Breaking News
Home / ਪੰਜਾਬ / ਕੋਈ ਬਣਦੈ ਰਾਮ ਤੇ ਕੋਈ ਰਾਵਣ ਦੇ ਕਿਰਦਾਰ ‘ਚ ਨਿਭਦੈ

ਕੋਈ ਬਣਦੈ ਰਾਮ ਤੇ ਕੋਈ ਰਾਵਣ ਦੇ ਕਿਰਦਾਰ ‘ਚ ਨਿਭਦੈ

ਸਿਆਸਤਦਾਨਾਂ ਨੂੰ ਰਾਮ ਲੀਲ੍ਹਾ ਨਾਲ ਹੈ ਮੋਹ
ਗੁਰਦਾਸਪੁਰ : ਧਰਮ ਤੇ ਰਾਜਨੀਤੀ ਦਾ ਸ਼ੁਰੂ ਤੋਂ ਸਬੰਧ ਰਿਹਾ ਹੈ। ਪਠਾਨਕੋਟ ਨਿਵਾਸੀ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਅਸ਼ੋਕ ਵਰਮਾ ਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਜਿਹੇ ਸਿਆਸਤਦਾਨ ਹਨ, ਜਿਹੜੇ ਰਾਮ ਲੀਲ੍ਹਾ ਦੇ ਮੰਚਨ ਦਾ ਵੀ ਸ਼ੌਕ ਰੱਖਦੇ ਹਨ। ਦੁਸਹਿਰੇ ਤੋਂ ਪਹਿਲਾਂ ਇਨ੍ਹੀਂ ਦੇਸ਼ ਭਰ ਵਿਚ ਹੋ ਰਹੇ ਰਾਮ ਲੀਲ੍ਹਾ ਦੇ ਮੰਚਨ ਮੌਕੇ ਪੰਜਾਬ ਦੇ ਇਨ੍ਹਾਂ ਤਿੰਨ ਪ੍ਰਮੁੱਖ ਨੇਤਾਵਾਂ ਦੇ ਨਾਂ ਮੁੜ ਚਰਚਾ ਵਿਚ ਹਨ। ਮਾਸਟਰ ਮੋਹਨ ਲਾਲ ਤਿੰਨ ਵਾਰ 1985, 1997 ਅਤੇ 2007 ਵਿਚ ਭਾਜਪਾ ਦੀ ਟਿਕਟ ‘ਤੇ ਪਠਾਨਕੋਟ ਦੇ ਵਿਧਾਇਕ ਚੁਣੇ ਗਏ। 2007 ਵਿਚ ਉਨ੍ਹਾਂ ਨੂੰ ਪੰਜਾਬ ਦਾ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਮਾਸਟਰ ਮੋਹਨ ਲਾਲ 1966 ਤੋਂ ਲਗਾਤਾਰ ਰਾਮਾ ਡਰਾਮਾਟਿਕ ਕਲੱਬ ਕਾਲੀ ਮਾਤਾ ਮੰਦਰ ਵਲੋਂ ਕਰਵਾਈ ਜਾਂਦੀ ਰਾਮ ਲੀਲ੍ਹਾ ਨਾਲ ਜੁੜੇ ਹੋਏ ਹਨ। ਉਹ ਇਕ ਵਧੀਆ ਅਦਾਕਾਰ ਹਨ ਅਤੇ ਰਾਮ ਲੀਲ੍ਹਾ ਵਿਚ ਉਨ੍ਹਾਂ ਨੇ ਮੇਘਨਾਥ, ਜਨਕ ਅਤੇ ਰਾਵਣ ਦੀ ਭੂਮਿਕਾ ਨਿਭਾਈ। ਇਸੇ ਤਰ੍ਹਾਂ ਪਠਾਨਕੋਟ ਤੋਂ 2002-2007 ਤੱਕ ਕਾਂਗਰਸ ਦੇ ਵਿਧਾਇਕ ਰਹੇ ਐਡਵੋਕੇਟ ਅਸ਼ੋਕ ਸ਼ਰਮਾ ਦੀ ਰਾਮ ਲੀਲ੍ਹਾ ਪ੍ਰਤੀ ਸ਼ਰਧਾ ਨੂੰ ਸਭ ਜਾਣਦੇ ਹਨ। ਅਸ਼ੋਕ ਸ਼ਰਮਾ 1965 ਤੋਂ ਕ੍ਰਿਸ਼ਨਾ ਨਾਟਕ ਕਲੱਬ ਪਠਾਨਕੋਟ ਨਾਲ ਜੁੜੇ ਹੋਏ ਹਨ। ਉਹ ਲਗਾਤਾਰ ਕਈ ਸਾਲ ਭਗਵਾਨ ਰਾਮ ਦੀ ਭੂਮਿਕਾ ਵਿਚ ਨਜ਼ਰ ਆਉਂਦੇ ਰਹੇ। ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਰਾਮ ਲੀਲ੍ਹਾ ਦੇ ਆਪਣੇ ਮੋਹ ਨੂੰ ਨਹੀਂ ਤਿਆਗਿਆ।
ਜ਼ਿਕਰਯੋਗ ਤੇ ਦਿਲਚਸਪ ਤੱਥ ਇਹ ਹੈ ਕਿ ਵਿਰੋਧੀ ਪਾਰਟੀਆਂ ਵਿਚ ਹੋਣ ਕਾਰਨ ਮਾਸਟਰ ਮੋਹਨ ਲਾਲ ਤੇ ਅਸ਼ੋਕ ਸ਼ਰਮਾ ਕਈ ਵਾਰ ਵਿਧਾਇਕ ਦੀ ਚੋਣ ਵਾਸਤੇ ਇਕ ਦੂਜੇ ਦੇ ਆਹਮੋ-ਸਾਹਮਣੇ ਵੀ ਹੋਏ ਉਸ ਸਮੇਂ ਇਹ ਜੁਮਲੇ ਵੀ ਚੱਲਦੇ ਸਨ ਕਿ ਰਾਵਣ ਤੇ ਰਾਮ ਦੀ ਟੱਕਰ ਹੋ ਰਹੀ ਹੈ।
ਉਕਤ ਦੋਵਾਂ ਨੇਤਾਵਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਕੱਲ੍ਹ ਦਿੱਲੀ ਵਿਖੇ ਲਾਲ ਕਿਲ੍ਹਾ ਮੈਦਾਨ ਵਿਚ ਚੱਲ ਰਹੀ ਰਾਮ ਲੀਲ੍ਹਾ ਵਿਚ ਨਿਸ਼ਾਦਰਾਜ ਦਾ ਕਿਰਦਾਰ ਅਦਾ ਕੀਤਾ। ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਕੇਂਦਰੀ ਮੰਤਰੀ ਨੇ ਰਾਮ ਲੀਲ੍ਹਾ ਵਿਚ ਰੋਲ ਨਿਭਾਇਆ ਹੈ।

Check Also

ਫਿਰੋਜ਼ਪੁਰ ‘ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਹੋਏ ਖੋਖਲੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ-ਦਿਨ …