Breaking News
Home / ਪੰਜਾਬ / ਰਮਨਜੀਤ ਸਿੱਕੀ ਖਿਲਾਫ ਡਟੀ ‘ਆਪ’

ਰਮਨਜੀਤ ਸਿੱਕੀ ਖਿਲਾਫ ਡਟੀ ‘ਆਪ’

ਜਲੰਧਰ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਘੁੱਗਸ਼ੋਰ ਦੀ ਪੰਜ ਏਕੜ ਜ਼ਮੀਨ ‘ਤੇ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਵੱਲੋਂ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ੇ ਅਤੇ ਉਸ ਦੀ ਦੁੱਧ ਫੈਕਟਰੀ ਵੱਲੋਂ ਪੰਚਾਇਤੀ ਜ਼ਮੀਨ ਵਿਚ ਪਾਏ ਜਾ ਰਹੇ ਜ਼ਹਿਰੀਲੇ ਪਾਣੀਆਂ ਸਬੰਧੀ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਦੀ ਦੁੱਧ ਫੈਕਟਰੀ ਵੱਲੋਂ ਸ਼ਰ੍ਹੇਆਮ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੀ ਸ਼ਿਕਾਇਤ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਸੇ ਜ਼ਮੀਨ ਵਿੱਚੋਂ ਨਾਜਾਇਜ਼ ਤੌਰ ‘ਤੇ ਮਿੱਟੀ ਪੁੱਟੀ ਗਈ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਜਿਵੇਂ ਰਾਣਾ ਗੁਰਜੀਤ ਸਿੰਘ ਨੂੰ ਬਚਾਇਆ ਹੈ, ਉਸੇ ਤਰ੍ਹਾਂ ਰਮਨਜੀਤ ਸਿੰਘ ਸਿੱਕੀ ਨੂੰ ਵੀ ਬਚਾ ਲੈਣਗੇ। ਸੁਖਪਾਲ ਸਿੰਘ ਖਹਿਰਾ ਨੇ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਦੱਸਿਆ ਕਿ ਵਿਧਾਇਕ ਸਿੱਕੀ ਦੇ ਪਿਤਾ ਮਰਹੂਮ ਕਪੂਰ ਸਿੰਘ ਗ੍ਰਾਮ ਪੰਚਾਇਤ ਘੁੱਗ ਦੀ ਹਦਬਸਤ ਨੰਬਰ 385 ਦੇ ਖਤੋਨੀ ਨੰਬਰ 187 ਵਿੱਚ ਗੈਰਕਾਨੂੰਨੀ ਕਾਬਜ਼ ਹਨ। ਉਨ੍ਹਾਂ ਕਿਹਾ ਕਿ 1948 ਦੇ ਐਕਟ ਵਿੱਚ ਕੀਤੀ ਗਈ ਸੋਧ ਅਨੁਸਾਰ ਅਜਿਹੀ ਕਿਸੇ ਵੀ ਜ਼ਮੀਨ ਨੂੰ ਨਾ ਤਾਂ ਵੰਡਿਆ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੈ।
ਇਹ ਨੋਟੀਫਿਕੇਸ਼ਨ ਗ੍ਰਾਮ ਪੰਚਾਇਤ ਦੇ ਜ਼ਮੀਨੀ ਰਿਕਾਰਡ ਦੇ ਕਥਨ ਕਾਲਮ 8 ਵਿੱਚ ਦਰਜ ਵੀ ਹੈ। ਉਨ੍ਹਾਂ ਨੇ ਪਿੰਡ ਦੇ ਕੁਝ ਲੋਕਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ, ਜਿਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਵੀ ਹਾਜ਼ਰ ਸਨ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਪੰਚਾਇਤੀ ਜ਼ਮੀਨ ਦੇ ਕੇਸ ਵਿੱਚ ਪਿੰਡ ਦੇ ਲੋਕਾਂ ਦੀ ਮੱਦਦ ਕਰੇਗੀ ਅਤੇ ਇਸ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲੜੇਗੀ।
ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਲੋਕਾਂ ਨੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਜਲੰਧਰ, ਡੀ.ਡੀ.ਪੀ.ਓ. ਅਤੇ ਬੀ.ਡੀ.ਪੀ.ਓ. ਸਮੇਤ ਕਈ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ ਪਰ ਕਾਂਗਰਸੀ ਵਿਧਾਇਕ ਅਤੇ ਉਸ ਦੇ ਪਰਿਵਾਰ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਵਿਧਾਇਕ ਦੀਆਂ ਆਪ-ਹੁਦਰੀਆਂ ਰੋਕਣ ਲਈ ਸਖ਼ਤ ਕਾਰਵਾਈ ਕਰਨ। ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਰਮਨਜੀਤ ਸਿੱਕੀ ਦੇ ਮਿਲਕ ਪਲਾਂਟ ਵਿਰੁੱਧ ਧਰਨਾ ਦਿੱਤਾ ਜਾਵੇਗਾ।

Check Also

ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਨੂੰ ਦੱਸਿਆ ਚੰਗਾ ਇਨਸਾਨ

ਕਿਹਾ – ਛੇਤੀ ਸੰਭਾਲਣਗੇ ਬਿਜਲੀ ਵਿਭਾਗ ਦਾ ਕਾਰਜਭਾਰ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੇ ਖਿਲਾਫ …