Breaking News
Home / ਕੈਨੇਡਾ / ਕੰਵਰ ਸੰਧੂ ਪੰਜਾਬੀ ਮੀਡੀਆ ਦੇ ਰੂਬਰੂ

ਕੰਵਰ ਸੰਧੂ ਪੰਜਾਬੀ ਮੀਡੀਆ ਦੇ ਰੂਬਰੂ

ਪੰਜਾਬ ‘ਚ ਸਰਕਾਰ ਬਦਲੀ ਹਾਲਾਤ ਨਹੀਂ
ਬਰੈਂਪਟਨ/ਡਾ ਝੰਡ : ਲੰਘੇ ਸੋਮਵਾਰ ਪੰਜਾਬੀ ਮੀਡੀਆ ਦੇ ਮੈਂਬਰਾਂ ਵੱਲੋਂ ਪ੍ਰਸਿੱਧ ਮੀਡੀਆਕਾਰ ‘ਆਪ’ ਦੇ ਨੇਤਾ ਅਤੇ ਪੰਜਾਬ ਨਾਲ ਸਬੰਧਿਤ ਐੱਨ.ਆਰ.ਆਈ. ਮਾਮਲਿਆਂ ਦੇ ਇੰਚਾਰਜ ਕੰਵਰ ਸੰਧੂ ਨਾਲ ਸਥਾਨਕ ‘ਬੁਖ਼ਾਰਾ ਰੈਸਟੋਰੈਂਟ’ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ‘ਆਪ’ ਦੇ ਟੋਰਾਂਟੋ ਯੂਨਿਟ ਦੇ ਪ੍ਰਧਾਨ ਸੁਰਿੰਦਰ ਮਾਵੀ ਅਤੇ ਇਸ ਦੇ ਸਮੱਰਥਕ ਹਰਿੰਦਰ ਸਿੰਘ ਸੋਮਲ ਸੁਸ਼ੋਭਿਤ ਸਨ। ਮੰਚ-ਸੰਚਾਲਕ ਪਾਲ ਬਡਵਾਲ ਨੇ ਕੰਵਰ ਸੰਧੂ, ‘ਆਪ’ ਦੇ ਮੈਂਬਰਾਂ ਅਤੇ ਆਏ ਸਾਰੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਸੱਭ ਤੋਂ ਪਹਿਲਾਂ ਸੁਰਿੰਦਰ ਮਾਵੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਪੰਜਾਬ ਤੋਂ ਆਏ ‘ਆਪ’ ਦੇ ਆਗੂ ਕੰਵਰ ਸੰਧੂ ਅਤੇ ਸਮਾਗ਼ਮ ਵਿਚ ਹਾਜ਼ਰ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਕਹੀ ਗਈ।  ਉਪਰੰਤ, ਕੰਵਰ ਸੰਧੂ ਨੇ ਪੰਜਾਬੀ ਮੀਡੀਆ ਨਾਲ ਜੁੜੇ ਕਰਮੀਆਂ, ‘ਆਪ’ ਦੇ ਮੈਂਬਰਾਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਨਵੀਂ ਸਰਕਾਰ ਆਉਣ ਨਾਲ ਉੱਥੇ ਅਜੇ ਤੱਕ ਤਾਂ ਕੋਈ ਤਬਦੀਲੀ ਮਹਿਸੂਸ ਨਹੀਂ ਕੀਤੀ ਜਾ ਰਹੀ। ਸੱਭ ਕੁਝ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਸਿਰਫ਼ ਪੱਗਾਂ ਦਾ ਰੰਗ ਹੀ ਬਦਲਿਆ ਹੈ, ਹੋਰ ਕੁਝ ਵੀ ਨਹੀਂ। ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋ ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਵੱਲੋਂ ਖ਼ੁਦਕਸ਼ੀਆਂ ਦਾ ਸਿਲਸਿਲਾ ਉਵੇਂ ਹੀ ਜਾਰੀ ਹੈ ਅਤੇ ਇਸ ਸਮੇਂ ਦੌਰਾਨ ਉੱਥੇ ਕਈ ਹੋਰ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ 2012 ਵਿਚ ਲੋਕਾਂ ਦਾ ਫ਼ਤਵਾ ਵੈਸੇ ਤਾਂ ਅਕਾਲੀ ਦਲ ਦੇ ਵਿਰੁੱਧ ਸੀ ਪਰ ਬਾਦਲ ਸਾਹਿਬ ਫਿਰ ਵੀ ਦੂਸਰੀ ਵਾਰ ਸਰਕਾਰ ਬਨਾਉਣ ਵਿਚ ਸਫ਼ਲ ਹੋ ਗਏ। ਪੰਜਾਬ ਦੀ ‘ਆਪ’ ਇਕਾਈ ਦੀ ਲੀਡਰਸ਼ਿਪ ਵਿਚ ਹੋਈ ਤਬਦੀਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਆਗੂਆਂ ਦੇ ਆਪਸੀ ਤਾਲ-ਮੇਲ ਵਿਚ ਕਾਫ਼ੀ ਇਜ਼ਾਫ਼ਾ ਹੋਇਆ ਹੈ ਅਤੇ ਇਸ ਦੇ ਸਾਰਥਕ ਨਤੀਜੇ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੈਂਬਰਾਂ ਵਿਚ ਹੁਣ ਕਾਫ਼ੀ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਮੀਡੀਆ ਵੱਲੋਂ ‘ਸਰਗਮ’ ਰੇਡੀਓ ਦੇ ਸੰਚਾਲਕ ਡਾ. ਬਲਵਿੰਦਰ, ‘ਪੰਜਾਬੀ ਦੁਨੀਆਂ’ ਰੇਡੀਓ ਦੇ ਹਰਜੀਤ ਗਿੱਲ, ‘ਸਿੱਖ ਸਪੋਕਸਮੈਨ’ ਦੇ ਮਲੂਕ ਸਿੰਘ ਕਾਹਲੋਂ, ‘ਪਰਵਾਸੀ ਮੀਡੀਆ’ ਦੇ ਰਜਿੰਦਰ ਸੈਣੀ, ‘ਗਲੋਬਲ ਪੰਜਾਬ’ ਟੀ.ਵੀ.ਵੱਲੋਂ ਪ੍ਰੋ.ਜਗੀਰ ਸਿੰਘ ਕਾਹਲੋਂ ਅਤੇ ‘ਰਮਜ਼’ ਰੇਡੀਓ ਤੇ ਟੀ.ਵੀ. ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਅਤੇ ਕਈ ਹੋਰਨਾਂ ਵੱਲੋਂ ਪੰਜਾਬ ਦੀ ਲੀਡਰਸ਼ਿਪ ਵਿਚ ਹੋਈ ਤਬਦੀਲੀ, ਸੁੱਚਾ ਸਿੰਘ ਛੋਟੇਪੁਰ ਨੂੰ ਗ਼ੈਰ-ਸੰਵਿਧਾਨਕ ਅਤੇ ਬੇ-ਇਜ਼ਤੀ ਭਰੇ ਤਰੀਕੇ ਨਾਲ ਕਨਵੀਨਰਸ਼ਿਪ ਤੋਂ ਹਟਾਉਣ ਅਤੇ ਪੰਜਾਬ ਦੇ ਸਰਕਾਰੀ ਪੈੱਨਸ਼ਨਰ ਜੋ ਹੁਣ ਵਿਦੇਸ਼ਾਂ ਵਿਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਹਿ ਰਹੇ ਹਨ, ਦੀ ਪੈੱਨਸ਼ਨ ਨਾਲੋਂ ਪਿਛਲੀ ਅਕਾਲੀ ਸਰਕਾਰ ਵੱਲੋਂ ਡੀ.ਏ. ਹਟਾਉਣ ਦੇ ਫ਼ੈਸਲੇ ਸਮੇਤ ਕਈ ਸਵਾਲ ਕੀਤੇ ਗਏ ਜਿਨ੍ਹਾਂ ਦੇ ਜੁਆਬ ਕੰਵਰ ਸੰਧੂ ਵੱਲੋਂ ਬੜੇ ਠਰ੍ਹੰਮੇ ਨਾਲ ਵਿਸਥਾਰ-ਪੂਰਵਕ ਦਿੱਤੇ ਗਏ। ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹਰਿੰਦਰ ਸਿੰਘ ਸੋਮਲ ਨੇ ਕੰਵਰ ਸੰਧੂ ਅਤੇ ਇਸ ਮੀਡੀਆ-ਮਿਲਣੀ ਵਿਚ ਹਾਜ਼ਰ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ‘ਆਪ’ ਦੇ ਮੈਂਬਰਾਂ ਨੂੰ ਹੋਰ ਸਰਗ਼ਰਮ ਹੋਣ ਦੀ ਅਪੀਲ ਕੀਤੀ। ਉਨ੍ਹਾਂ ਮੀਡੀਆ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਡੀ ਗਿਣਤੀ ‘ਚ ਇਸ ਪ੍ਰੈੱਸ-ਮਿਲਣੀ ਵਿਚ ਸ਼ਿਰਕਤ ਕੀਤੀ। ਮੰਚ-ਸੰਚਾਲਨ ਦੀ ਕਾਰਵਾਈ ਪਾਲ ਬਡਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਜੁਲਾਈ ਸਮਾਗ਼ਮ ‘ਚ ਹੋਵੇਗਾ ‘ਸਾਵਣ ਕਵੀ-ਦਰਬਾਰ’

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਹੋਣ ਵਾਲਾ ਸਮਾਗ਼ਮ 15 ਜੁਲਾਈ …