Breaking News
Home / ਨਜ਼ਰੀਆ / ਕੀ ਗੁਰਦੁਆਰਾ ਲਹਿਰ ਦਾ ਮੰਤਵ ਪੂਰਾ ਹੋਇਆ

ਕੀ ਗੁਰਦੁਆਰਾ ਲਹਿਰ ਦਾ ਮੰਤਵ ਪੂਰਾ ਹੋਇਆ

ਹਰਦੇਵ ਸਿੰਘ ਧਾਲੀਵਾਲ
17ਵੀਂ ਸਦੀ ਸਮੇਂ ਖਾਲਸਾ ਪੰਥ ਹੋਂਦ ਦਿਖਾ ਰਿਹਾ ਸੀ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਸਾਰੇ ਇਕੱਠੇ ਸਨ। ਪਰ ਬੰਦਾ ਸਿੰਘ ਬਹਾਦਰ ਤੇ ਬਾਬਾ ਬਿਨੋਦ ਸਿੰਘ ਵਿਚਕਾਰ ਮੱਤਭੇਦ ਹੋਣ ਤੇ ਸ. ਬਾਜ ਸਿੰਘ ਆਦਿ ਗੁਰਦਾਸ ਨੰਗਲ ਦੀ ਗੜ੍ਹੀ ਛੱਡ ਗਏ ਤਾਂ ਬੰਦਾ ਸਿੰਘ ਬਹਾਦਰ ਦੀ ਤਾਕਤ ਕਮਜੋਰ ਹੋ ਗਈ। ਉਨ੍ਹਾਂ ਦੀ ਸਹਾਦਤ ਤੋਂ ਪਿੱਛੋਂ ਖਾਲਸੇ ਤੇ ਬਹੁਤ ਮਾੜਾ ਸਮਾਂ ਆਇਆ ਜੋ 1765 ਤੱਕ ਜਾਰੀ ਰਿਹਾ, ਪੰਥ ਦੀ ਅਗਵਾਈ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਤੇ ਬਾਬਾ ਆਲਾ ਸਿੰਘ ਆਦਿ ਨੇ ਕੀਤੀ। ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿੰਦੇ ਸਨ। ਬਹੁਤੇ ਬੁੱਢਾ ਜੋਹੜ ਆਦਿ ਵੱਲ ਚਲੇ ਗਏ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਕਾਰਨ ਨੌਜਵਾਨ ਪੁੱਤਰਾਂ ਦੇ ਕੰਨਾਂ ਵਿੱਚ ਮਾਵਾਂ ਮੁੰਦਰਾਂ ਪੁਵਾ ਦਿੰਦੀਆਂ ਸਨ, ਕਿਉਂਕਿ ਕੰਨ ਵਿੰਨੇ ਵਾਲੇ ਸਿਰ ਦੇ ਸਾਹੀ ਖਜ਼ਾਨੇ ਵਿੱਚੋਂ ਪੈਸੇ ਨਹੀਂ ਸੀ ਮਿਲਦੇ। ਇਸ ਜਬਰ ਦੇ ਸਮੇਂ ਸਿੱਖਾਂ ਦਾ ਖੁੱਲ੍ਹ ਕੇ ਰਹਿਣ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਵੀ ਸੀ। ਭੀੜ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਮੁਸ਼ਕਲ ਹੋ ਗਈ। ਤਾਂ ਇਹ ਨਿਰਮਲੇ ਤੇ ਉਦਾਸੀ ਕੋਲ ਚਲੀ ਗਈ, ਉਨ੍ਹਾਂ ਨੇ ਹੀ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਕੀਤੀ।
ਇਸ ਕਰਕੇ ਕੁੱਝ ਕੁਰਹਿਤਾਂ ਹੋਈਆਂ, ਮਹੰਤਾਂ ਦੇ ਗੁਰਦੁਆਰਿਆਂ ਤੇ ਕਬਜੇ ਨੂੰ ਅੰਗਰੇਜ਼ ਉਤਸ਼ਾਹਤ ਕਰਦਾ ਸੀ ਕਿਉਂਕਿ ਉਹ ਸਰਕਾਰ ਦੀ ਸਰਪ੍ਰਸਤੀ ਚਾਹੁੰਦੇ ਸਨ। ਬਹੁਤੇ ਮਹੰਤ ਪੁਸਤ ਦਰ ਪੁਸਤ ਹੀ ਚੱਲਦੇ ਰਹੇ, ਪੈਸੇ ਦੀ ਖੁਲ੍ਹੀ ਵਰਤੋਂ ਕਰਕੇ ਵਿਭਚਾਰੀ ਵੀ ਹੋ ਗਏ। ਗੁਰੂ ਘਰ ਦੀ ਸਹੀ ਸੰਭਾਲ ਨਾ ਹੋਣ ਕਾਰਨ ਸਿੰਘ ਸਭਾ ਲਹਿਰ ਉੱਠੀ, ਪਰ ਉਹ ਜਿਆਦਾ ਹਿੰਦੂ ਪ੍ਰਚਾਰਕਾਂ ਤੇ ਆਰੀਆ ਸਮਾਜੀਆਂ ਦੇ ਵਿਰੋਧ ਵਿੱਚ ਹੀ ਲੱਗੀ ਰਹੀ। ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਵਰਗੇ ਪੰਥ ਪ੍ਰਸਤਾਂ ਨੂੰ ਤਨਖਾਹੀਏ ਕਰਾਰ ਦਿੱਤੇ ਗਏ। ਜੱਲ੍ਹਿਆਂ ਵਾਲੇ ਬਾਗ ਦੇ ਕਾਤਲ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਨਮਾਨਿਤ ਕੀਤਾ ਗਿਆ ਤਾਂ ਸਿੱਖ ਜਗਤ ਵਿੱਚ ਬਹੁਤ ਰੋਸ ਉਠਿਆ। 15 ਨਵੰਬਰ 1930 ਨੂੰ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਮੀਟਿੰਗ ਬੁਲਾਈ ਤੇ 2 ਦਿਨਾਂ ਵਿੱਚ 175 ਮੈਂਬਰਾਂ ਦੀ ਭਾਈਚਾਰਕ ਸ਼੍ਰੋਮਣੀ ਕਮੇਟੀ ਬਣਾਈ ਗਈ। ਪੂਰਾ ਨਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸੀ। ਇਸ ਵਿੱਚ ਸਰਕਾਰ ਵੱਲੋਂ ਬਣਾਏ ਗਏ 36 ਮੈਂਬਰ ਵੀ ਸ਼ਾਮਲ ਕਰ ਲਏ। ਉਸ ਸਮੇਂ ਆਲ ਇੰਡੀਆ ਸਿੱਖ ਲੀਗ ਸਿਆਸੀ ਕੰਮ ਕਰਦੀ ਸੀ। ਸ਼੍ਰੋਮਣੀ ਕਮੇਟੀ ਦੇ ਅੰਦੋਲਨ ਨੂੰ ਚਲਾਉਣ ਲਈ ਅਕਾਲੀ ਦਲ ਦੀ ਸਿਰਜਣਾ 14 ਦਸੰਬਰ 1920 ਨੂੰ ਕੀਤੀ ਗਈ। ਅਕਾਲੀ ਲਹਿਰ 1921 ਤੋਂ 26 ਤੱਕ ਚੱਲਦੀ ਰਹੀ। 13 ਅਕਤੂਬਰ 1923 ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਾਨੂੰਨ ਵਿਰੁੱਧ ਜਮਾਤਾਂ ਗਿਰਦਾਨੀਆਂ ਗਈਆਂ ਕਿਉਂਕਿ ਦੋਵਾਂ ਨੇ ਸਰਬਸੰਮਤੀ ਨਾਲ ਮਹਾਰਾਜਾ ਨਾਭਾ ਨੂੰ ਗੱਦੀ ਤੇ ਬਿਠਾਉਣ ਦੇ ਮਤੇ ਪਾਸ ਕਰ ਦਿੱਤੇ ਸਨ। 49 ਲੀਡਰਾਂ ਤੇ ਦੋਸ਼ ਲਾਇਆ ਕਿ ਇਹ ਦੇਸ਼ ਦੀ ਸਰਕਾਰ ਵਿਰੁੱਧ ਬਗਾਵ00ਤ ਕਰ ਰਹੇ ਹਨ।
ਇਸ ਸੰਘਰਸ਼ ਸਮੇਂ 30 ਹਜ਼ਾਰ ਸਿੰਘਾਂ ਨੇ ਲੰਬੀ ਜੇਲ੍ਹਾ ਯਾਤਰਾ ਕੀਤੀ, 400 ਸਿੰਘਾਂ ਦੀਆਂ ਜਾਨਾਂ ਗਈਆਂ, 2 ਹਜ਼ਾਰ ਤੋਂ ਵੱਧ ਜਖਮੀ ਹੋਏ, 700 ਦੇ ਕਰੀਬ ਪੇਂਡੂ ਕਰਮਚਾਰੀ ਬਰਤਰਫ ਕੀਤੇ। ਉਸ ਸਮੇਂ ਅਨੁਸਾਰ 15 ਲੱਖ ਤੋਂ ਵੱਧ ਜੁਰਮਾਨਾ ਭਰਿਆ। ਗਰਮ ਖਿਆਲੀ ਬਬਰ 1924 ਵਿੱਚ 91 ਤੋਂ ਵੱਧ ਗ੍ਰਿਫਤਾਰ ਕੀਤੇ, 11 ਨੂੰ ਦੇਸ਼ ਨਿਕਾਲਾ ਦਿੱਤਾ ਗਿਆ, 84 ਫਾਂਸੀ ਤੇ ਲਟਕਾਏ ਗਏ। ਬਾਕੀਆਂ ਨੂੰ 3 ਤੋਂ 7 ਸਾਲ ਦੀ ਸਜਾ ਦਿੱਤੀ ਗਈ। ਇਨ੍ਹਾਂ ਸਾਰੀਆਂ ਕੁਰਬਾਨੀਆਂ ਪਿੱਛੋਂ ਗੁਰਦੁਆਰਾ ਐਕਟ 1926 ਵਿੱਚ ਪਾਸ ਹੋਣ ਤੇ ਜੇਲ੍ਹ ਵਿੱਚ ਬੈਠਿਆ ਹੋਇਆ ਪੰਥ ਦੋ ਧੜਿਆਂ ਵਿੱਚ ਵੰਡਿਆ ਗਿਆ। ਐਕਟ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਐਕਟ ਨੂੰ ਮੰਨਣ ਦੀ ਹਾਂ ਕਰਦੇ ਹਨ, ਛੱਡ ਦਿੱਤੇ ਜਾਣ ਤਾਂ ਜਨਵਰੀ 1926 ਨੂੰ ਸ. ਬਹਾਦਰ ਮਹਿਤਾਬ ਸਿੰਘ, ਗਿਆਨੀ ਸ਼ੇਰ ਸਿੰਘ ਤੇ ਸ. ਗੋਪਾਲ ਸਿੰਘ ਸਾਗਰੀ ਦੀ ਅਗਵਾਈ ਵਿੱਚ 19 ਲੀਡਰ ਬਾਹਰ ਆ ਗਏ ਤੇ ਸ. ਤੇਜਾ ਸਿੰਘ ਸਮੁੰਦਰੀ ਤੇ ਮਾ. ਤਾਰਾ ਸਿੰਘ ਆਦਿ ਅੜੇ ਰਹੇ ਕਿ ਉਹ ਇਹ ਨਹੀਂ ਲਿਖਦੇ ਕਿ ਐਕਟ ਮੰਨਣਗੇ। ਮਾਮੂਲੀ ਗੱਲ ਤੇ ਇਹ ਪਾੜਾ ਪਿਆ। ਫੇਰ ਇਹ ਲੜਾਈ ਮਾ. ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ ਵਿਚਕਾਰ ਹੋ ਗਈ, ਜੋ 1941 ਤੱਕ ਚੱਲਦੀ ਰਹੀ। ਗਿਆਨੀ ਕਰਤਾਰ ਸਿੰਘ ਅਨੁਸਾਰ 5 ਗੁਰਦੁਆਰਾ ਚੋਣਾਂ ਗਹਿਗੱਚ ਲੜਾਈ ਵਿੱਹ ਹੋਈਆਂ ਕਿਉਂਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦੀ ਮਿਆਦ 3 ਸਾਲ ਹੀ ਹੁੰਦੀ ਸੀ, ਪਰ ਪੰਥਕ ਮਸਲੇ ਤੇ ਸਾਰੇ ਇਕੱਠੇ ਹੋ ਜਾਂਦੇ ਸਨ, ਭਾਵੇਂ ਉਹ ਨਹਿਰੂ ਰਿਪੋਰਟ ਦੀ ਵਿਰੋਧਤਾ ਹੋਵੇ ਭਾਵੇਂ ਕੰਮਿਊਨਲ ਅਵਾਰਡ ਦੀ ਵਿਰੋਧਤਾ, ਗੁਰਦੁਆਰਾ ਸ਼ਹੀਦ ਗੰਜ ਦੇ ਮਸਲੇ ਤੇ ਵੀ ਇਕੱਠੇ ਚੱਲੇ। ਗੁਰਦੁਆਰਾ ਐਕਟ ਵਿੱਚ ਧਰਮ ਪ੍ਰਚਾਰ ਤੇ ਖਰਚ ਸਿਰਫ 5 ਹਜ਼ਾਰ ਰੁਪਏ ਹੀ ਕੀਤਾ ਜਾ ਸਕਦਾ ਸੀ, ਪਰ ਧਰਮ ਪ੍ਰਚਾਰ ਲਈ ਵੱਧ ਪੈਸੇ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਨੇ ਖਰਚ ਕਰਵਾ ਦਿੱਤੇ ਤਾਂ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੈਂਬਰ ਦੇ ਦਾਅਵੇ ਤੇ 5 ਹਜ਼ਾਰ ਤੋਂ ਵੱਧ ਪੈਸਿਆਂ ਦੀ ਦੋਵਾਂ ਵਿਰੁੱਧ ਡਿਗਰੀ ਹੋ ਗਈ, ਜੋ ਕਿ ਇੱਕਠੇ ਹੋਣ ਤੇ ਨਿਪਟੀ। 1943 ਵਿੱਚ ਗਿਆਨੀ ਕਰਤਾਰ ਸਿੰਘ ਨੇ ਗੁਰਦੁਆਰਾ ਐਕਟ ਵਿੱਚ ਤਰਮੀਮਾਂ ਕਰਵਾਈਆਂ, ਉਹ ਕਹਿੰਦੇ ਹੁੰਦੇ ਸਨ ਕਿ ਅਜੇ ਵੀ ਇਸ ਐਕਟ ਵਿੱਚ ਬਹੁਤ ਤਰਮੀਮਾਂ ਦੀ ਲੋੜ ਹੈ।
1947 ਤੱਕ ਤਕਰੀਬਨ ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਨਹੀਂ ਸੀ। ਇਸ ਪਿੱਛੋਂ ਨਾਗੋਕਾ ਗਰੁੱਪ ਕਾਂਗਰਸ ਵਿੱਚ ਜਾਣ ਤੇ ਪੱਕੇ ਤੌਰ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਹੋ ਗਿਆ। ਉਨ੍ਹਾਂ ਦਾ ਕਬਜਾ ਸ਼੍ਰੋਮਣੀ ਕਮੇਟੀ ਤੋਂ 1955 ਵਿੱਚ ਹੀ ਟੁੱਟਿਆ। ਫੇਰ ਸ਼੍ਰੋਮਣੀ ਕਮੇਟੀ ਤੇ ਮਾਸਟਰ ਜੀ ਤੋਂ ਪਿੱਛੋਂ ਸੰਤ ਫਤਿਹ ਸਿੰਘ ਹਾਵੀ ਹੋ ਗਏ ਤੇ ਉਨ੍ਹਾਂ ਨੇ ਆਪਣੇ ਧੜੇ ਦੇ ਸੰਤ ਚੰਨਣ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ, ਜੋ 1972 ਤੱਕ ਚੱਲਦਾ ਰਿਹਾ। 1972 ਤੋਂ ਜੱਥੇ. ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ। ਵਿਚਕਾਰ ਦੀ ਇੱਕ ਸਾਲ ਸ. ਕਾਬਲ ਸਿੰਘ ਬਣੇ ਸਨ, ਪਰ ਉਸ ਤੋਂ ਬਾਅਦ ਟੌਹੜਾ ਸਾਹਿਬ ਹਾਵੀ ਹੋ ਗਏ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਕਸ ਕੇ ਰੱਖਿਆ। ਕੋਸ਼ਿਸ਼ ਕੀਤੀ ਕਿ ਪੈਸੇ ਦੀ ਗਲਤ ਵਰਤੋਂ ਨਾ ਹੋਵੇ। ਸਿੱਖਿਆ ਸੰਸਥਾਵਾਂ ਨੂੰ ਖੁਲ੍ਹ ਕੇ ਪੈਸੇ ਦਿੱਤੇ। ਧਰਮ ਪ੍ਰਚਾਰ ਕਮੇਟੀ ਨੂੰ ਵੀ ਤਕੜਾ ਕਰਕੇ ਬਹੁਤ ਸਾਹਿਤ ਛਪਵਾਇਆ। ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਕਬਜੇ ਵਿੱਚ ਕਰਨ ਲਈ ਬਾਦਲ ਧੜੇ ਨੇ 1995 ਦੀਆਂ ਗੁਰਦੁਆਰਾ ਚੋਣਾਂ ਵਿੱਚ ਸ. ਗੁਰਚਰਨ ਸਿੰਘ ਟੌਹੜਾ ਦੇ ਪਰ ਕੱਟ ਦਿੱਤੇ ਤੇ ਅਧਿਕਾਰ ਸੀਮਤ ਕੀਤੇ। ਉਨ੍ਹਾਂ ਦੇ ਬੰਦਿਆਂ ਨੂੰ ਬਹੁਤ ਘੱਟ ਟਿਕਟ ਦਿੱਤੇ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਸਨ। 1997 ਵਿੱਚ ਬਾਦਲ ਸਾਹਿਬ ਦੀ ਸਰਕਾਰ ਆ ਗਈ ਤਾਂ ਹੋਰ ਵੀ ਚੜ੍ਹਤ ਹੋ ਗਈ। ਦਸੰਬਰ 1998 ਵਿੱਚ ਜੱਥੇ. ਟੌਹੜਾ ਨੇ ਬਾਦਲ ਸਾਹਿਬ ਨੂੰ ਕਹਿ ਦਿੱਤਾ ਕਿ ਮੁੱਖ ਮੰਤਰੀ ਜਾਂ ਪ੍ਰਧਾਨ ਅਕਾਲੀ ਦਲ ਵਿੱਚੋਂ ਇੱਕ ਅਹੁਦਾ ਰੱਖੋ। ਇਸ ਤੇ ਬਾਦਲ ਧੜਾ ਨਰਾਜ ਹੋ ਗਿਆ।
ਖਾਲਸੇ ਦੇ 300 ਸਾਲਾ ਜਨਮ ਦਿਨ ਨੂੰ ਇਕੱਠੇ ਮਨਾਉਣ ਦੀ ਕੋਸ਼ਿਸ਼ ਰੱਦ ਹੋ ਗਈ ਜਿਹੜੀ ਕਿ ਭਾਈ ਰਣਜੀਤ ਸਿੰਘ ਨੇ ਦਿੱਤੀ ਸੀ ਤਾਂ ਦੋਵਾਂ ਦੀ ਛੁੱਟੀ ਕਰ ਦਿੱਤੀ ਗਈ। ਉਸ ਸਮੇਂ ਤੋਂ ਸ਼੍ਰੋਮਣੀ ਕਮੇਟੀ ਬਾਦਲ ਸਾਹਿਬ ਦੀ ਜੇਬ ਵਿੱਚ ਹੀ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੀ ਕਾਰਜਕਾਰੀ ਦੇ ਸਾਰੇ ਮੈਂਬਰ ਚੰਡੀਗੜ੍ਹ ਤੋਂ ਹੀ ਬਣ ਕੇ ਆਉਂਦੇ ਹਨ। ਉਸ ਨੂੰ ਕੋਈ ਤੋੜ ਨਹੀਂ ਸਕਦਾ। ਪੈਸੇ ਦੀ ਸਹੀ ਵਰਤੋਂ ਨਾ ਹੋਈ ਪਿੱਛੇ ਜਿਹੇ 3 ਲੱਖ ਦੀ ਤਨਖਾਹ ਤੇ ਇੱਕ ਮੁੱਖ ਸਕੱਤਰ ਸ. ਹਰਚਰਨ ਸਿੰਘ ਨੂੰ ਲਾ ਦਿੱਤਾ ਗਿਆ ਤੇ ਉਸ ਦੇ 2 ਲੱਖ ਦੇ ਹੋਰ ਖਰਚੇ ਵੀ ਸਨ। ਹੁਣ ਪਿੱਛੇ ਜਿਹੇ ਉਨ੍ਹਾਂ ਨੇ ਆਪਣੀ ਤਨਖਾਹ ਘਟਾ ਕੇ 1 ਰੁਪਏ ਮਹੀਨਾ ਕਰ ਦਿੱਤੀ ਸੀ, ਅਸਤੀਫਾ ਦੇ ਗਏ ਹਨ। ਹੁਣ ਇਹ ਆਮ ਅਫਵਾਹ ਹੈ ਕਿ ਮੁੱਖ ਸਕੱਤਰ ਬਾਦਲ ਸਾਹਿਬ ਦਰਬਾਰਾ ਸਿੰਘ ਗੁਰੂ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਲਾਉਣਗੇ ਤਾਂ ਕਿ ਸ਼੍ਰੋਮਣੀ ਕਮੇਟੀ ਤੇ ਕਬਜਾ ਬਹਾਲ ਰਹੇ। ਲੋੜ ਹੈ ਕਿ ਗੁਰੂ ਘਰਾਂ ਤੇ ਸੋਨੇ ਦੀ ਸੇਵਾ ਦੀ ਬਜਾਏਂ ਪਤਿੱਤਾਂ ਵਿਰੁੱਧ ਆਵਾਜ ਉਠੇ ਜਿਹੜੇ ਪਤਿੱਤ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦੇ ਹਨ, ਉਨ੍ਹਾਂ ਨੂੰ ਸਿੱਖੀ ਤੋਂ ਖਾਰਜ ਨਾ ਮੰਨਿਆ ਜਾਵੇ। ਸਾਰੇ ਸਿੱਖ ਅੰਮ੍ਰਿਤਧਾਰੀ ਨਹੀਂ ਹਨ, ਬਹੁਤੇ ਦਾੜੀ ਕੇਸਾਂ ਵਾਲੇ ਵੀ ਅੰਮ੍ਰਿਤਧਾਰੀ ਨਹੀਂ, ਪਰ ਜੇ ਕੋਈ ਦਾੜੀ ਕਤਰਦਾ ਹੈ ਤਾਂ ਸਿੱਖੀ ਤੋਂ ਖਾਰਜ ਨਾ ਕੀਤਾ ਜਾਏ। 1943 ਵਿੱਚ ਸਹਿਜਧਾਰੀਆਂ ਨੂੰ ਸ਼ਾਇਦ ਇਸੇ ਕਰਕੇ ਵੋਟ ਦਾ ਹੱਕ ਦਿੱਤਾ ਸੀ। ਗਰੀਬ ਸਿੱਖ ਜਿਵੇਂ ਸਿਗਲੀਗਰ, ਸਹਿਸੀ ਜਾਂ ਹੋਰ ਗੁਰੂ ਘਰ ਦੇ ਸ਼ਰਧਾਲੂਆਂ ਨੂੰ ਇੱਜਤ ਮਾਨ ਕਿਲੇ।
ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਸਹੂਲਤਾਂ ਲਈ ਸ਼੍ਰੋਮਣੀ ਕਮੇਟੀ ਖਰਚ ਕਰੇ। 1947 ਤੋਂ ਪਹਿਲਾਂ ਆਮ ਤੌਰ ਤੇ ਅਕਾਲੀ ਲੀਡਰ ਖਾਲਸਾ ਕਾਲਜ ਦੇ ਵਿੱਦਿਆਰਥੀਆਂ ਦੀ ਕਾਫੀ ਹੱਦ ਤੱਕ ਫੀਸਾਂ ਆਦਿ ਦਾ ਖਰਚਾ ਝੱਲਦੇ ਸਨ। ਇਸਾਈ ਆਮ ਤੌਰ ਤੇ ਧਰਮ ਪ੍ਰਚਾਰ ਕਰਦੇ ਵੇਖੇ ਜਾ ਸਕਦੇ ਹਨ, ਪਰ ਸ਼੍ਰੋਮਣੀ ਕਮੇਟੀ ਦਾ ਕੋਈ ਕਰਮਚਾਰੀ ਮੈਂ ਪ੍ਰਚਾਰ ਕਰਦਾ ਨਹੀਂ ਦੇਖਿਆ ਨਾ ਕੋਈ ਸਮੱਗਰੀ ਵੰਡਦਾ ਦੇਖਿਆ ਹੈ। ਸ਼੍ਰੋਮਣੀ ਕਮੇਟੀ ਤੋਂ ਬਿਨਾਂ ਚੰਗੇ ਕੰਮਾਂ ਲਈ ਅਮੀਰ ਸਿੱਖ ਵੀ ਅੱਗੇ ਆ ਸਕਦੇ ਹਨ। ਸ਼੍ਰੋਮਣੀ ਕਮੇਟੀ ਨਿਰਪੱਖ ਹੋਵੇ ਪ੍ਰਧਾਨ ਕਿਸੇ ਤਰ੍ਹਾਂ ਦਾ ਦਬਾਓ ਯੋਗ ਨਹੀਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੁਤਵਾ ਅਕਾਲੀ ਦਲ ਦੇ ਰੁਤਵੇ ਤੋਂ ਘੱਟ ਨਹੀਂ। ਲੋੜ ਹੈ ਸਾਰੇ ਪੰਥ ਨੂੰ ਇਸ ਬਾਰੇ ਸੋਚਣ ਦੀ।

Check Also

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਸੁਰਜੀਤ ਸਿੰਘ, ਗੁਰਨੈਬ ਸਿੰਘ ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ …