Breaking News
Home / ਪੰਜਾਬ / ਹਾਈਕੋਰਟ ਨੇ ਖਹਿਰਾ ਨੂੰ ਦਿੱਤੀ ਰਾਹਤ

ਹਾਈਕੋਰਟ ਨੇ ਖਹਿਰਾ ਨੂੰ ਦਿੱਤੀ ਰਾਹਤ

ਗੈਰ ਜ਼ਮਾਨਤੀ ਵਾਰੰਟਾਂ ‘ਤੇ ਲਗਾਈ ਰੋਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਖਪਾਲ ਖਹਿਰਾ ਵਿਰੁੱਧ ਜਾਰੀ ਹੋਏ ਗ਼ੈਰ-ਜਮਾਨਤੀ ਵਰੰਟ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ 9 ਨਵੰਬਰ ਤੱਕ ਜਵਾਬ ਮੰਗਿਆ ਗਿਆ ਹੈ। ਹਾਈਕੋਰਟ ਇਸ ਮਾਮਲੇ ਬਾਰੇ ਫ਼ੈਸਲਾ 9 ਨਵੰਬਰ ਨੂੰ ਸੁਣਾਏਗੀ। ਚੇਤੇ ਰਹੇ ਕਿ ਹਾਈਕੋਰਟ ਨੇ ਫ਼ਾਜਿਲਕਾ ਅਦਾਲਤ ਦੀ ਕਾਰਵਾਈ ‘ਤੇ ਕਿਸੇ ਵੀ ਕਿਸਮ ਦੀ ਰੋਕ ਨਹੀਂ ਲਗਾਈ ਹੈ। ਫ਼ਾਜਿਲਕਾ ਦੀ ਅਦਾਲਤ ਵੱਲੋਂ ਡਰੱਗ ਤਸਕਰੀ ਮਾਮਲੇ ਵਿਚ ਜਾਰੀ ਹੋਏ ਸੰਮਨਾਂ ਤੋਂ ਬਾਅਦ ਖਹਿਰਾ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹਨ, ਪਰ ਹਾਈਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਜਿਸਦੇ ਬਾਅਦ ਹੁਣ ਉਹ ਵਿਰੋਧੀਆਂ ਦੇ ਬਿਆਨਾਂ ਦਾ ਜਵਾਬ ਦੇ ਸਕਣਗੇ।

ਕੇਸ ਦੀ ਜਾਣਕਾਰੀ ਲੈਣ ਲਈ ਕੀਤੇ ਸੀ ਪੁਲਿਸ ਨੂੰ ਫੋਨ: ਖਹਿਰਾ

ਚੰਡੀਗੜ੍ਹ : ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਰੋਧੀ ਧਿਰ ਦੇ ਆਗੂ ਤੇ ‘ਆਪ’ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਫੋਨ ਸਿਰਫ਼ ਇਕ ਨਸ਼ਾ ਤਸਕਰ ਖ਼ਿਲਾਫ਼ ਦਰਜ ਕੇਸ ਦੀ ਜਾਣਕਾਰੀ ਲੈਣ ਲਈ ਕੀਤੇ ਸਨ, ਪਰ ਪੁਲਿਸ ਵੱਲੋਂ ਸਬੂਤਾਂ ਬਾਰੇ ਦੱਸੇ ਜਾਣ ਮਗਰੋਂ ਉਨ੍ਹਾਂ ਇਸ ਮਾਮਲੇ ਵਿਚ ਦੋਬਾਰਾ ਕੋਈ ਗੱਲ ਨਹੀਂ ਕੀਤੀ। ਖਹਿਰਾ ਨੇ ਕਿਹਾ, ‘ਗੁਰਦੇਵ ਸਿੰਘ ਮੇਰੇ ਹਲਕੇ ਭੁਲੱਥ ਦਾ ਮਸ਼ਹੂਰ ਸਿਆਸੀ ਆਗੂ ਹੈ। ਉਹ ਸਥਾਨਕ ਮਾਰਕਿਟ ਕਮੇਟੀ ਦਾ ਚੇਅਰਮੈਨ ਵੀ ਸੀ। ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਣ ਮਗਰੋਂ ਉਨ੍ਹਾਂ ਮਦਦ ਲਈ ਮੈਨੂੰ ਫੋਨ ਕੀਤਾ ਸੀ। ਗੁਰਦੇਵ ਵੱਲੋਂ ਜ਼ੋਰ ਪਾਉਣ ‘ਤੇ ਮੈਂ ਕੇਸ ਸਬੰਧੀ ਜਾਣਕਾਰੀ ਲੈਣ ਲਈ ਆਈਜੀ ਤੇ ਡੀਆਈਜੀ ਨੂੰ ਫੋਨ ਕੀਤੇ ਸਨ, ਪਰ ਅਧਿਕਾਰੀਆਂ ਨੇ ਜਦੋਂ ਮੈਨੂੰ ਇਸ ਕੇਸ ਦੇ ਸਬੂਤਾਂ ਬਾਰੇ ਦੱਸਿਆ ਤਾਂ ਮੈਂ ਇਸ ਮਾਮਲੇ ਨੂੰ ਛੱਡ ਦਿੱਤਾ।’ ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਉਨ੍ਹਾਂ ਨੌਂ ਵਿਅਕਤੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਫਾਜ਼ਿਲਕਾ ਅਦਾਲਤ ਨੇ ਪਿਛਲੇ ਹਫ਼ਤੇ 20 ਸਾਲਾਂ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਤੋਂ 200 ਤੋਂ 350 ਗਰਾਮ ਹੈਰੋਇਨ ਤੇ ਪਾਕਿਸਤਾਨੀ ਸਿਮ ਕਾਰਡ ਬਰਾਮਦ ਹੋਇਆ ਸੀ। ਖਹਿਰਾ ਨੇ ਕਿਹਾ, ‘ਮੈਂ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਪਿਛਲੇ ਕੁਝ ਸਮੇਂ ਤੋਂ ਜਾਣਦਾ ਹਾਂ। ਸਿਆਸਤਦਾਨਾਂ ਵੱਲੋਂ ਕਿਸੇ ਮਦਦ ਲਈ ਪਹੁੰਚ ਕਰਨੀ ਤੇ ਪੁਲਿਸ ਤੋਂ ਤੱਥਾਂ ਬਾਰੇ ਪੁੱਛਣਾ ਸਾਧਾਰਨ ਗੱਲ ਹੈ, ਪਰ ਇਹ ਗਲਤ ਹੈ ਕਿ ਮੈਂ ਬਹੁਤ ਵਾਰੀ ਫੋਨ ਕੀਤਾ ਹੈ। ਮੇਰੀ ਮੁਲਜ਼ਮ ਨਾਲ ਫੋਨ ‘ਤੇ ਸਿਰਫ਼ ਛੇ ਜਾਂ ਸੱਤ ਵਾਰ ਗੱਲ ਹੋਈ ਹੈ। ਪੁਲਿਸ ਜਿਨ੍ਹਾਂ ਫੋਨ ਕਾਲਾਂ ਦੇ ਆਧਾਰ ‘ਤੇ ਦਾਅਵਾ ਕਰ ਰਹੀ ਹੈ, ਉਨ੍ਹਾਂ ਨੂੰ ਕਿਸੇ ਵੀ ਟੈਲੀਕਾਮ ਏਜੰਸੀ ਵੱਲੋਂ ਪ੍ਰਮਾਣਿਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਫੋਨ ਕਾਲਾਂ ਦੀ ਸੂਚੀ ਨਾਲ ਛੇੜਛਾੜ ਕੀਤੀ ਹੈ। ਪੁਲਿਸ ਨੇ ਐਫਆਈਆਰ ਜਾਂ ਚਲਾਨ ਵਿਚ ਉਨ੍ਹਾਂ ਦਾ ਨਾਂ ਦਰਜ ਕਿਉਂ ਨਹੀਂ ਕੀਤਾ।’ ਉਨ੍ਹਾਂ ਕਿਹਾ ਪੁਲਿਸ ਨੇ ਜੋਗਾ ਸਿੰਘ ਤੋਂ 15 ਦਿਨ ਪੁੱਛਗਿੱਛ ਕੀਤੀ, ਪਰ ਉਨ੍ਹਾਂ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ, ਪਰ ਹੁਣ ਉਨ੍ਹਾਂ ਨੂੰ ਸੰਮਨ ਜਾਰੀ ਕਰ ਦਿੱਤੇ ਗਏ ਹਨ। ਇਹ ਸਭ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ।
ਖਹਿਰਾ ਦੇ ਕੇਸ ‘ਚ ਸਾਡੀ ਕੋਈ ਭੂਮਿਕਾ ਨਹੀਂ : ਕੈਪਟਨ
ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਪਾਰਟੀ ਲੀਡਰ ਸੁਖਪਾਲ ਸਿੰਘ ਖਹਿਰਾ ਵਿਰੁਧ ਅਦਾਲਤੀ ਕਾਰਵਾਈ ਪਿੱਛੇ ਬਦਲਾਖੋਰੀ ਦੇ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਪਟਿਆਲਾ ਵਿਖੇ ਜਨਤਕ ਸਮਾਗਮ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਅਤੇ ਵਿਰੋਧੀ ਧਿਰ ਦੇ ਲੀਡਰ ਨੂੰ ਸੰਮਨ ਜਾਰੀ ਕਰਨ ਦਾ ਫ਼ੈਸਲਾ ਅਦਾਲਤ ਦਾ ਹੈ।

 

Check Also

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ …