Home / Special Story / ਡੇਰਾਵਾਦ ਸਿਆਸੀ ਪਾਰਟੀਆਂ ਲਈ ਵੋਟਾਂ ਦਾ ਸੌਖਾ ਸਾਧਨ

ਡੇਰਾਵਾਦ ਸਿਆਸੀ ਪਾਰਟੀਆਂ ਲਈ ਵੋਟਾਂ ਦਾ ਸੌਖਾ ਸਾਧਨ

ਡੇਰੇ ਅਸਲ ਵਿੱਚ ਮੱਠਾਂ, ਧਰਮਾਂ ਦੀਆਂ ਮਰਿਯਾਦਾਵਾਂ ਅਤੇ ਇੱਕੋ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਵਿਕਲਪ ਵਜੋਂ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚ ਧਰਮ, ਜਾਤ, ਅਮੀਰ-ਗਰੀਬ, ਖੇਤਰ, ਭਾਸ਼ਾ ਸਬੰਧੀ ਉਦਾਰ ਰੁਖ਼ ਅਪਣਾਇਆ ਜਾਂਦਾ ਹੈ। ਇਸ ਲਈ ਵੱਖ-ਵੱਖ ਵੰਨਗੀਆਂ ਦੇ ਲੋਕ ਇਨ੍ਹਾਂ ਡੇਰਿਆਂ ਨਾਲ ਸਮਾਜਿਕ ਤੌਰ ਉੱਤੇ ਜੁੜਦੇ ਹਨ ਅਤੇ ਮਨੋਵਿਗਿਆਨਕ ਰਾਹਤ ਮਹਿਸੂਸ ਕਰਦੇ ਸਨ। ਜਿਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧ ਜਾਂਦੀ ਹੈ, ਉਹ ਮੱਠਾਂ ਦੀ ਤਰ੍ਹਾਂ ਕੋਈ ਨਾਮ ਦਾਨ, ਵਿਸ਼ੇਸ਼ ਡਰੈੱਸ, ਲਾਕਟ ਆਦਿ ਰਾਹੀਂ ਸੰਗਠਿਤ ਸੰਸਥਾਵਾਂ ਦਾ ਰੂਪ ਧਾਰਨ ਲੱਗ ਜਾਂਦੇ ਹਨ। ਪੈਸੇ ਤੇ ਤਾਕਤ ਸਹਾਰੇ ਬਾਬੇ ਸਿਆਸੀ ਪਾਰਟੀਆਂ ਦੇ ਹਿੱਤਾਂ ਨੂੰ ਪੂਰਨ ਦਾ ਆਧਾਰ ਵੀ ਤਿਆਰ ਕਰਦੇ ਹਨ। ਸਿਆਸਤਦਾਨਾਂ ਲਈ ਕਿਸੇ ਕੇਸ ਵਿੱਚ ਫਸ ਚੁੱਕੇ ਜਾਂ ਫਸਾਏ ਜਾ ਸਕਣ ਵਾਲੇ ਬਾਬੇ ਨੂੰ ਵੋਟਾਂ ਲਈ ਵਰਤਣਾ ਲੋਕਾਂ ਨਾਲ ਵਾਅਦੇ ਵਫ਼ਾ ਨਾ ਕਰ ਸਕਣ ਦੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਜ਼ਿਆਦਾ ਆਸਾਨ ਹੈ।
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਦੇ ਮਾਮਲੇ ਅਤੇ ਇਸ ਨਾਲ ਸਿੱਝਣ ਦੀ ਸਿਆਸੀ ‘ਬੇਰੁਚੀ’ ਨੇ ਡੇਰਾਵਾਦ ਦੇ ਫੈਲਾਅ ਕਾਰਨ ਪੈਦਾ ਹੋਏ ਟਕਰਾਅ ਵੱਲ ਧਿਆਨ ਖਿੱਚਿਆ ਹੈ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਰੌਣਕੀ ਰਾਮ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਛੋਟੇ-ਵੱਡੇ ਲਗਪਗ 9000 ਡੇਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਡੇਰੇ ਅਸਲ ਵਿੱਚ ਮੱਠਾਂ, ਧਰਮਾਂ ਦੀਆਂ ਮਰਿਯਾਦਾਵਾਂ ਅਤੇ ਇੱਕੋ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਲੀਆਂ ਸੰਸਥਾਵਾਂ ਦੇ ਵਿਕਲਪ ਵਜੋਂ ਹੋਂਦ ਵਿੱਚ ਆਉਂਦੇ ਹਨ। ਇਨ੍ਹਾਂ ਵਿੱਚ ਧਰਮ, ਜਾਤ, ਅਮੀਰ-ਗਰੀਬ, ਖੇਤਰ, ਭਾਸ਼ਾ ਸਬੰਧੀ ਉਦਾਰ ਰੁਖ਼ ਅਪਣਾਇਆ ਜਾਂਦਾ ਹੈ। ਇਸ ਲਈ ਵੱਖ-ਵੱਖ ਵੰਨਗੀਆਂ ਦੇ ਲੋਕ ਇਨ੍ਹਾਂ ਡੇਰਿਆਂ ਨਾਲ ਸਮਾਜਿਕ ਤੌਰ ਉੱਤੇ ਜੁੜਦੇ ਹਨ ਅਤੇ ਮਨੋਵਿਗਿਆਨਕ ਰਾਹਤ ਮਹਿਸੂਸ ਕਰਦੇ ਸਨ। ਜਿਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧ ਜਾਂਦੀ ਹੈ, ਉਹ ਮੱਠਾਂ ਦੀ ਤਰ੍ਹਾਂ ਕੋਈ ਨਾਮ ਦਾਨ, ਵਿਸ਼ੇਸ਼ ਡਰੈੱਸ, ਲਾਕਟ ਆਦਿ ਰਾਹੀਂ ਸੰਗਠਿਤ ਸੰਸਥਾਵਾਂ ਦਾ ਰੂਪ ਧਾਰਨ ਲੱਗ ਜਾਂਦੇ ਹਨ। ਪੈਸੇ ਤੇ ਤਾਕਤ ਸਹਾਰੇ ਬਾਬੇ ਸਿਆਸੀ ਪਾਰਟੀਆਂ ਦੇ ਹਿੱਤਾਂ ਨੂੰ ਪੂਰਨ ਦਾ ਆਧਾਰ ਵੀ ਤਿਆਰ ਕਰਦੇ ਹਨ। ਸਿਆਸਤਦਾਨਾਂ ਲਈ ਕਿਸੇ ਕੇਸ ਵਿੱਚ ਫਸ ਚੁੱਕੇ ਜਾਂ ਫਸਾਏ ਜਾ ਸਕਣ ਵਾਲੇ ਬਾਬੇ ਨੂੰ ਵੋਟਾਂ ਲਈ ਵਰਤਣਾ ਲੋਕਾਂ ਨਾਲ ਵਾਅਦੇ ਵਫ਼ਾ ਨਾ ਕਰ ਸਕਣ ਦੇ ਸਵਾਲਾਂ ਦੇ ਜਵਾਬ ਦੇਣ ਨਾਲੋਂ ਜ਼ਿਆਦਾ ਆਸਾਨ ਹੈ।
ਪੰਜਾਬ ਵਿੱਚ ਡੇਰਿਆਂ ਦਾ ਟਕਰਾਅ ਮੁੱਖ ਤੌਰ ਉੱਤੇ ਸਿੱਖਾਂ ਜਾਂ ਜਾਤ ਦੇ ਆਧਾਰ ਉੱਤੇ ਹੁੰਦਾ ਆਇਆ ਹੈ। 1978 ਵਿੱਚ ਨਿਰੰਕਾਰੀ-ਸਿੱਖ ਖ਼ੂਨੀ ਝੜਪ ਵਿੱਚ 13 ਸਿੱਖ ਮਾਰੇ ਗਏ। ਇਹ ਟਕਰਾਅ ਸਥਾਈ ਰੂਪ ਲੈ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਹੈ। 2001 ਵਿੱਚ ਪਿਆਰਾ ਸਿੰਘ ਭਨਿਆਰਾਂ ਵਾਲਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜਨ ਤੋਂ ਬਾਅਦ ਪੈਦਾ ਹੋਇਆ ਟਕਰਾਅ ਵੀ ਗੰਭੀਰ ਰੂਪ ਧਾਰ ਗਿਆ ਸੀ। ਜਲੰਧਰ ਨੇੜਲੇ ਪਿੰਡ ਤੱਲ੍ਹਣ ਵਿੱਚ 2003 ਦਾ ਖ਼ੂਨੀ ਟਕਰਾਅ ਦਲਿਤਾਂ ਨੂੰ ਧਾਰਮਿਕ ਸਥਾਨ ਦੇ ਪ੍ਰਬੰਧ ਵਿੱਚ ਹਿੱਸੇਦਾਰੀ ਨਾ ਦੇਣ ਦਾ ਨਤੀਜਾ ਸੀ।
ਡੇਰਾ ਸੱਚਾ ਸੌਦਾ ਨੇ ਪਹਿਲਾਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਮਦਦ ਕੀਤੀ। ਡੇਰੇ ਦੇ ਸਮਰਥਨ ਅਤੇ ਕਈ ਹੋਰ ਕਾਰਨਾਂ ਕਰ ਕੇ ਅਕਾਲੀ ਦਲ ਦਾ ਆਪਣੇ ਗੜ੍ਹ ਮਾਲਵਾ ਵਿੱਚੋਂ ਸਫ਼ਾਇਆ ਹੋ ਗਿਆ ਸੀ। ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਤੋਂ ਪੈਦਾ ਹੋਏ ਵਿਵਾਦ ਦਾ ਲਾਹਾ ਲੈਂਦਿਆਂ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰੇਮੀਆਂ ਖ਼ਿਲਾਫ਼ ਖੂਬ ਗੁੱਸਾ ਕੱਢਿਆ ਗਿਆ। ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਹੀ ਅਕਾਲੀ ਦਲ ਦੀ ਡੇਰੇ ਨਾਲ ਅੰਦਰੋਂ ਅੰਦਰੀਂ ਖਿਚੜੀ ਪੱਕਣ ਕਾਰਨ ਡੇਰਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦੀ ਕੋਸ਼ਿਸ਼ ਹੋਈ, ਜੋ ਸਿੱਖਾਂ ਦੇ ਵਿਆਪਕ ਵਿਰੋਧ ਕਾਰਨ ਸਿਰੇ ਨਹੀਂ ਚੜ੍ਹ ਸਕੀ। ਬਲਾਤਕਾਰ ਵਰਗੇ ਸੰਗੀਨ ਕੇਸਾਂ ਵਿੱਚ ਫਸਿਆ ਡੇਰਾ ਮੁਖੀ ਸੀਬੀਆਈ ਦੇ ਸ਼ਿਕੰਜੇ ਵਿੱਚੋਂ ਨਿਕਲਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ।
ਆਸਟਰੀਆ ਦੇ ਸ਼ਹਿਰ ਵੀਏਨਾ ਦੇ ਰਵਿਦਾਸ ਮੰਦਿਰ ਵਿੱਚ ਹੋਏ ਹਮਲੇ ਦੌਰਾਨ ਡੇਰਾ ਬੱਲਾਂ ਦੇ ਉਪ ਮੁਖੀ ਰਾਮਾਨੰਦ ਦੀ ਹੱਤਿਆ ਅਤੇ ਮੁਖੀ ਸੰਤ ਨਿਰੰਜਨ ਦਾਸ ਦੇ ਜ਼ਖ਼ਮੀ ਹੋਣ ਤੋਂ ਸਿੱਖਾਂ ਅਤੇ ਦਲਿਤਾਂ ਦਰਮਿਆਨ ਟਕਰਾਅ ਪੈਦਾ ਹੋ ਗਿਆ। ਜਲੰਧਰ ਵਿੱਚ ਭੜਕੇ ਸ਼ਰਧਾਲੂਆਂ ਵੱਲੋਂ ਰੇਲਾਂ ਅਤੇ ਹੋਰ ਬਹੁਤ ਸਾਰੇ ਵਾਹਨ ਅੱਗ ਦੀ ਭੇਂਟ ਕਰ ਦਿੱਤੇ ਗਏ। ਮਈ 2016 ਵਿੱਚ ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਉੱਤੇ ਕੀਤੇ ਹਮਲੇ ਨੇ ਸਿੱਖ ਸੰਤਾਂ ਦੇ ਅੰਦਰੂਨੀ ਟਕਰਾਅ ਨੂੰ ਖ਼ਤਰਨਾਕ ਹੱਦ ਤੱਕ ਵਧਾ ਦਿੱਤਾ। ਅਜੇ ਤੱਕ ਵੀ ਇਹ ਕਸ਼ਮਕਸ਼ ਜਾਰੀ ਹੈ। ਵਿਦੇਸ਼ਾਂ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਅਤੇ ਟਕਸਾਲੀ ਸਿੰਘਾਂ ਦਰਮਿਆਨ ਟਕਰਾਅ ਦੀਆਂ ਖ਼ਬਰਾਂ ਹਾਲ ਹੀ ਵਿੱਚ ਛਪਦੀਆਂ ਰਹੀਆਂ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਡੇਰਾ ਪ੍ਰੇਮੀਆਂ ਨੂੰ ਸਿੱਖ ਪੰਥ ਵਿੱਚ ਵਾਪਸੀ ਦਾ ਸੱਦਾ ਦਿੱਤਾ ਹੈ। ਇਸ ਉਤੇ ਕਈ ਸਿੱਖ ਜਥੇਬੰਦੀਆਂ ਨੇ ਹੀ ਸੁਆਲ ਉਠਾਏ ਹਨ ਕਿ ਜਿਸ ਕਾਰਨ ਬਹੁਤੇ ਗਰੀਬ ਸਿੱਖ ਡੇਰਿਆਂ ਵੱਲ ਪ੍ਰੇਰਿਤ ਹੋਏ ਹਨ, ਕੀ ਉਹ ਕਾਰਨ ਪੰਥ ਨੇ ਦੂਰ ਕਰ ਲਏ ਹਨ? ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ ਕਿ ਡੇਰੇ ਸਮਾਜ ਅਤੇ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤੇ ਗਰੀਬ, ਦਲਿਤ ਅਤੇ ਹੋਰ ਲੋਕਾਂ ਨੂੰ ਸਮਾਜਿਕ ਤੇ ਸਿਆਸੀ ਪਛਾਣ ਦੇਣ, ਭਾਈਚਾਰਕ ਗਰੁੱਪ ਵਜੋਂ ਮਾਨਤਾ ਦੇਣ ਅਤੇ ਆਪਣੇ ਬੱਚਿਆਂ ਦੀਆਂ ਪੜ੍ਹਾਈ, ਸਿਹਤ ਆਦਿ ਲੋੜਾਂ ਪੂਰੀਆਂ ਕਾਰਨ ਦੀ ਜਗ੍ਹਾ ਮੁਹੱਈਆ ਕਰਵਾਉਣ ਦਾ ਅਹਿਸਾਸ ਦਿਵਾਉਂਦੇ ਹਨ।
ਡੇਰਿਆਂ ਨੂੰ ਨਿਯਮਿਤ ਕਰਨ ਦੀ ਲੋੜ: ਗਰਗ
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਡਾ. ਪੀ.