Home / ਦੁਨੀਆ / ਲਾਸ ਵੇਗਾਸ ‘ਚ ਸੰਗੀਤ ਸਮਾਰੋਹ ਦੌਰਾਨ ਗੋਲੀਬਾਰੀ; 58 ਮੌਤਾਂ

ਲਾਸ ਵੇਗਾਸ ‘ਚ ਸੰਗੀਤ ਸਮਾਰੋਹ ਦੌਰਾਨ ਗੋਲੀਬਾਰੀ; 58 ਮੌਤਾਂ

64 ਸਾਲਾ ਹਮਲਾਵਰ ਨੇ 32ਵੀਂ ਮੰਜ਼ਿਲ ਤੋਂ ਚਲਾਈਆਂ 15 ਮਿੰਟ ਤੱਕ ਗੋਲੀਆਂ
ਲਾਸ ਏਂਜਲਸ : ਅਮਰੀਕੀ ਸ਼ਹਿਰ ਲਾਸ ਵੇਗਾਸ ਵਿੱਚ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਹ ਫਾਇਰਿੰਗ ਰਾਹੀਂ ਲੋਕਾਂ ਦੀ ਜਾਨ ਲੈਣ ਦਾ ਆਧੁਨਿਕ ਅਮਰੀਕੀ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ। ਘਟਨਾ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਵਿਅਕਤੀਆਂ ਵਿੱਚ ਕੋਈ ਭਾਰਤੀ ਸ਼ਾਮਲ ਨਹੀਂ ਹੈ। ਅਮਰੀਕੀ ਪੁਲਿਸ ਨੇ ਕਿਹਾ ਕਿ ਹਮਲਾਵਰ ਗੰਨਮੈਨ ਦੀ ਪਛਾਣ ਨੇਵਾਦਾ ਸੂਬੇ ਦੇ ਵਾਸੀ ਸਟੀਫਨ ਪੈਡੌਕ (64) ਵਜੋਂ ਹੋਈ ਹੈ, ਜਿਸ ਨੇ ਸੰਗੀਤਕ ਸਮਾਗਮ ਵਾਲੀ ਥਾਂ ਨੇੜਲੇ ਹੋਟਲ-ਜੂਆਖ਼ਾਨੇ ਮਾਂਡਲੇ ਬੇਅ ਦੀ 32ਵੀਂ ਮੰਜ਼ਲ ਤੋਂ ਗੋਲੀਆਂ ਚਲਾਈਆਂ। ਜਦੋਂ ਸਵੈਟ ਟੀਮ ਫਾਇਰਿੰਗ ਵਾਲੀ ਥਾਂ ‘ਤੇ ਪੁੱਜੀ ਤਾਂ ਹਮਲਾਵਰ ਮ੍ਰਿਤਕ ਪਾਇਆ ਗਿਆ। ਨੇਵਾਦਾ ਦੇ ਇਸ ਜੂਏਬਾਜ਼ੀ ਦੇ ਆਲਮੀ ਪੱਧਰ ਦੇ ਮਸ਼ਹੂਰ ਟਿਕਾਣੇ ਲਾਸ ਵੇਗਾਸ ਦੇ ਸ਼ੈਰਿਫ਼ ਜੋਸਫ ਲੌਂਬਾਰਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ”ਸਾਡਾ ਖ਼ਿਆਲ ਹੈ ਕਿ ਹਮਲਾਵਰ ਨੇ ਸਾਡੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਮਾਰ ਲਿਆ ਸੀ।” ਉਸ ਵੱਲੋਂ ਕਿਰਾਏ ਉਤੇ ਲਏ ਹੋਏ ਹੋਟਲ ਕਮਰੇ ਵਿੱਚੋਂ ਘੱਟੋ-ਘੱਟ ਅੱਠ ਰਾਇਫਲਾਂ ਬਰਾਮਦ ਹੋਈਆਂ ਹਨ। ਉਸ ਦੀ ਮਹਿਲਾ ਸਾਥਣ ਦੀ ਤਲਾਸ਼ ਕੀਤੀ ਜਾ ਰਹੀ ਹੈ।ਇਹ ਘਟਨਾ ਮੁਕਾਮੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਥੋੜ੍ਹਾ ਬਾਅਦ ਵਾਪਰੀ। ਮੌਕੇ ਦੀਆਂ ਮੋਬਾਈਲ ਫੋਨਾਂ ਉਤੇ ਬਣਾਈਆਂ ਗਈਆਂ ਵੀਡੀਓਜ਼ ਵਿੱਚ ਗੋਲੀਆਂ ਚੱਲਣ ‘ਤੇ ਚੀਕਾਂ ਮਾਰਦੇ ਲੋਕ ਇੱਧਰ-ਉੱਧਰ ਭੱਜਦੇ ਦਿਖਾਈ ਦੇ ਰਹੇ ਹਨ। ਲੌਂਬਾਰਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੇ ਅੰਦਾਜ਼ਿਆਂ ਮੁਤਾਬਕ ਘਟਨਾ ਵਿੱਚ ‘ਘੱਟੋ-ਘੱਟ 50 ਜਣੇ’ ਮਾਰੇ ਗਏ ਹਨ। ਬਾਅਦ ਵਿੱਚ ਪੁਲਿਸ ਨੇ ਇਕ ਬਿਆਨ ਵਿੱਚ ਹਸਪਤਾਲਾਂ ਵਿੱਚ ਲਿਆਂਦੇ ਗਏ ਜ਼ਖ਼ਮੀਆਂ ਦੀ ਗਿਣਤੀ 406 ਦੱਸੀ ਹੈ।ਪੁਲਿਸ ਨੇ ਦੱਸਿਆ ਕਿ ਲਾਸ ਵੇਗਾਸ ਤੋਂ ਕਰੀਬ 130 ਕਿਲੋਮੀਟਰ ਦੂਰ ਇਕ ਕਸਬੇ ਵਿੱਚ ਰਹਿਣ ਵਾਲੇ ਪੈਡੌਕ ਨੇ ਮਸ਼ਹੂਰ ਲਾਸ ਵੈਗਸ ਸਟ੍ਰਿਪ ਵਿੱਚ ਸਥਿਤ ਇਸ ਵਿਸ਼ਾਲ ਹੋਟਲ ਦੀ ਉੱਚੀ ਮੰਜ਼ਲ ਤੋਂ ਗੋਲੀਆਂ ਚਲਾਈਆਂ। ਹੋਟਲ ਨਜ਼ਦੀਕ ਹੋ ਰਹੇ ਸੰਗੀਤਕ ਸਮਾਗਮ ਵਿੱਚ ਹਜ਼ਾਰਾਂ ਲੋਕ ਸ਼ਾਮਲ ਸਨ।ਜੋ ਰੂਟ 91 ਵਜੋਂ ਜਾਣੇ ਜਾਂਦੇ ਮੁਲਕ ਦੇ ਤਿੰਨ-ਰੋਜ਼ਾ ਸੰਗੀਤਕ ਮੇਲੇ ਦਾ ਹਿੱਸਾ ਸੀ। ਹਮਲੇ ਸਮੇਂ ਦੇਸ਼ ਦਾ ਸਭ ਤੋਂ ਮਕਬੂਲ ਗਾਇਕ ਜੈਸਨ ਐਲਡੀਨ ਪ੍ਰੋਗਰਾਮ ਪੇਸ਼ ਕਰ ਰਿਹਾ ਸੀ, ਜਿਸ ਦਾ ਪ੍ਰੋਗਰਾਮ ਮੁੱਕਣ ਹੀ ਵਾਲਾ ਸੀ। ਗੋਲੀਆਂ ਦੀ ਪਹਿਲੀ ਬੁਛਾੜ ਦੀ ਆਵਾਜ਼ ‘ਤੇ ਤਾਂ ਐਲਡੀਨ ਨੇ ਗਾਉਣਾ ਜਾਰੀ ਰੱਖਿਆ, ਪਰ ਜਦੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਭਿਆਨਕ ਫਾਇਰਿੰਗ ਸੀ, ਤਾਂ ਉਹ ਵੀ ਸਟੇਜ ਛੱਡ ਕੇ ਬਚਾਅ ਲਈ ਭੱਜਣ ਵਾਸਤੇ ਮਜਬੂਰ ਹੋ ਗਿਆ। ਬਾਅਦ ਵਿੱਚ ਐਲਡੀਨ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਚਹੇਤਿਆਂ ਨੂੰ ਦੱਸਿਆ ਕਿ ਉਹ ਤੇ ਉਸ ਦੀ ਟੀਮ ਦੇ ਮੈਂਬਰ ਸੁਰੱਖਿਅਤ ਹਨ। ਉਸ ਨੇ ਘਟਨਾ ਦੇ ਸ਼ਿਕਾਰ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ‘ਭਿਆਨਕ ਤ੍ਰਾਸਦੀ’ ਬਾਰੇ ਅਮਰੀਕੀ ਸਦਰ ਡੋਨਲਡ ਟਰੰਪ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੀ ਤਰਜਮਾਨ ਸੇਰਾ ਸੈਂਡਰਜ਼ ਨੇ ਕਿਹਾ ਕਿ ਵ੍ਹਾਈਟ ਹਾਊਸ ਵੱਲੋਂ ਹਾਲਾਤ ਉਤੇ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਲਾਤ ਨਾਲ ਸਿੱਝਣ ਵਾਲੇ ਸੂਬਾਈ ਤੇ ਮੁਕਾਮੀ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਕ ਚਸ਼ਮਦੀਦ ਮੌਨੀਕ ਡੈਕਰਫ਼ ਨੇ ਦੱਸਿਆ, ”ਪਹਿਲਾਂ ਸਾਨੂੰ ਸ਼ੀਸ਼ਾ ਟੁੱਟਣ ਵਰਗੀ ਆਵਾਜ਼ ਆਈ ਤੇ ਅਸੀਂ ਆਲੇ-ਦੁਆਲੇ ਦੇਖਣ ਲੱਗੇ ਕਿ ਕੀ ਹੋ ਰਿਹਾ ਹੈ, ਫਿਰ ਸਾਨੂੰ ਤੜਾਕ-ਤੜਾਕ ਸੁਣਾਈ ਦਿੱਤਾ।”
ਇਸ ਤੋਂ ਪਹਿਲਾਂ ਫਾਇਰਿੰਗ ਦੀ ਵਾਪਰੀ ਅਜਿਹੀ ਭਿਆਨਕ ਘਟਨਾ ਦੌਰਾਨ ਜੂਨ 2016 ਵਿੱਚ ਫਲੋਰਿਡਾ ਸਥਿਤ ਓਰਲੈਂਡੋ ਦੇ ਪਲਸ ਨਾਈਟ ਕਲੱਬ ਵਿੱਚ 49 ਲੋਕ ਮਾਰੇ ਗਏ ਸਨ। ਇਸੇ ਦੌਰਾਨ ਲੰਘੇ ਮਈ ਮਹੀਨੇ ਵਿੱਚ ਮਾਨਚੈਸਟਰ ਵਿੱਚ ਇਕ ਸੰਗੀਤਕ ਸਮਾਗਮ ਉਤੇ ਹੋਏ ਹਮਲੇ ਵਿੱਚ ਉਦੋਂ 22 ਜਣੇ ਮਾਰੇ ਗਏ ਸਨ, ਜਦੋਂ ਇਕ ਖ਼ੁਦਕੁਸ਼ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਦਿੱਤਾ ਸੀ।

ਹਮਲਾ ਸ਼ੈਤਾਨੀ ਕਾਰਾ: ਟਰੰਪ
ਵਾਸ਼ਿੰਗਟਨ: ਅਮੀਰੀਕੀ ਸਦਰ ਡੋਨਲਡ ਟਰੰਪ ਨੇ ਕੌਮ ਦੇ ਨਾਂ ਆਪਣੇ ਸੰਬੋਧਨ ਵਿੱਚ ਇਸ ਘਟਨਾ ਨੂੰ ਸ਼ੈਤਾਨੀ ਕਾਰਾ ਕਰਾਰ ਦਿੰਦਿਆਂ ਦੇਸ਼ ਵਾਸੀਆਂ ਨੂੰ ਏਕਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ” ਇਕ ਗੰਨਮੈਨ ਨੇ ਸੰਗੀਤਕ ਸਮਾਗਮ ਵਿੱਚ ਗੋਲੀਆਂ ਚਲਾ ਕੇ 50 ਤੋਂ ਵੱਧ ਵਿਅਕਤੀਆਂ ਨੂੰ ਮਾਰ ਦਿੱਤਾ। ਇਹ ਸ਼ੈਤਾਨੀ ਕਾਰਾ ਸੀ।” ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਟਵੀਟ ਰਾਹੀਂ ਪੀੜਤਾਂ ਨਾਲ ‘ਹਮਦਰਦੀ’ ਜ਼ਾਹਰ ਕੀਤੀ।
ਕਤਲੇਆਮ ਦੇ ਸੋਗ ਵਜੋਂ ਮੰਗਲਵਾਰ ਨੂੰ ਅਮਰੀਕੀ ਝੰਡਾ ਵੀ ਅੱਧਾ ਝੁਕਿਆ ਰਿਹਾ। ਵਾੲ੍ਹੀਟ ਹਾਊਸ ‘ਚ ਰੋਸ਼ਨੀ ਨਹੀਂ ਹੋਈ।
ਫਰਾਂਸ ਦਾ ਆਈਫਲ ਟਾਵਰ, ਅਮਰੀਕਾ ਦੀ ਸਟੈਚੂ ਆਫ ਲਿਬਰਟੀ ਸਮੇਤ ਕਈ ਇਮਾਰਤਾਂ ‘ਚ ਰੋਸ਼ਨੀ ਨਹੀਂ ਕੀਤੀ।

ਕਤਲੇਆਮ ਦੀ ਆਈਐਸ ਨੇ ਲਈ ਜ਼ਿੰਮੇਵਾਰੀ
ਬੈਰੂਤ: ਅਮਰੀਕਾ ਦੇ ਲਾਸ ਵੇਗਾਸ ਕਤਲੇਆਮ ਦੀ ਜ਼ਿੰਮੇਵਾਰੀ ਅੱਤਵਾਦੀ ਗਰੁੱਪ ਇਸਲਾਮੀ ਸਟੇਟ (ਆਈਐਸ) ਨੇ ਲਈ ਹੈ। ਇਸ ਦੇ ਪ੍ਰਚਾਰ ਵਿੰਗ ਅਮਾਕ ਨੇ ਦਾਅਵਾ ਕੀਤਾ ਹੈ ਕਿ ਇਹ ਕਤਲੇਆਮ ਇਸ ਦੇ ਇਕ ‘ਸਿਪਾਹੀ’ ਨੇ ਕੀਤਾ ਹੈ, ਜਿਸ ਨੇ ‘ਕਈ ਮਹੀਨੇ ਪਹਿਲਾਂ ਇਸਲਾਮ ਕਬੂਲ’ ਕਰ ਲਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, ”ਲਾਸ ਵੇਗਾਸ ਹਮਲੇ ਨੂੰ ਅੰਜਾਮ ਦੇਣ ਵਾਲਾ ਇਸਲਾਮੀ ਸਟੇਟ ਦਾ ਇਕ ਸਿਪਾਹੀ ਹੈ, ਜਿਸ ਨੇ ਹਦਾਇਤਾਂ ਮੁਤਾਬਕ ਅਜਿਹਾ ਕੀਤਾ ਹੈ।”
ਹੋਟਲ ਵਿਚ ਹਮਲਾਵਰ ਦੇ ਕਮਰੇ ਵਿਚ ਸੀ 23 ਹਥਿਆਰਾਂ ਦਾ ਜਖੀਰਾ, ਅਸਲੇ ਵਿਚ ਇਕ ਮਿੰਟ ਵਿਚ 800 ਰਾਊਂਡ ਦਾਗਣ ਵਾਲੀਆਂ ਕਈ ਆਟੋਮੈਟਿਕ ਰਾਈਫਲਾਂ
ਲਾਸ ਵੇਗਾਸ : ਲਾਸ ਵੇਗਾ ਕਤਲੇਆਮ ਦੇ ਹਤਿਆਰੇ ਸਟੀਫਨ ਪੈਡਾਕ ਦੇ ਹੋਟਲ ਦੇ ਕਮਰੇ ‘ਚ ਹਥਿਆਰਾਂ ਦਾ ਜ਼ਖੀਰਾ ਮਿਲਿਆ ਹੈ। ਇਸ ‘ਚ 23 ਹਥਿਆਰ ਹਨ। ਇਨ੍ਹਾਂ ‘ਚ ਕਈ ਆਟੋਮੈਟਿਕ ਰਾਈਫਲਾਂ ਨਾਲ ਇਕ ਮਿੰਟ ‘ਚ 800 ਰਾਊਂਡ ਫਾਇਰ ਕੀਤੇ ਜਾ ਸਕਦੇ ਹਨ। ਇਨ੍ਹਾਂ ‘ਚ ਚਾਰ ਡੀਡੀਐਮ4, ਇਕ ਕਾਲਟ ਏਆਰ, ਤਿੰਨ ਐਫ-15, ਇਕ ਆਟੋਮੈਟਿਕ ਰਾਈਫਲ ਵੀ ਹੈ। ਇਸ ਦਾ ਇਸਤੇਮਾਲ ਫੌਜ ਕਰਦੀ ਹੈ। ਉਸ ਦੇ ਘਰ ਤੋਂ ਵੀ 19 ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਸਟੀਫਨ ਨੇ ਕਤਲੇਆਮ ਤੋਂ ਬਾਅਦ ਸੁਸਾਈਡ ਕਰ ਲਿਆ ਹੈ। ਜਾਂਚ ਟੀਮ ਅਜੇ ਤੱਕ ਕਤਲੇਆਮ ਦੀ ਵਜ੍ਹਾ ਦਾ ਪਤਾ ਨਹੀਂ ਲਗਾ ਸਕੀ। ਹਮਲਾਵਰ ਦੇ ਅੱਤਵਾਦੀ ਸੰਗਠਨ ਆਈਏਐਸ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਸ਼ੁਰੂਆਤੀ ਜਾਂਚ ‘ਚ ਮੰਨਿਆ ਜਾ ਰਿਹਾ ਹੈ ਕਿ ਸਟੀਫਨ ਹਥਿਆਰਾਂ ਦਾ ਸਮਗਲਰ ਸੀ।
13 ਕਰੋੜ ਰੁਪਏ ਦੀ ਸੰਪਤੀ ਦਾ ਮਾਲਿਕ ਸੀ ਸਟੀਫਨ, 27 ਟਿਕਾਣੇ ਸਨ
ਪਾਇਲਟ ਰਹੇ ਸਟੀਫਨ ਦੇ ਕੋਲ 13 ਕਰੋੜ ਦੀ ਸੰਪਤੀ ਸੀ। ਉਸ ਨੇ ਨੇਵਾਦਾ, ਫਲੋਰੀਡਾ ਅਤੇ ਟੈਕਸਾਸ ‘ਚ 27 ਟਿਕਾਣੇ ਬਣਾ ਰੱਖੇ ਹਨ।
226 ਸਾਲ ਪਹਿਲਾਂ ਮਿਲਿਆ ਸੀ ਗੰਨ ਦਾ ਅਧਿਕਾਰ :
ਅਮਰੀਕਾ ‘ਚ ਨਾਗਰਿਕਾਂ ਨੂੰ ਗੰਨ ਰੱਖਣ ਦਾ ਅਧਿਕਾਰ 226 ਸਾਲ ਪਹਿਲਾਂ 1791 ‘ਚ ਮਿਲਿਆ ਸੀ। ਉਸ ਨੂੰ ਅਮਰੀਕੀ ਕਾਂਗਰਸ ਨ ਪਾਸ ਕੀਤਾ ਸੀ।
15 ਰਾਜਾਂ ‘ਚ ਹੀ ਲਾਇਸੰਸ ਦੀ ਜ਼ਰੂਰਤ :
3 ਰਾਜਾਂ ‘ਚ ਹੀ ਖੁੱਲ੍ਹੇਆਮ ਹਥਿਆਰ ਲੈ ਕੇ ਜਾਣ ‘ਤੇ ਰੋਕ ਹੈ। 31 ਰਾਜਾਂ ‘ਚ ਕਿਤੇ ਵੀ ਹਥਿਆਰ ਲੈ ਕੇ ਜਾ ਸਕਦੇ ਹੋ। ਸਿਰਫ਼ 15 ਰਾਜਾਂ ‘ਚ ਹੀ ਹਥਿਆਰਾਂ ਲਈ ਲਾਇਸੰਸ ਦੀ ਜ਼ਰੂਰਤ ਹੈ।
ਹਰ ਸਾਲ ਜ਼ਖਮੀਆਂ ਦੇ ਇਲਾਜ ‘ਤੇ 18 ਹਜ਼ਾਰ ਕਰੋੜ ਰੁਪਏ ਖਰਚ :
ਗੋਲੀਬਾਰੀ ਨਾਲ ਹੋਏ ਜ਼ਖਮੀਆਂ ਦੇ ਇਲਾਜ ‘ਤੇ ਅਮਰੀਕਾ ਹਰ ਸਾਲ 18 ਹਜ਼ਾਰ ਕਰੋੜ ਰੁਪਏ ਖਰਚ ਕੀਤਾ ਹੈ। ਇਹ ਗੰਨ ਇੰਡਸਟਰੀ ਦੀ ਸਲਾਨਾ ਕਮਾਈ ਦਾ 5ਵਾਂ ਹਿੱਸਾ ਹੈ।

 

Check Also

ਭ੍ਰਿਸ਼ਟਾਚਾਰ ਦੇ ਕੇਸ ‘ਚ ਨਵਾਜ਼ ਸ਼ਰੀਫ ਨੂੰ ਰਾਹਤ, ਸਜ਼ਾ ‘ਤੇ ਲੱਗੀ ਰੋਕੀ

ਇਸਲਾਮਾਬਾਦ : ਇਕ ਪਾਕਿਸਤਾਨੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਤੇ …