Breaking News
Home / ਪੰਜਾਬ / ਵਾਲ ਕੱਟਣ ਦੀਆਂ ਘਟਨਾਵਾਂ ਵਧਣ ਕਾਰਨ ਪੰਜਾਬ ‘ਚ ਦਹਿਸ਼ਤ

ਵਾਲ ਕੱਟਣ ਦੀਆਂ ਘਟਨਾਵਾਂ ਵਧਣ ਕਾਰਨ ਪੰਜਾਬ ‘ਚ ਦਹਿਸ਼ਤ

ਵੱਖ-ਵੱਖ ਥਾਈਂ ਕਈ ਔਰਤਾਂ ਦੇ ਵਾਲ ਕੱਟੇ
ਵਹਿਮ-ਭਰਮ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇ : ਬਡੂੰਗਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਕੱਲ੍ਹ ਵਾਲ ਕੱਟਣ ਦੀਆਂ ਘਟਨਾਵਾਂ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿਚ ਹੈ। ਰੋਜ਼ਾਨਾ ਹੀ ਜਿੱਥੇ ਵੱਖ-ਵੱਖ ਥਾਵਾਂ ‘ਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਥੇ 11 ਹੋਰ ਔਰਤਾਂ ਦੇ ਵਾਲ ਕੱਟਣ ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ। ਬਲਾਚੌਰ ਦੇ ਪਿੰਡ ਆਲੋਵਾਲ ਵਿਖੇ ਵੀ ਇਕ ਲੜਕੀ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ‘ਚ ਵੀ ਗੁੱਤਾਂ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਡਰਦੇ ਮਾਰੇ ਕਈ ਤਰ੍ਹਾਂ ਦੇ ਟੂਣੇ-ਟਾਮਣ ਤੇ ਹੋਰ ਵਹਿਮ ਭਰਮ ਅਪਣਾ ਰਹੇ ਹਨ। ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਦੇ ਮੇਨ ਗੇਟ ਅੱਗੇ ਨਿੰਬੂ ਟੰਗਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰੇ ਤਾਂ ਜੋ ਲੋਕ ਵਹਿਮਾਂ ਭਰਮਾਂ ਦੇ ਜਾਲ ਵਿੱਚ ਨਾ ਫ਼ਸਣ। ਉਨ੍ਹਾਂ ਕਿਹਾ ਕਿ ਅਜਿਹੇ ਵਹਿਮ ਭਰਮ ਫੈਲਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

 

Check Also

ਸੰਨੀ ਦਿਓਲ ਨੂੂੰ ਰਾਜਨੀਤੀ ਬਾਰੇ ਕੁਝ ਪਤਾ ਨਹੀਂ, ਪਰ ਜਿੱਤਣ ਦੀ ਆਸ

ਸੰਨੀ ਨੇ ਹਾਈਕੋਰਟ ‘ਚ ਪਾਈ ਪਟੀਸ਼ਨ – ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਨਿਆ ਜਾਵੇ ਚੰਡੀਗੜ੍ਹ/ਬਿਊਰੋ …