ਐਲ. ਗਰਗ ਨੇ ਕਿਹਾ ਕਿ ਡੇਰੇ ਅਤੇ ਹੋਰ ਅਜਿਹੀਆਂ ਸੰਸਥਾਵਾਂ ਲੋਕਾਂ ਦੀ ਸਮਾਜਿਕ, ਸੱਭਿਆਚਾਰਕ ਅਤੇ ਮਨੋਵਿਗਿਆਨਕ ਲੋੜ ਕਾਰਨ ਖ਼ਤਮ ਨਹੀਂ ਹੋ ਸਕਦੀਆਂ। ਇਨ੍ਹਾਂ ਨੂੰ ਨਿਯਮਤ ਕਰ ਕੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਰਾਮ ਰਹੀਮ ਦੇ ਗੁਰੂ ਸ਼ਾਹ ਸਤਨਾਮ ਮਹਾਰਾਜ ਦਾ ਪਰਿਵਾਰ ਚਕਾਚੌਂਧ ਤੋਂ ਦੂਰ ਜੀਅ ਰਿਹਾ ਹੈ ਸਾਧਾਰਨ ਜ਼ਿੰਦਗੀ
2002 ਤੋਂ ਨਹੀਂ ਗਏ ਡੇਰੇ ਪਰ, ਇਸ ਸਾਲ ਡੇਰਾਮੁਖੀ ‘ਤੇ ਲੱਗਿਆ ਬਲਾਤਕਾਰ ਦਾ ਦੋਸ਼
ਸਿਰਸਾ : ਸ਼ਾਹੀ ਜ਼ਿੰਦਗੀ ਜੀਣ ਵਾਲੇ ਗੁਰਮੀਤ ਰਾਮ ਰਹੀਮ ਦੇ ਗੁਰੂ ਰਹੇ ਦੂਸਰੀ ਪਾਤਸ਼ਾਹੀ ਦੇ ਗੱਦੀਨਸ਼ੀਨ ਸ਼ਾਹ ਸਤਨਾਮ ਸਿੰਘ ਮਹਾਰਾਜਾ ਦਾ ਪਰਿਵਾਰ ਅੱਜ ਵੀ ਚਕਾਚੌਂਧ ਤੋਂ ਦੂਰ ਹੈ। ਸਿਰਸਾ ਜ਼ਿਲ੍ਹਾ ਡੇਰੇ ਤੋਂ ਲਗਭਗ 40 ਕਿਲੋਮੀਟਰ ਦੂਰ ਪਿੰਡ ਜਲਾਲਆਣਾ ‘ਚ ਇਨ੍ਹਾਂ ਦਾ ਇਕ ਆਮ ਜਿਹਾ ਘਰ ਹੈ। ਜਿੱਥੇ ਸਾਰਾ ਪਰਿਵਾਰ ਰਹਿ ਕੇ ਸ਼ਾਹ ਸਤਨਾਮ ਮਹਾਰਾਜ ਦੇ ਦੋਵੇਂ ਪੋਤੇ ਖੇਤੀ ਕਰਦੇ ਹਨ। ਇਨਾਂ ਦਾ ਪਰਿਵਾਰ ਡੇਰੇ ਦੇ ਨਿਯਮਾਂ ਨੂੰ ਅਪਣਾ ਕੇ ਸੱਚ ‘ਚ ਆਪਣਾ ਸਾਦਾ ਜੀਵਨ ਜੀ ਰਹੇ ਹਨ। ਸ਼ਾਹ ਸਤਨਾਮ ਦੇ ਪੋਤਰੇ ਭੁਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਲਗਭਗ 2002 ਤੋਂ ਬਾਅਦ ਡੇਰਾ ਸੱਚਾ ਸੌਦਾ ਸਿਰਸਾ ਨਹੀਂ ਗਈ ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਡੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਸਿਰਫ਼ ਘਰੇਲੂ ਕਾਰਨਾਂ ਕਰਕੇ ਡੇਰੇ ਨਹੀਂ ਗਏ। ਦੱਸ ਦੇਈਏ 2002 ਉਹੀ ਸਾਲ ਸੀ, ਜਦੋਂ ਡੇਰਾ ਮੁਖੀ ‘ਤੇ ਬਲਾਤਕਾਰ ਦਾ ਆਰੋਪ ਲੱਗਿਆ ਸੀ।
ਤਾਜਾ ਹਾਲਾਤ ‘ਤੇ੩.. . ਡੇਰਾ ਮੁਖੀ ‘ਤੇ ਆਰੋਪ,
ਜਵਾਬ ਵੀ ਉਨ੍ਹਾਂ ਨੇ ਹੀ ਦੇਣਾ ਸੀ
ਡੇਰੇ ਦਾ ਆਪਣਾ ਅਧਿਕਾਰ ਹੈ। ਆਪਣੀ ਜ਼ਿੰਮੇਵਾਰੀ ਹੈ। ਇਸ ਦੇ ਨਫ਼ਾ-ਨੁਕਸਾਨ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਹੈ। ਗੱਦੀ ਉਤੇ ਕੌਣ ਬੈਠੇ, ਕੌਣ ਨਹੀਂ ਇਸ ਨਾਲ ਵੀ ਸਾਡਾ ਕੋਈ ਵਾਸਤਾ ਨਹੀਂ। ਪਰੰਪਰਾਵਾਂ ਦਾ ਨਿਰਵਾਹ ਹੋ ਰਿਹਾ ਹੈ ਜਾਂ ਨਹੀਂ ਇਸ ‘ਤੇ ਵੀ ਅਸੀਂ ਕਿਉਂ ਕੁੱਝ ਕਹੀਏ। ਅਸੀਂ ਸੀਨ ‘ਚ ਵੀ ਨਹੀਂ ਹਾਂ। ਫਿਲਹਾਲ, ਸਮਾਜ ‘ਚ ਅਮਨ ਕਾਇਮ ਹੋਣਾ ਚਾਹੀਦਾ ਹੈ। ਜਾਨ ਕਿਸੇ ਦੀ ਜਾਣੀ ਨਹੀਂ ਚਾਹੀਦੀ। ਡੇਰਾ ਮੁਖੀ ‘ਤੇ ਆਰੋਪ ਹਨ, ਤਾਂ ਜਵਾਬ ਵੀ ਉਨਾਂ ਨੇ ਹੀ ਦੇਣਾ ਸੀ।
ਡੇਰੇ ਜਾਣਾ ਬੰਦ ਕਰ ਦਿੱਤਾ ਪ੍ਰੰਤੂ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ : ਭੁਪਿੰਦਰ ਸਿੰਘ
ਸ਼ਾਹ ਸਤਨਾਮ ਸਿੰਘ ਜੀ ਮਹਾਰਾਜਾ ਸਾਡੇ ਦਾਦਾ ਜੀ ਸਨ। ਉਹ ਸ਼ਾਂਤ ਸੁਭਾਅ ਦੇ ਮਾਲਕ ਸਨ, ਜਿਸ ਵਕਤ ਉਨਾਂ ਨੇ ਆਪਣੇ ਭਗਤ ਗੁਰਮੀਤ ਰਾਮ ਰਹੀਮ ਨੂੰ ਗੱਦੀ ਸੌਂਪੀ ਸੀ, ਉਸ ਸਮੇਂ ਮੈਂ ਸਿਰਫ਼ 16 ਸਾਲ ਦਾ ਸੀ ਅਤੇ ਉਸ ਦਿਨ ਮੈਂ ਡੇਰੇ ‘ਚ ਨਹੀਂ ਜਾ ਸਕਿਆ ਸੀ। ਦਾਦਾ ਜੀ ਦੇਹਾਂਤ ਤੋਂ ਬਾਅਦ ਡੇਰਾ ਨੇ ਤੇਜ਼ ਗਤੀ ਨਾਲ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ। ਪ੍ਰੰਤੂ ਦਾਦਾ ਜੀ ਦੇ ਹਾਂਤ ਤੋਂ ਬਾਅਦ ਅਸੀਂ ਕਦੇ ਕਦੇ ਹੀ ਡੇਰੇ ਜਾਂਦੇ ਪ੍ਰੰਤੂ ਉਸ ਤੋਂ ਬਾਅਦ ਡੇਰੇ ‘ਚ ਜਾਣਾ ਬੰਦ ਕਰ ਦਿੱਤਾ। ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਨਹੀਂ। ਆਪਣੇ ਘਰ ‘ਤੇ ਹੀ ਸ਼ਾਹ ਸਤਨਾਮ ਜੀ ਮਹਾਰਾਜ ਦੇ ਦੱਸੇ ਹੋਏ ਰਸਤੇ ‘ਤੇ ਚਲਦੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ, ਠੱਗੀ-ਠੋਰੀ ਨਹੀਂ ਕਰਦੇ। ਖੇਤੀਬਾੜੀ ਕਰਦੇ ਹਾਂ। ਮੇਰਾ ਇਕ ਵੱਡਾ ਭਰਾ ਹੈ ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਦਾ ਇਕ ਬੇਟਾ ਅਤੇ ਇਕ ਬੇਟੀ ਹੈ, ਜਦਕਿ ਮੇਰਾ ਇਕ ਬੇਟਾ ਹੈ। ਸਾਰੇ ਬੱਚੇ ਪੜ ਰਹੇ ਹਨ। ਪਿਤਾ ਰਣਜੀਤ ਸਿੰਘ ਦਾ ਵੀ ਦੇਹਾਂਤ ਹੋ ਚੁੱਕਿਆ ਹੈ ਅਤੇ ਮਾਂ ਨਛੱਤਰ ਕੌਰ ਸਾਡੇ ਨਾਲ ਹੀ ਰਹਿੰਦੇ ਹਨ। ਸਾਡੇ ਪਰਿਵਾਰ ਦੇ ਕੋਲ ਕੁੱਲ 90 ਏਕੜ ਜ਼ਮੀਨ ਹੈ। ਪਿੰਡ ‘ਚ ਇਕ ਮਕਾਨ ਅਤੇ ਦੋ ਕਾਰਾਂ ਅਤੇ ਦੋ ਟਰੈਕਟਰ ਹਨ।
ਰਾਮ ਰਹੀਮ ਦੀਆਂ ਸ਼ਾਹੀ ਸਲਤਨਤ ਦੀਆਂ ਲਗਾਤਾਰ ਖੁੱਲ੍ਹ ਰਹੀਆਂ ਪਰਤਾਂ
ਸੰਗਰੂਰ ਦੇ ਨਾਮ ਚਰਚਾ ਘਰ ‘ਚੋਂ ਮਹਿੰਗੀ ਕੀਮਤ ਦੀ ਗੱਡੀ ਮਿਲੀ

ਸੰਗਰੂਰ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਉਸ ਵੱਲੋਂ ਸਥਾਪਤ ਕੀਤੀ ਸ਼ਾਹੀ ਸਲਤਨਤ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਸੰਗਰੂਰ ਦੇ ਨਾਮ ਚਰਚਾ ਘਰ ਵਿੱਚੋਂ ਪੌਸ਼ ਕੰਪਨੀ ਦੇ ਕੇਅਨ ਮਾਡਲ ਦੀ ਗੱਡੀ ਬਰਾਮਦ ਕੀਤੀ ਹੈ। ਇਸ ਦੀ ਕੀਮਤ ਤਕਰੀਬਨ ਡੇਢ ਕਰੋੜ ਰੁਪਏ ਹੈ। ਇਸ ਆਲੀਸ਼ਾਨ ਗੱਡੀ ਨੂੰ ਐਲੂਮੀਨੀਅਮ ਦੇ ਬਣਾਏ ਹੋਏ ਵਿਸ਼ੇਸ਼ ਕੈਬਿਨ ਵਿੱਚ ਖੜ੍ਹਾ ਕੀਤਾ ਗਿਆ ਹੈ। ਇਹ ਗੱਡੀ ਹਰਿਆਣਾ ਦੀ ਰਜਿਸਟਰਡ ਹੈ। ਇਸ ਦੇ ਮਾਲਕ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ ਤੇ ਨਾ ਹੀ ਗੱਡੀ ਵਿੱਚ ਇਸ ਦੇ ਕੋਈ ਦਸਤਾਵੇਜ਼ ਮੌਜੂਦ ਹਨ। ਪੀਲੇ ਰੰਗ ਦੀ ਇਸ ਗੱਡੀ ਬਾਰੇ ਨਾ ਤਾਂ ਕੋਈ ਡੇਰੇ ਦਾ ਅਧਿਕਾਰੀ ਬੋਲ ਰਿਹਾ ਹੈ ਤੇ ਨਾ ਹੀ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੈ। ਸੰਗਰੂਰ ਦੇ ਇਸ ਡੇਰੇ ਨੂੰ ਸੁਰੱਖਿਆ ਬਲਾਂ ਤੇ ਪੁਲਿਸ ਨੇ ਸੰਭਾਲਿਆ ਹੋਇਆ ਹੈ ਪਰ ਇਸ ਕਾਰ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ।
ਹਨੀਪ੍ਰੀਤ ਦੀ ਤਲਾਸ਼ ਵਿਚ ਮੁੰਬਈ ‘ਚ ਛਾਪੇਮਾਰੀ
ਚੰਡੀਗੜ੍ਹ : ਜੇਲ੍ਹ ਵਿਚ ਬੰਦ ਰਾਮ ਰਹੀਮ ਦੇ ਬੇਹੱਦ ਨੇੜੇ ਰਹੀ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਨੇ ਅੱਜ ਕਿਹਾ ਕਿ ਉਹ ਭਗੌੜਿਆਂ ਦੀ ਭਾਲ ਵਿਚ ਮੁੰਬਈ ਅਤੇ ਨੇਪਾਲ ਦੇ ਨੇੜਲੇ ਇਲਾਕਿਆਂ ਵਿਚ ਛਾਪੇ ਮਾਰ ਰਹੀ ਹੈ। ਹਰਿਆਣਾ ਪੁਲਿਸ ਦੇ ਡੀਜੀਪੀ ਬੀ ਐਸ ਸੰਧੂ ਨੇ ਕਿਹਾ ਕਿ ਉਹ ਦੂਜੇ ਰਾਜਾਂ ਦੀ ਪੁਲਿਸ ਨਾਲ ਵੀ ਸੰਪਰਕ ਕਰ ਰਹੀ ਹੈ ਅਤੇ ਉਮੀਦ ਹੈ ਕਿ ਹਨੀਪ੍ਰੀਤ ਅਤੇ ਅਦਿੱਤਿਆ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਜਿਹਾ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਹਨੀਪ੍ਰੀਤ ਨੇਪਾਲ ਪਹੁੰਚ ਗਈ ਹੈ। ਇਸ ਦੇ ਚੱਲਦਿਆਂ ਹਰਿਆਣਾ ਪੁਲਿਸ ਨੇ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਸੀ।
ਰਾਮ ਰਹੀਮ ਕੋਲੋਂ ਰੋਹਤਕ ਜੇਲ੍ਹ ਦੇ ਹੋਰ ਕੈਦੀ ਹੋਏ ਔਖੇ
ਰੋਹਤਕ/: ਬਲਾਤਕਾਰੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਗਏ ਹਾਲੇ 10 ਦਿਨ ਹੀ ਹੋਏ ਹਨ ਕਿ ਉਸ ਕੋਲੋਂ ਹੋਰ ਕੈਦੀਆਂ ਨੂੰ ਪ੍ਰੇਸ਼ਾਨੀਆਂ ਵੀ ਹੋਣ ਲੱਗੀਆਂ ਹਨ। ਰਾਮ ਰਹੀਮ ਕਾਰਨ ਜੇਲ੍ਹ ਵਿੱਚ ਬੰਦ 1500 ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਗੱਲ ਇਹ ਹੈ ਕਿ ਰਾਮ ਰਹੀਮ ਦੇ ਰੋਹਤਕ ਦੀ ਜੇਲ੍ਹ ਵਿੱਚ ਆਉਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਬਹੁਤ ਸਖਤ ਕਰ ਦਿੱਤੇ ਗਏ ਹਨ। ਇਸ ਲਈ ਹੋਰ ਕੈਦੀਆਂ ‘ਤੇ ਵੀ ਪੂਰੀ ਸਖਤਾਈ ਵਰਤੀ ਜਾ ਰਹੀ ਹੈ।

Check Also

ਪੰਚਾਇਤੀ ਚੋਣਾਂ ਦੌਰਾਨ ਧੜੇਬੰਦੀ ਦਾ ਰਹੇਗਾ ਬੋਲਬਾਲਾ

ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ 50 ਫੀਸਦ ਹਿੱਸਾ ਬੀਬੀਆਂ ਦਾ ਹੋਵੇਗਾ ਚੰਡੀਗੜ੍ਹ : …