਧਰ ‘ਤੇ ਯਤਨ ਜਾਰੀ ਹਨ ਪਰ ਇਹ ਇੰਤਾਮ ਨਾਕਾਫ਼ੀ ਜਾਪ ਰਹੇ ਹਨ। ਉਂਜ ਵੀ ਇਹ ਯਤਨ ਦੇਰੀ ਨਾਲ ਸ਼ੁਰੂ ਹੋਣ ਕਾਰਨ ਡੇਂਗੂ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆ ਰਹੀ ਹੈ। ਕਿਸਾਨ ਆਗੂ ਡਾ. ਦਰਸ਼ਨਪਾਲ ਅਤੇ ਜਗਮੋਹਨ ਉੱਪਲ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਪਲੇਟਲੈੱਟਸ ਮਸ਼ੀਨਾਂ ਘੱਟ ਹਨ, ਜਿਹੜੀਆਂ ਮਸ਼ੀਨਾਂ ਹਨ, ਉਹ ਠੀਕ ਤਰ੍ਹਾਂ ਚੱਲਦੀਆਂ ਨਹੀਂ। ਡੇਂਗੂ ਦੇ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਨੌਜਵਾਨ ਆਗੂ ਗੁਰਮੁਖ ਸਿੰਘ ਗੁਰੂ ਦਾ ਕਹਿਣਾ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੀ ਸਭ ਤੋਂ ਵੱਡੀ ਬਲੱਡ ਬੈਂਕ ਵਿੱਚ ਰਾਤ ਸਮੇਂ ਸਟਾਫ਼ ਦੀ ਘਾਟ ਕਾਰਨ ਖ਼ੂਨਦਾਨੀਆਂ ਨੂੰ ਲੰਮੀ ਉਡੀਕ ਕਰਨੀ ਪੈਂਦੀ ਹੈ।
ਉਧਰ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਬੁਖਾਰ ਦੇ ਮਰੀਜ਼ ਹਰ ਸਾਲ ਵਧ ਜਾਂਦੇ ਹਨ। ਸਾਲ 2015 ਵਿੱਚ 1750 ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ। 2016 ਵਿੱਚ 1350 ਮਰੀਜ਼ ਸਨ ਤੇ ਦੋ ਮੌਤਾਂ ਵੀ ਹੋਈਆਂ ਇਹ ਬੁਖਾਰ ਸਤੰਬਰ ਤੋਂ ਨਵੰਬਰ ਤੱਕ ਹੁੰਦਾ ਹੈ। ਐਤਕੀਂ ਅਕਤੂਬਰ ਵਿੱਚ ਜ਼ਿਆਦਾ ਲੋਕਾਂ ਨੂੰ ਬੁਖਾਰ ਹੋਇਆ, ਜਿਸ ਕਾਰਨ ਹਾਹਾਕਾਰ ਮੱਚ ਗਈ। ਡੇਂਗੂ ਦੇ ਡਰੋਂ ਆਮ ਬੁਖਾਰ ਹੋਣ ‘ਤੇ ਵੀ ਲੋਕ ਟੈਸਟ ਕਰਵਾਉਣ ਲੱਗੇ ਹਨ, ਜਿਸ ਕਾਰਨ ਹਸਪਤਾਲਾਂ ਵਿੱਚ ਭੀੜ ਰਹਿੰਦੀ ਹੈ। ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮਨਜੀਤ ਕੌਰ ਦਾ ਕਹਿਣਾ ਹੈ ਕਿ ਰੋਜ਼ਾਨਾ ਕਰੀਬ 50 ਮਰੀਜ਼ ਆ ਰਹੇ ਹਨ, ਜਦੋਂ ਕਿ ਪਹਿਲਾਂ ਇਹ ਅੰਕੜਾ 80-85 ਸੀ। ਉਨ੍ਹਾਂ ਕਿਹਾ ਕਿ ਡੇਂਗੂ ਕਾਰਨ ਵਿਭਾਗ ਕੋਲ ਨਾਭਾ ਦੀ ਇਕ ਮਹਿਲਾ ਦੀ ਮੌਤ ਹੋਣ ਦਾ ਰਿਕਾਰਡ ਹੀ ਹੈ। ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਹਿਰ ਵਿੱਚ ਦੋ ਵੱਡੀਆਂ ਤੇ ਅੱਠ ਛੋਟੀਆਂ ਮਸ਼ੀਨਾਂ ਰਾਹੀਂ ਫੌਗਿੰਗ ਕੀਤੀ ਜਾ ਰਹੀ ਹੈ ਤੇ ਡੇਂਗੂ ਪ੍ਰਭਾਵਿਤ ਖੇਤਰਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਜੋ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਚੰਦ ਕੁ ਦਿਨਾਂ ਦੇ ਖੜ੍ਹੇ ਪਾਣੀ ਵਿੱਚ ਪੈਦਾ ਹੋਣ ਵਾਲਾ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਦੌਰਾਨ ਮਰੀਜ਼ ਨੂੰ ਤੇਜ਼ ਬੁਖਾਰ ਸਮੇਤ ਸਿਰ, ਮਾਸਪੇਸ਼ੀਆਂ, ਜੋੜਾਂ ਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੁੰਦਾ ਹੈ। ਕਈ ਵਾਰੀ ਨੱਕ, ਮੂੰਹ ਤੇ ਮਸੂੜਿਆਂ ਵਿੱਚੋਂ ਖ਼ੂਨ ਵੀ ਵਗਦਾ ਹੈ ਤੇ ਉਲਟੀਆਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤਕਰੀਬਨ ਚਾਰ ਲੱਖ ਘਰਾਂ ਅਤੇ ਅਦਾਰਿਆਂ ਵਿੱਚ ਲਾਰਵੇ ਦੀ ਚੈਕਿੰਗ ਕੀਤੀ ਗਈ ਹੈ ਤੇ ਪੱਚੀ ਹਜ਼ਾਰ ਦੇ ਕਰੀਬ ਥਾਵਾਂ ‘ਤੇ ਡੇਂਗੂ ਦਾ ਲਾਰਵਾ ਮਿਲਿਆ ਹੈ। ਡੇਂਗੂ ਬੁਖਾਰ ਹੋਣ ਦੀ ਸੂਰਤ ਵਿੱਚ ਓਆਰਐਸ, ਫ਼ਲ, ਜੂਸ, ਦੁੱਧ, ਦਹੀਂ ਤੇ ਲੱਸੀ ਆਦਿ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਬੁਖਾਰ ਲਈ ਸਿਰਫ਼ ਪੈਰਾਸਿਟਾਮੋਲ ਹੀ ਲੈਣੀ ਚਾਹੀਦੀ ਹੈ।
ਸਿਵਲ ਸਰਜਨ ਅਨੁਸਾਰ ਤੰਦਰੁਸਤ ਸਰੀਰ ਵਿੱਚ ਡੇਢ ਲੱਖ ਤੋਂ ਚਾਰ ਲੱਖ ਤੱਕ ਪਲੇਟਲੈੱਟਸ ਹੁੰਦੇ ਹਨ ਪਰ ਡੇਂਗੂ ਦੌਰਾਨ ਕਈਆਂ ਦੇ ਪਲੇਟਲੈੱਟਸ ਬਹੁਤ ਘਟ ਜਾਂਦੇ ਹਨ, ਜਿਸ ਕਰਕੇ ਮਰੀਜ਼ ਨੂੰ ਵਧੇਰੇ ਤਕਲੀਫ਼ ਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਲੇਟਲੈੱਟਸ ਸਿਰਫ਼ ਡੇਂਗੂ ਨਾਲ ਨਹੀਂ, ਕਈ ਹੋਰ ਬਿਮਾਰੀਆਂ ਨਾਲ ਵੀ ਘਟਦੇ ਹਨ।
ਸਰਕਾਰੀ ਪ੍ਰਬੰਧਾਂ ਦੇ ‘ਸੈੱਲ’ ਮੁੱਕੇ; ਪ੍ਰਾਈਵੇਟ ਹਸਪਤਾਲਾਂ ਦੀ ਚਾਂਦੀ
ਫ਼ਰੀਦਕੋਟ : ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 200 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਲ੍ਹੇ ਦੇ ਕੋਟਕਪੂਰਾ ਇਲਾਕੇ ਵਿੱਚ ਸਭ ਤੋਂ ਵੱਧ 97 ਮਰੀਜ਼ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹੋਏ ਹਨ, ਜਦੋਂ ਕਿ ਫ਼ਰੀਦਕੋਟ ਵਿੱਚ ਇਹ ਗਿਣਤੀ 65 ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਅਤੇ ਫ਼ਰੀਦਕੋਟ ਸ਼ਹਿਰ ਵਿੱਚ ਦੋ ਲੜਕੀਆਂ ਦੀ ਡੇਂਗੂ ਕਾਰਨ ਮੌਤ ਹੋਈ ਹੈ।
ਸਿਹਤ ਵਿਭਾਗ ਨੇ ਡੇਂਗੂ ਦੇ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਅਤੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਪਰ ਇਸ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਠੀਕ ਦੇਖਭਾਲ ਨਾ ਹੋਣ ਕਾਰਨ ਮਰੀਜ਼ਾਂ ਨੂੰ ਮਜਬੂਰੀ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਡਾ. ਵਰਿੰਦਰਪਾਲ ਸਿੰਘ ਨੇ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ ਸਿਹਤ ਵਿਭਾਗ ਨੇ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਰਿਕਾਰਡ ਵਿੱਚ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 142 ਹੈ। ਇਸ ਮੌਕੇ ਅਮਰੀਕ ਸਿੰਘ ਵਾਸੀ ਭਾਣਾ ਨੇ ਗਿਲਾ ਕੀਤਾ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਬਿਲਕੁਲ ਦੇਖਭਾਲ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪ੍ਰਾਈਵੇਟ ਹਸਪਤਾਲਾਂ ਦੀ ਚਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਨੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਸ ਬਿਮਾਰੀ ਤੋਂ ਬਚਾਅ ਦੇ ਉਪਾਅ ਬਾਰੇ ਪ੍ਰਚਾਰ ਨਹੀਂ ਕੀਤਾ ਅਤੇ ਨਾ ਫੌਗਿੰਗ ਕਰਵਾਈ। ਫ਼ਰੀਦਕੋਟ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਜੋ ਖ਼ੁਦ ਡੇਂਗੂ ਤੋਂ ਪੀੜਤ ਸਨ, ਨੇ ਦੱਸਿਆ ਕਿ ਉਨ੍ਹਾਂ ਨਗਰ ਕੌਂਸਲ ਨੂੰ ਫੌਗਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਸਨ ਪਰ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ, ਇਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਉਧਰ, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਡੇਂਗੂ ਵਿਰੁੱਧ ਚੌਕਸ ਰਹਿਣ ਲਈ ਆਦੇਸ਼ ਦਿੱਤੇ ਗਏ ਹਨ। ਲੋੜਵੰਦ ਮਰੀਜ਼ਾਂ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਵਿੱਚ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਨੇ ਡੇਂਗੂ ਦੇ ਲਾਰਵੇ ਦੀ ਸ਼ਨਾਖ਼ਤ ਲਈ ਮੁਹਿੰਮ ਵਿੱਢੀ ਸੀ, ਜਿਸ ਦੌਰਾਨ ਦਰਜਨ ਦੇ ਕਰੀਬ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰੋਂ ਡੇਂਗੂ ਵਾਲੇ ਮੱਛਰ ਦਾ ਲਾਰਵਾ ਮਿਲਿਆ। ઠਇਸ ਦੌਰਾਨ ਸ਼ਹਿਰ ਵਿੱਚ ਊਠਣੀ ਤੇ ਬੱਕਰੀ ਦੇ ਦੁੱਧ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜੋ ਦਿਹਾਤੀ ਖੇਤਰਾਂ ਵਿਚੋਂ ਕਾਫ਼ੀ ਮਹਿੰਗੇ ਭਾਅ ਮਿਲ ਰਿਹਾ ਹੈ।
ਮੱਛਰ ਵੀ ਕੈਪਟਨ ਸਰਕਾਰ ਦੇ ਕੰਟਰੋਲ ਤੋਂ ਹੋਇਆ ਬਾਹਰ
ਜਲੰਧਰ : ਲੋਕਾਂ ਦੀ ਜ਼ਿੰਦਗੀ ਸਿਹਤਮੰਦ ਰਹੇ, ਇਸ ਨਾਲ ਸਿਹਤ ਵਿਭਾਗ ਦਾ ਕੋਈ ਵਾਹ-ਵਾਸਤਾ ਨਹੀਂ ਲੱਗ ਰਿਹਾ। ਇਹ ਵਿਚਾਰ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਡੇਂਗੂ ਨਾਲ ਇਸ ਦੁਨੀਆ ਤੋਂ ਚਲੇ ਗਏ ਹਨ। ਪੀੜਤ ਤਾਂ ਇਹ ਵੀ ਕਹਿੰਦੇ ਹਨ ਕਿ ਸਰਕਾਰਾਂ ਅਰਬਾਂ-ਖਰਬਾਂ ਦੇ ਵਿਕਾਸ ਕਾਰਜਾਂ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਉਨ੍ਹਾਂ ਦੇ ਕੰਟਰੋਲ ਵਿੱਚ ਤਾਂ ਮੱਛਰ ਵੀ ਨਹੀਂ ਆ ਰਿਹਾ।ਕਪੂਰਥਲਾ ਦੀਆਂ ਦੋ ਭੈਣਾਂ ਤੇ ਉਨ੍ਹਾਂ ਦਾ ਇਕ ਭਰਾ ਉਦੋਂ ਅਨਾਥ ਹੋ ਗਿਆ, ਜਦੋਂ 24 ਘੰਟਿਆਂ ਵਿੱਚ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਗਈ। ਪਿਤਾ ਚਮਨ ਲਾਲ ਆਰ.ਸੀ.ਐਫ. ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਨੂੰ ਬੁਖਾਰ ਚੜ੍ਹਿਆ। ਪਹਿਲਾਂ ਆਰ.ਐਸ.ਐਫ. ਦੇ ਹਸਪਤਾਲ ਵਿੱਚੋਂ ਟੈਸਟ ਕਰਵਾਇਆ, ਫਿਰ 22 ਅਕਤੂਬਰ ਨੂੰ ਜਲੰਧਰ ਭੇਜ ਦਿੱਤਾ ਗਿਆ। ਇਕ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਬਿਮਾਰ ਹੋਈ ਸੀ, ਉਹ ਵੀ ਜਲੰਧਰ ਦੇ ਹਸਪਤਾਲ ਵਿੱਚ ਦਾਖ਼ਲ ਸੀ। ਦੋਵੇਂ ਪਤੀ-ਪਤਨੀ ਇਕੋ ਹਸਪਤਾਲ ਦਾਖ਼ਲ ਸਨ। ਰਿਪੋਰਟਾਂ ਵਿੱਚ ਚਮਨ ਲਾਲ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋ ਚੁੱਕੀ ਸੀ। ਉਨ੍ਹਾਂ ਦੇ ਪਲੇਟਲੈਟਸ ਚੜ੍ਹਾਉਣ ਲਈ ਜਦੋਂ ਇਕ ਹੋਰ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਪਿਛੋਂ ਪਤਨੀ ਦੀ ਮੌਤ ਹੋ ਗਈ। 24 ਘੰਟਿਆਂ ਵਿੱਚ ਹੀ ઠ23 ਅਕਤੂਬਰ ਨੂੰ ਚਮਨ ਲਾਲ ਦੀ ਵੀ ਮੌਤ ਹੋ ਗਈ।
ਜੱਗੂ ਪੀਰ ਦੀ ਮਜ਼ਾਰ ਕੋਲ ਰਹਿੰਦੇ ਪਰਿਵਾਰ ਨਾਲ ਵੀ ਇਹੋ ਭਾਣਾ ਵਾਪਰਿਆ। ਉਨ੍ਹਾਂ ਦੇ ਦੋਵੇਂ ਬੱਚਿਆਂ ਪ੍ਰਿੰਸ ਅਤੇ ਸਲੋਨੀ ਨੂੰ ਡੇਂਗੂ ਹੋ ਗਿਆ ਸੀ। ਦੋਵਾਂ ਨੂੰ 26 ਸਤੰਬਰ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਿੰਸ ਦੀ 27 ਸਤੰਬਰ ਨੂੰ ਸਿਹਤ ਹੋਰ ਵਿਗੜ ਗਈ ਅਤੇ ਸਿਵਲ ਹਸਪਤਾਲ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਥੇ ਡੇਢ ਘੰਟੇ ਬਾਅਦ ਹੀ ਪ੍ਰਿੰਸ ਦੀ ਮੌਤ ਹੋ ਗਈ। ਗਿਆਰਵੀਂ ਵਿੱਚ ਪੜ੍ਹਦੇ ਪ੍ਰਿੰਸ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣ ਦਾ ਸੀ। ਉਸ ਦੀ ਭੈਣ ਇਕੱਲੀ ਰਹਿ ਗਈ। ਰਾਜ ਮਿਸਤਰੀ ਦਾ ਕੰਮ ਕਰਦੇ ਗੁਰਮੀਤ ਦਾਸ ਨੇ ਦੱਸਿਆ ਕਿ ਪੁੱਤ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਵਾਲੇ ਆਏ ਸਨ। ਇਕ ਦਿਨ ਦਵਾਈ ਛਿੜਕ ਕੇ ਚਲੇ ਗਏ ਤੇ ਮੁੜ ਕੇ ਕੋਈ ਨਹੀਂ ਬਹੁੜਿਆ। ਕਪੂਰਥਲਾ ਵਿੱਚ ਡੇਂਗੂ ਨਾਲ ਪੀੜਤਾਂ ਦੀ ਗਿਣਤੀ 725 ਤੋਂ ਵੀ ਪਾਰ ਹੋ ਗਈ ਹੈ ਅਤੇ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਨੇ ਜ਼ਿਲ੍ਹੇ ਦੀ ਸਥਾਈ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਕਿ ਸ਼ਹਿਰ ਦੀ ਸਫ਼ਾਈ ਨਾ ਹੋਣ ਕਾਰਨ ਡੇਂਗੂ ਫੈਲ ਰਿਹਾ ਹੈ। ਸੁਕੇਤ ਗੁਪਤਾ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਧਿਰ ਬਣਾਇਆ ਹੈ। ਅਦਾਲਤ ਨੇ ਦੋਵਾਂ ਮੰਤਰੀਆਂ ਨੂੰ ਪੇਸ਼ ਹੋਣ ਲਈ ਕਿਹਾ ਹੈ ਪਰ ਅਜੇ ਤੱਕ ਪਈਆਂ ਤਰੀਕਾਂ ਦੌਰਾਨ ਦੋਵੇਂ ਮੰਤਰੀ ਪੇਸ਼ ਨਹੀਂ ਹੋਏ ਤੇ ਇਨ੍ਹਾਂ ਦੀ ਅਗਲੀ ਪੇਸ਼ੀ 10 ਨਵੰਬਰ ਨੂੰ ਹੈ। ਸੁਕੇਤ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਦਾ ਏਨਾ ਮਾੜਾ ਹਾਲ ਹੈ ਕਿ ਕੋਈ ਵੀ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ ਅਤੇ ਨਾ ਸਿਵਲ ਹਸਪਤਾਲ ਵਿੱਚ ਲੋਕਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਜੇ ਸਿਸਟਮ ਠੀਕ ਢੰਗ ਨਾਲ ਕੰਮ ਕਰੇ ਤਾਂ ਲੋਕਾਂ ਨੂੰ ਅਦਾਲਤਾਂ ਦਾ ਸਹਾਰਾ ਨਾ ਲੈਣਾ ਪਵੇ।
ਜਲੰਧਰ ਵਿੱਚ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਭਾਵੇਂ ਪਿਛਲੇ ਸਾਲ ਨਾਲੋਂ ਘੱਟ ਰਹੀ ਪਰ ਇਸ ਤੋਂ ਪੀੜਤ ਲੋਕਾਂ ਦਾ ਅੰਕੜਾ ਦੇਖ ਕੇ ਤਾਂ ਸਹਿਮ ਫੈਲਣਾ ਲਾਜ਼ਮੀ ਹੈ। ਥੋੜ੍ਹੇ ਦਿਨਾਂ ਵਿੱਚ ਹੀ ਜਲੰਧਰ ਦੇ ਗੁਰੂ ਨਾਨਕਪੁਰਾ ਤੇ ਕੰਟੋਨਮੈਂਟ ਇਲਾਕੇ ਵਿੱਚ ਹੀ 365 ਤੋਂ ਵੱਧ ਲੋਕ ਡੇਂਗੂ ਨਾਲ ਪੀੜਤ ਹੋ ਗਏ। ਇੱਥੋਂ ਦੇ ਹੀ ਵਾਰਡ ਨੰਬਰ 9 ਵਿੱਚ ઠ ઠਪੈਂਦੇ ਮੁਹੱਲਾ ਸੰਗਮ ਵਿਹਾਰ ਵਿੱਚ ਮਾਂ-ਧੀ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ ਪਰ ਸਿਹਤ ਵਿਭਾਗ ਵਾਲਾ ਕੋਈ ਵੀ ਛੋਟਾ ਜਾਂ ਵੱਡਾ ਮੁਲਾਜ਼ਮ ਉਥੇ ਨਹੀਂ ਆਇਆ।
ਮੁਹੱਲੇ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਕੋਲ ਇਹ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਦਵਾਈ ਛਿੜਕਾਈ ਜਾਵੇ ਪਰ ਸਿਹਤ ਵਿਭਾਗ ਦੀ ਟੀਮ ਦੇ ਕੰਨ ‘ਤੇ ਜੂੰ ਨਹੀਂ ਸਰਕਦੀ।ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਨੇ ਜ਼ਿਲ੍ਹੇ ਦੀ ਸਥਾਈ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਕਿ ਸ਼ਹਿਰ ਦੀ ਸਫ਼ਾਈ ਨਾ ਹੋਣ ਕਾਰਨ ਡੇਂਗੂ ਫੈਲ ਰਿਹਾ ਹੈ। ਸੁਕੇਤ ਗੁਪਤਾ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਧਿਰ ਬਣਾਇਆ ਹੈ। ਅਦਾਲਤ ਨੇ ਦੋਵਾਂ ਮੰਤਰੀਆਂ ਨੂੰ ਪੇਸ਼ ਹੋਣ ਲਈ ਕਿਹਾ ਹੈ ਪਰ ਅਜੇ ਤੱਕ ਪਈਆਂ ਤਰੀਕਾਂ ਦੌਰਾਨ ਦੋਵੇਂ ਮੰਤਰੀ ਪੇਸ਼ ਨਹੀਂ ਹੋਏ।

Check Also

ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਦਾ ਰਹੇਗਾ ਬੋਲਬਾਲਾ

ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ 50 ਫੀਸਦ ਹਿੱਸਾ ਬੀਬੀਆਂ ਦਾ ਹੋਵੇਗਾ ਚੰਡੀਗੜ੍ਹ : …