Breaking News
Home / ਰੈਗੂਲਰ ਕਾਲਮ / ਔਖਾ ਵੇਲਾ ਤੇ ਬਾਬੁਲ ਦੀਆਂ ਬਾਤਾਂ-3

ਔਖਾ ਵੇਲਾ ਤੇ ਬਾਬੁਲ ਦੀਆਂ ਬਾਤਾਂ-3

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇੱਕ ਦਿਨ ਮੈਂ ਕੰਮ ਤੋਂ ਘਰ ਆਇਆ ਤਾਂ ਉਹਨਾਂ ਦੇ ਮੰਜੇ ਦੀ ਪੁਆਂਦੀ ਬਹਿ ਗਿਆ। ਮੇਰੇ ਵੱਲ ਉਹ ਜਿਵੇਂ ਤਰਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਹੋਣ! ਸ਼ਾਇਦ ਇਹੋ ਸੋਚਦੇ ਹੋਣ ਕਿ ਮੇਰੇ ਮਗਰੋਂ ਮੇਰੇ ਨਿਆਣੇ ਇਕੱਲੇ ਕੀ ਕਰਨਗੇ? ਉਹਨਾਂ ਨੂੰ ਚੋਰ ਅੱਖ ਨਾਲ ਦੇਖਕੇ ਮੈਂ ਵੀ ਉਹਨਾਂ ਤੋਂ ਆਪਣੀਆਂ ਨਜ਼ਰਾਂ ਚੁਰਾ ਲਈਆਂ। ਉਹ ਬੋਲੇ,”ਆਪਣੀ ਮਾਂ ਦੀ ਸੇਵਾ ਕਰਿਆ ਕਰੀਂ…।” ਮੈਂਥੋਂ ਕੁਝ ਨਾ ਬੋਲਿਆ ਗਿਆ ਤੇ ਮੇਰੀ ਧਾਹ ਨਿਕਲਣ ਲੱਗੀ। ਬੜਾ ਸੰਭਲ ਕੇ ਅੱਥਰੂ ਅੰਦਰੇ-ਅੰਦਰ ਹੀ ਡੱਕ ਲਏ ਕਿ ਕਿਤੇ ਪਾਪਾ ਮੇਰੇ ਅਥਰੂ ਨਾ ਦੇਖ ਲਵੇ। ਮੈਂ ਉਹਨਾਂ ਕੋਲੋਂ ਉਠ ਪਿਆ। ਉਪਰ ਆਪਣੇ ਕਮਰੇ ਵਿੱਚ ਗਿਆ, ਬੂਹਾ ਬੰਦ ਕਰਕੇ ਬਹੁਤ ਰੋਇਆ ਤੇ ਫਿਰ ਮੋਟਾ ਕਰ ਕੇ ਇੱਕ ਪੈੱਗ ਅੰਦਰ ਸੁੱਟ੍ਹਿਆ। ਕੁਝ ਹੌਸਲਾ ਜਿਹਾ ਹੋਇਆ। ਮੈਡੀਕਲ ਕਾਲਜ ਦੇ ਹੀ ਕੈਂਸਰ ਵਿਭਾਗ ਵਿੱਚ ਮੁੱਦਕੀ ਦਾ ਇੱਕ ਮੁੰਡਾ ਛਿੰਦਰ ਮਿਲਿਆ ਤੇ ਦੱਸਣ ਲੱਗਾ ਕਿ ਜ਼ੀਰੇ ਕੋਲ ਫਲਾਣਾ ਪਿੰਡ ਆ,ਉਥੇ ਇੱਕ ਬਾਬਾ ਏ,ਬੜੀ ਦੁਨੀਆਂ ਠੀਕ ਕੀਤੀ ਏ ਉਸਨੇ…( ਉਸ ਮੁੰਡੇ ਦੀ ਮਾਂ ਨੂੰ ਵੀ ਕੈਂਸਰ ਸੀ, ਤੇ ਉਹ ਉਸ ਲਈ ਉਸ ਤੋਂ ਦਵਾਈ ਲੈਣ ਦੇ ਯਤਨ ਵਿੱਚ ਸੀ, ਗੱਲੀਂ-ਗੱਲੀਂ ਉਸਨੇ ਬਾਬੇ ਦੀ ਮੈਨੂੰ ਦੱਸ ਪਾ ਦਿੱਤੀ ਸੀ ਤੇ ਬਾਬੇ ਦਾ ਫੋਨ ਨੰਬਰ ਵੀ ਲੱਭ ਦਿੱਤਾ ਸੀ)। ਡੁੱਬਦਾ ਬੰਦਾ ਜਿਵੇਂ ਤਿਣਕੇ ਦਾ ਆਸਰਾ ਲਭਦਾ ਹੈ, ਮੈਂ ਹਰ ਹਾਲਤ ਵਿੱਚ ਆਪਣੇ ਪਾਪਾ ਨੂੰ ਕਿਸੇ ਕੀਮਤ ‘ਤੇ ਵੀ ਨਹੀਂ ਹੱਥੋਂ ਗੁਆਉਣਾ ਚਾਹੁੰਦਾ ਸਾਂ। ਆਖਰ ਅਰਾਮ ਆਵੇ, ਚਾਹੇ ਕਿਤੋਂ ਵੀ ਆਵੇ ਤੇ ਚਾਹੇ ਕਿੰਜ ਆਵੇ। ਕੋਈ ਆਖਦਾ, ”ਭਾਈ ਕੁਦਰਤ ਦੇ ਰੰਗਾਂ ਦਾ ਕੋਈ ਭੇਤ ਨਹੀਂ,ਜੇ ਕਿਸੇ ਨੇ ਤੰਦਰੁਸਤ ਹੋਣਾ ਹੋਵੇ ਤਾਂ ਸੁਆਹ ਦੀ ਪੁੜੀ ਤੋਂ ਵੀ ਹੋ ਜਾਂਦਾ ਐ।” ਸੋ, ਮੈਂ ਬੜੀ ਆਸ-ਉਮੀਦ ਨਾਲ ਬਾਬੇ ਨੂੰ ਫੋਨ ਕੀਤਾ। ਬਾਬਾ ਜੀ ਆਖਣ ਲੱਗੇ ਕਿ ਮੇਰੇ ਕੋਲ ਮੇਰੇ ਡੇਰੇ ਲਿਆਓ। ਮੈਂ ਦੱਸਿਆ,”ਲਿਉਣ ਜੋਗੇ ਨਹੀਂ ਹੈਗੇ ਬਾਬਾ ਜੀ,ਤਕਲੀਫ਼ ਬਹੁਤ ਜ਼ਿਆਦਾ ਐ ਤੇ ਜਦ ਵੀ ਕਿਤੇ ਲਿਜਾਨੇ ਆਂ ਤਾਂ ਐਂਬੂਲੈਂਸ ‘ਤੇ ਹੀ ਲਿਜਾਨੇ ਆਂ।” ਬਾਬਾ ਜੀ ਆਖਣ ਲੱਗੇ, ”ਮੈਂ ਆ ਜਾਂਦਾ ਆਂ ਪਰ ਮੇਰਾ ਕਿਰਾਇਆ ਭਾੜਾ ਦੇਣਾ ਪੈਣਾ।” ਮੈਂ ਆਖਿਆ, ”ਜ਼ਰੂਰ ਬਾਬਾ ਜੀ, ਆਓ ਤਾਂ ਸਹੀ ਤੁਸੀਂ,ਤੁਹਾਡੀ ਸੇਵਾ-ਪਾਣੀ ਪੂਰੀ ਕਰਾਂਗੇ ਬਾਬਾ ਜੀ।” ਸਵੇਰ-ਸਾਰ ਭਗਵੇਂ ਬਾਣੇ ਵਿੱਚ ਬਾਬਾ ਜੀ ਆਪਣੇ ਬੇਟੇ ਨਾਲ, ਆਪ ਹੀ ਡਰਾਈਵ ਕਰਕੇ ਮਹਿੰਗੀ ਏ.ਸੀ. ਕਾਰ ‘ਤੇ ਆਣ ਪਧਾਰੇ। ਉਤਰਦੇ ਸਾਰ ਹੀ ਬੋਲੇ, ”ਮੈਨੂੰ ਕਾਹਲ ਬਹੁਤ ਆ,ਬਹੁਤ ਸਾਰੇ ਲੋਕ ਮੇਰੇ ਡੇਰੇ ਆਏ ਬੈਠੇ ਨੇ ਤੇ ਉਹਨਾਂ ਸਾਰਿਆਂ ਨੂੰ ਛੱਡ ਕੇ ਆਪਦਾ ਮਰੀਜ਼ ਸਪੈਸ਼ਲ ਦੇਖਣ ਆਇਆ ਵਾਂ।” ਬਾਬਾ ਜੀ ਨੇ ਸਾਰੇ ਟੈਸਟ ਇਉਂ ਦੇਖੇ ਜਿਵੇਂ ਕੋਈ ਐਮ.ਡੀ ਡਾਕਟਰ ਦੇਖਦਾ ਹੁੰਦਾ ਤੇ ਫਿਰ ਆਖਿਆ, ”ਤੁਸੀਂ ਤਾਂ ਆਬਦਾ ਘਰ ਪਹਿਲਾਂ ਹੀ ਪੱਟ ਲਿਆ,ਪਹਿਲਾਂ ਕਿਉਂ ਂਨਾ ਆਏ ਮੇਰੇ ਕੋਲ?” ਸੇਕਿਆਂ ਵਾਲਾ ਕਾਗਜ਼ ਦੇਖਕੇ ਕਹਿੰਦੇ, ”ਆਹ ਸੇਕੇ ਕਾਹਤੋਂ ਲੁਆਏ ਆ,ਏਹਦੀ ਕੀ ਲੋੜ ਸੀ,ਮੇਰੇ ਕੋਲ ਸਿੱਧੇ ਡੇਰੇ ਆਉਣਾ ਸੀ।” ਮੈਂ ਹੱਥ ਜੋੜ ਕੇ ਬੇਨਤੀ ਕੀਤੀ, ”ਬਾਬਾ ਜੀ ਇਸ ਤੋਂ ਪਹਿਲਾਂ ਆਪ ਜੀ ਦਾ ਮੈਨੂੰ ਪਤਾ ਈ ਨਹੀਂ ਸੀ,ਨਹੀਂ ਤਾਂ ਮੈਂ ਆਪਣੇ ਪਾਪਾ ਜੀ ਨੂੰ ਆਪ ਕੋਲ ਫੋਰਨ ਤੇ ਅਵੱਸ਼ ਲੈ ਕੇ ਆਉਣਾ ਸੀ ਪਰ ਪਲੀਜ਼ ਤੁਸੀਂ ਹੁਣ ਇਲਾਜ ਸ਼ੁਰੂ ਕਰ ਦਿਓ ਜੀ।” ਮੰਜੇ ਉਤੇ ਪਿਆ ਪਾਪਾ ਕਦੇ ਬਾਬੇ ਵੱਲ ਤੇ ਕਦੇ ਮੇਰੇ ਵੱਲ ਦੇਖਦਾ ਸੀ। ਬੋਲ ਕੁਝ ਨਹੀਂ ਸੀ ਸਕਦਾ। ਮੈਂ ਦੱਸਿਆ ਕਿ ਪਾਪਾ ਹੁਣ ਰੋਟੀ ਵੀ ਨਹੀਂ ਖਾਂਦੇ,ਲੰਘਦੀ ਈ ਨਹੀਂ ਰੋਟੀ।” ਬਾਬਾ ਜੀ ਬੋਲੇ, ”ਮੇਰੀ ਦਵਾਈ ਦਿਓ,ਰੋਟੀ ਤਾਂ ਕੀ… ਲੱਕੜਾਂ ਖਾਣ ਲਾਦੂੰਗਾ ਮੈਂ।” ਇਹ ਸੁਣ ਮੈਨੂੰ ਤੇ ਕੋਲ ਖਲੋਤੇ ਘਰ ਦੇ ਸਾਰੇ ਜੀਆਂ ਨੂੰ ਬੜਾ ਹੌਸਲਾ ਮਿਲਿਆ। ਨਿਆਣਿਆਂ ਦੇ ਚਿਹਰੇ ਚਮਕ ਪਏ। ਕੋਲ ਖਲੋਤੇ ਭਰਾ ਤੇ ਮਾਂ ਦੇ ਚਿਹਰੇ ਉੱਤੇ ਵੀ ਆਸ ਦੀ ਕਿਰਨ ਝਲਕਣ ਲੱਗੀ ਕਿ ਹੁਣ ਘਰ ਦੇ ਮਾਲਕ ਨੂੰ ਕੁਝ ਨਹੀਂ ਹੁੰਦਾ। ਬਾਬਾ ਜੀ ਨੇ ਕਿਹਾ ਕਿ ਕੱਚੀ (ਸਾਦੀ) ਦਵਾਈ ਮੇਰੇ ਕੋਲ ਤਿਆਰ ਆ,ਪੱਕੀ ਕਰਨ ਲਈ ਬਜ਼ਾਰ ਵਿੱਚੋਂ ਸੋਨਾ-ਚਾਂਦੀ (ਭਸਮ ਕੀਤਾ ਹੋਇਆ) ਲੈਣਾ ਪਊ,ਤੁਸੀਂ ਆਪ ਲੈ ਕੇ ਪਾ ਲਉਂਗੇ ਜਾਂ ਮੈਂ ਪਾਵਾਂ? ਮੈਂ ਬੇਨਤੀ ਕੀਤੀ, ”ਬਾਬਾ ਜੀ ਜਿਵੇਂ ਆਪ ਦੀ ਮਰਜ਼ੀ।” ਬਾਬਾ ਜੀ ਕਹਿੰਦੇ, ”ਆਹ ਲਓ ਪੰਜ ਦਿਨਾਂ ਦੀ ਦਵਾਈ,ਹੁਣੇ ਦਿਓ ਇੱਕ ਪੁੜੀ,ਇੱਕ ਦੁਪਹਿਰੇ ਤੇ ਇੱਕ ਸ਼ਾਮਾਂ ਨੂੰ ਦੇਣੀ ਆਂ।” ਬਾਬਾ ਜੀ ਨੇ ਕਾਰ ਦੀ ਡਿੱਕੀ ਖੋਲ੍ਹੀ ਤੇ ਮਗਰ ਪਏ ਸਟਾਕ ਵਿੱਚੋਂ ਪੁੜੀਆਂ ਬੰਨ੍ਹ ਦਿੱਤੀਆਂ। ਕਾਹਲ ਬਹੁਤ ਸੀ ਉਹਨਾਂ ਨੂੰ। ਜਾਂਦੇ-ਜਾਂਦੇ ਆਖਣ ਲੱਗੇ, ” ਏਹੋ ਜਿਹੇ ਕੈਂਸਰ-ਕੂੰਸਰ ਤਾਂ ਮੈਂ ਫੂਕ ਮਾਰ ਕੇ ਉਡਾ ਦਿੰਨੈ ਹੁੰਨਾ, ਮੇਰੇ ਕੋਲ ਤਾਂ ਨਿੱਤ ਆਈ.ਐਸ. ਤੇ ਆਈ.ਪੀ.ਐਸ. ਅਫ਼ਸਰ ਦਵਾਈ ਲੈਣ ਆਉਂਦੇ ਨੇ ਤੇ ਆਹ ਸਾਲੇ ਮੀਡੀਏ ਵਾਲਿਆਂ ਨੂੰ ਤਾਂ ਮੈਂ ਕਦੇ ਨੇੜੇ ਨਹੀਂ ਫਟਕਣ ਦਿੰਦਾ, ਏਹ ਚੰਦਰੇ ਗੱਲ ਦੀ ਵਲੱਲ ਬੜੀ ਬਣਾਉਂਦੇ ਆ,ਜਦ ਮੇਰੇ ਕੋਲ ਦਲਾਈਲਾਮਾ ਆਇਆ ਸੀ ਤਾਂ ਮੀਡੀਆ ਨੂੰ ਮੈਂ ਭਿਣਕ ਨਾ ਪੈਣ ਦਿੱਤੀ, ਉਹ ਮੈਨੂੰ ਮਿਲ ਕੇ ਚੁੱਪ ਚਾਪ ਮੁੜ ਗਿਆ..ਆਹ ਦੇਖ ਫੋਟੋ…।” ਉਹਨਾਂ ਆਪਣੇ ਬਟੂਏ ਵਿੱਚੋਂ ਇੱਕ ਨਿੱਕੇ ਅਕਾਰ ਦੀ ਦਲਾਈਲਾਮਾ ਨਾਲ ਆਪਣੀ ਫੋਟੋ ਦੇ ਦੀਦਾਰ ਵੀ ਕਰਵਾ ਦਿੱਤੇ। ਸੇਵਾ-ਪਾਣੀ ਲੈ ਤੇ ਸਾਨੂੰ ਹੌਸਲੇ ਨਾਲ ਦਵਾਈ ਦੇ ਕੇ ਬਾਬਾ ਜੀ ਨੇ ਕਾਰ ਦਬੱਲ ਦਿੱਤੀ। ਮੈਂ ਬਾਬਾ ਜੀ ਦੀ ‘ਸੇਵਾ ਪਾਣੀ’ (ਪੈਸੇ) ਚੰਗੀ ਤਰਾਂ ਕਰ ਦਿੱਤੀ ਸੀ ਤੇ ਉਹ ਪੂਰੇ ਖੁਸ਼ ਗਏ ਸਨ। ਉਹਨਾਂ ਦੇ ਚਲੇ ਜਾਣ ਬਾਅਦ ਜਦ ਪਾਪਾ ਨੂੰ ਇੱਕ ਪੁੜੀ ਪਾਣੀ ਨਾਲ ਦਿੱਤੀ ਤਾਂ ਉਹ ਝਟ ‘ਚ ਬਾਹਰ ਆ ਗਈ। ਉਹ ਹੋਰ ਔਖੇ ਹੋ ਗਏ। ਉਹਨਾਂ ਦੀ ਔਖ ਦੇਖੀ ਨਾ ਜਾਏ।
ਘਰ ਦੇ ਸਾਰੇ ਜੀਅ ਮੈਨੂੰ ਲੜਨ ਲੱਗੇ ਕਿ ਕਿੱਥੋ ਬੁਲਾ ਲਿਆ ਤੂੰ ਏਹ ਬਾਬਾ? ਸੁੱਟ੍ਹੋ ਇਸਦੀ ਦਵਾਈ ਪਰ੍ਹੇ। ਖ਼ੈਰ, ਪਾਪਾ ਆਥਣ ਤੀਕ ਮਸਾਂ ਟਿਕੇ। ਬਾਬੇ ਦੀ ਦਵਾਈ ਨਾਲ ਉਛਾਲੀਆਂ ਹੀ ਨਾ ਹਟਣ। ਪਤਾ ਨਹੀਂ ਉਸ ਪੁੜੀ ਵਿੱਚ ਕੀ ਸੀ, ਕੀ ਨਹੀਂ। ਸੋ, ਸਾਡੀ ਇਹ ਇੱਕ ਆਸ ਵੀ ਟੁੱਟ ਗਈ, ਜਿਹੜੀ ਬਾਬੇ ਤੋਂ ਬੱਝੀ ਸੀ। ਪਰ ਹੁਣ ਕੀ ਕਰਦੇ?
(ਚਲਦਾ)

Check Also

ਗੁਰਦਾਸਪੁਰੀਆਂ ਵਿਚਾਲੇ ਘਿਰੀ ‘ਹੀਰ’

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਭਾਰਤੀ ਲੋਕ-ਸੰਗੀਤ ਤੇ ਸਾਹਿਤ ਵਿਚ ‘ਵਾਰਿਸ ਦੀ ਹੀਰ’ ਦਾ …