Breaking News
Home / ਜੀ.ਟੀ.ਏ. ਨਿਊਜ਼ / ਪਤਨੀ ਦੇ ਕਤਲ ਮਾਮਲੇ ‘ਚ ਘਿਰੇ ਡਾਕਟਰ ਪਤੀ ਨੂੰ ਨਹੀਂ ਮਿਲੀ ਜ਼ਮਾਨਤ

ਪਤਨੀ ਦੇ ਕਤਲ ਮਾਮਲੇ ‘ਚ ਘਿਰੇ ਡਾਕਟਰ ਪਤੀ ਨੂੰ ਨਹੀਂ ਮਿਲੀ ਜ਼ਮਾਨਤ

ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਡਾਕਟਰ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰਜ ਟੋਰਾਂਟੋ ਦੇ ਨਿਊਰੋਸਰਜਨ ਨੂੰ ਜ਼ਮਾਨਤ ਦੇਣ ਤੋਂ ਜੱਜ ਨੇ ਇਨਕਾਰ ਕਰ ਦਿੱਤਾ। ਡਾ. ਇਲਾਨਾ ਫਰਿੱਕ ਸ਼ਾਮਜੀ ਦੀ ਮੌਤ ਦੇ ਸਬੰਧ ਵਿੱਚ ਡਾ.ਮੁਹੰਮਦ ਸ਼ਾਮਜੀ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ। ਇਲਾਨਾ ਦੀ ਲਾਸ਼ ਪਹਿਲੀ ਦਸੰਬਰ,2016 ਨੂੰ ਟੋਰਾਂਟੋ ਦੇ ਉੱਤਰ ਵਿੱਚ ਸਥਿਤ ਕਲੇਨਬਰਗ, ਓਨਟਾਰੀਓ ਵਿੱਚ ਸੜਕ ਦੇ ਕਿਨਾਰਿਓਂ ਇੱਕ ਸੂਟਕੇਸ ਵਿੱਚ ਬੰਦ ਮਿਲੀ ਸੀ।
ਪੋਸਟਮਾਰਟਮ ਤੋਂ ਬਾਅਦ ਇਹ ਪਤਾ ਲੱਗਿਆ ਸੀ ਕਿ 40 ਸਾਲਾ ਤਿੰਨ ਬੱਚਿਆਂ ਦੀ ਮਾਂ ਇਲਾਨਾ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਜਾਂਚਕਾਰਾਂ ਦਾ ਮੰਨਣਾ ਸੀ ਕਿ ਉਸ ਨੂੰ ਪਰਿਵਾਰਕ ਘਰ ਦੇ ਅੰਦਰ ਹੀ ਮਾਰਿਆ ਗਿਆ। ਇਸ ਜੋੜੇ ਦੇ ਬੱਚਿਆਂ ਦੀ ਦੇਖ ਰੇਖ ਇਲਾਨਾ ਦੇ ਮਾਪਿਆਂ ਵੱਲੋਂ ਕੀਤੀ ਜਾ ਰਹੀ ਹੈ। ਸ਼ਾਮਜੀ ਵੱਲੋਂ ਆਪਣੇ ਮਰਡਰ ਟ੍ਰਾਇਲ ਦੀ ਉਡੀਕ ਦੌਰਾਨ ਕਮਿਊਨਿਟੀ ਵਿੱਚ ਰਹਿਣ ਲਈ ਜਿਹੜੀ ਬੇਲ ਦੀ ਅਰਜੀ ਪਾਈ ਗਈ ਸੀ ਉਸ ਤੋਂ ਜੱਜ ਨੇ ਇਨਕਾਰ ਕਰ ਦਿੱਤਾ। 2 ਦਸੰਬਰ, 2016 ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਤੋਂ ਜੇਲ੍ਹ ਵਿੱਚ ਬੰਦ ਸ਼ਾਮਜੀ ਉਸ ਸਮੇਂ ਚੁੱਪ ਰਿਹਾ ਜਦੋਂ ਜੱਜ ਨੇ ਆਪਣਾ ਫੈਸਲਾ ਸੁਣਾਇਆ। ਬਾਅਦ ਵਿੱਚ ਦਿਨ ਵੇਲੇ ਸ਼ਾਮਜੀ ਦੇ ਵਕੀਲ ਲਿਆਮ ਓਕੌਨਰ ਨੇ ਆਖਿਆ ਕਿ ਇਸ ਫੈਸਲੇ ਨਾਲ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ। ਓਕੌਨਰ ਨੇ ਡਾਊਨਟਾਊਨ ਟੋਰਾਂਟੋ ਸਥਿਤ ਕੋਰਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਤੋਂ ਡਾਕਟਰ ਉੱਤੇ ਇਹ ਚਾਰਜ ਲਾਏ ਗਏ ਹਨ ਉਦੋਂ ਤੋਂ ਹੀ ਡਾਕਟਰ ਲਈ ਉਸ ਦੇ ਦੋਸਤਾਂ, ਪਰਿਵਾਰ ਵਾਲਿਆਂ, ਮਰੀਜ਼ਾਂ ਤੇ ਕੁੱਝ ਉਨ੍ਹਾਂ ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ ਜਿਹੜੇ ਉਸ ਨੂੰ ਜਾਣਦੇ ਵੀ ਨਹੀਂ।
ਓਕੌਨਰ ਨੇ ਆਖਿਆ ਕਿ ਇਹ ਵੱਡੀ ਤ੍ਰਾਸਦੀ ਹੈ। ਤਿੰਨ ਬੱਚਿਆਂ ਨੂੰ ਕਾਫੀ ਕੁੱਝ ਭੁਗਤਣਾ ਪੈ ਰਿਹਾ ਹੈ। ਜੇ ਸ਼ਾਮਜੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸੰਭਾਵੀ ਤੌਰ ਉੱਤੇ ਉਮਰ ਕੈਦ ਹੋਵੇਗੀ ਤੇ 25 ਸਾਲਾਂ ਤੱਕ ਉਸ ਨੂੰ ਪੈਰੋਲ ਮਿਲਣ ਦਾ ਵੀ ਕੋਈ ਚਾਂਸ ਨਹੀਂ। ਇਸ ਮਾਮਲੇ ਵਿੱਚ ਮੁੱਢਲੀ ਪੁੱਛਗਿੱਛ ਅਗਲੇ ਹਫਤੇ ਸ਼ੁਰੂ ਹੋਵੇਗੀ ਤੇ ਇਸ ਦੇ ਤਿੰਨ ਮਹੀਨੇ ਚੱਲਣ ਦੀ ਉਮੀਦ ਹੈ।

Check Also

ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ …