Breaking News
Home / ਰੈਗੂਲਰ ਕਾਲਮ / ਨਵਜੋਤ ਸਿੰਘ ਸਿੱਧੂ ਦੀ ਦਰਿਆ-ਦਿਲੀ ਨੇ ਦਿਲ ਮੋਹੇ!

ਨਵਜੋਤ ਸਿੰਘ ਸਿੱਧੂ ਦੀ ਦਰਿਆ-ਦਿਲੀ ਨੇ ਦਿਲ ਮੋਹੇ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਨਵਜੋਤ ਸਿੰਘ ਸਿੱਧੂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਤੇ ਹੁਣ ਲਗਾਤਾਰ ਚਾਰ-ਪੰਜ ਵਾਰੀ ਮਿਲਣ ਦਾ ਲਗਾਤਾਰ ਮੌਕਾ ਇਸ ਲਈ ਬਣਿਆ ਹੈ ਜਦ ਉਹਨੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਹੁੰਦਿਆਂ ਪੰਜਾਬ ਦੀ ਸਭਿਆਚਾਰਕ ਨੀਤੀ ਘੜਨ ਵਾਸਤੇ ਲੇਖਕਾਂ, ਕਲਾਕਾਰਾਂ ਤੇ ਇਸ ਖੇਤਰ ਦੇ ਚੁਣੀਂਦਾ ਬੰਦਿਆਂ ਨੂੰ ਚੰਡੀਗੜ੍ਹ ਪੰਜਾਬ ਭਵਨ ਵਿਚ ਇਕੱਠਿਆਂ ਕੀਤਾ ਤੇ ਲੰਬੇ ਵਿਚਾਰ-ਵਟਾਂਦਰੇ ਕਰਨ ਤੋਂ ਬਾਅਦ ਪੰਜਾਬ ਦੀ ਸਭਿਆਚਾਰਕ ਨੀਤੀ ਬਣਾਉਣ ਬਾਰੇ ਇੱਕ ਖਰੜਾ ਤਿਆਰ ਕਰਵਾਇਆ ਤੇ ਖਰੜੇ ਦੀ ਸੋਧ-ਸੁਧਾਈ ਲਈ ਮੁੜ ਵਿਚਾਰ ਜਾਣੇ ਗਏ ਹਨ ਤੇ ਇਸ ਵੇਲੇ ਇਹ ਕੰਮ ਪੰਜਾਬ ਦਾ ਸਭਿਆਚਾਰਕ ਮਹਿਕਮਾ ਪੂਰੀ ਚੁਸਤੀ-ਫੁਰਤੀ ਨਾਲ ਕਰ ਰਿਹਾ ਹੈ। ਸਿੱਧੂ ਦਾ ਕਹਿਣਾ ਹੈ ਕਿ ਉਹਨੇ ਜੋ ਮਨ ਵਿਚ ਧਾਰ ਲਿਆ ਹੈ, ਉਹ ਹੋ ਕੇ ਰਹੇਗਾ ਤੇ ਉਹ ਕਰ ਕੇ ਵਿਖਾਏਗਾ। ਜਿੱਥੋਂ ਤੀਕ ਮੇਰੀ ਜਾਣਕਾਰੀ ਹੈ ਕਿ ਪੰਜਾਬ ਦੇ ਸਭਿਆਚਾਰਕ ਮਹਿਕਮੇ ਨੂੰ ਭਾਸ਼ਾ ਵਿਭਾਗ ਦੇ ਮਹਿਕਮੇ ਵਾਂਗ ਲੋਕੀ ਮਹਿਕਮਾ ਹੀ ਨਹੀਂ ਸਮਝਦੇ। ਹੁਣ ਸਮਝਣ ਲੱਗ ਜਾਣਗੇ। ਚੰਡੀਗੜ੍ਹ ਹੋਈਆਂ ਲੰਬੀਆਂ ਚਾਰ-ਚਾਰ ਘੰਟੇ ਤੋਂ ਵੱਧ ਸਮੇਂ ਦੀਆਂ ਮੀਟਿੰਗਾਂ ਦੌਰਾਨ ਸਿੱਧੂ ਨੇ ਹਰ ਇੱਕ ਨੂੰ ਪੂਰਾ-ਪੂਰਾ ਸੁਣਿਆ ਹੈ। ਉਹ ਕਾਹਲਾ ਰਤਾ ਵੀ ਨਹੀਂ ਪਿਆ। ਉਸ ਨੇ ਤਾਂ ਇੱਕ ਮੀਟਿੰਗ ਵਿਚ ਇਹ ਵੀ ਆਖਿਆ, ”ਤੁਸੀਂ ਸਾਰੇ ਮੈਥੋਂ ਵੱਡੇ ਹੋ ਤੇ ਆਦਰਯੋਗ ਹੋ, ਮੈਂ ਭੁੱਲਣਹਾਰ ਹਾਂ, ਮੈਂ ਗਲਤੀ ਵੀ ਕਰਾਂ ਤਾਂ ਸਿਰ ‘ਤੇ ਹੱਥ ਰੱਖਣਾ, ਤੁਸੀਂ ਕਿਸੇ ਨੇ ਰੁੱਸਣਾ ਨਹੀਂ, ਜੇ ਕੋਈ ਰੁੱਸ ਵੀ ਜਾਊ ਤਾਂ ਮੈਂ ਘਰ ਜਾ ਕੇ ਮਨਾਊਂਗਾ।” ਉਸਦੇ ਏਨਾ ਕਹਿਣ ਤੇ ਆਵਾਜ਼ਾਂ ਉੱਠੀਆਂ ਕਿ ਅਸੀਂ ਤਾਂ ਅੱਜ ਹੀ ਰੁੱਸਦੇ ਆਂ, ਏਨੇ ਨਾਲ ਤੁਸੀਂ ਸਾਡੇ ਘਰ ਤਾਂ ਆ ਜਾਉਗੇ। ਮੀਟਿੰਗਾਂ ਵਿਚ ਹਾਸਾ-ਠੱਠਾ ਵੀ ਹੁੰਦਾ ਰਿਹਾ ਤੇ ਗੰਭੀਰਤਾ ਵੀ ਹਾਵੀ ਰਹੀ ਹੈ। ਸਿੱਧੂ ਨਾ ਕਿਸੇ ਮੀਟਿੰਗ ਦੇ ਵਿਚਕਾਰੋਂ ਉਠਕੇ ਗਿਆ ਤੇ ਨਾ ਫੋਨ ਸੁਣਿਆ। ਪਰ ਲੱਤਾਂ ਖਿੱਚਣ ਵਾਲੇ ਚੌਧਰੀ-ਜਨ ਲੱਤਾਂ ਵੀ ਖਿੱਚਦੇ ਰਹੇ ਹਨ। ਇੱਕ ਖਾਸ ਗੱਲ: ਇਹ ਪਹਿਲੀ ਵਾਰੀ ਹੋਇਆ ਕਿ ਕੋਈ ਸਭਿਆਚਾਰਕ ਮਾਮਲਿਆਂ ਦਾ ਮੰਤਰੀ ਪੰਜਾਬ ਦੇ  ਸਭਿਆਚਾਰ ਬਾਰੇ ਵੀ ਫਿਕਰਮੰਦ ਹੋਇਆ ਹੈ ਤੇ ਸੁਸਤਾ ਰਹੇ ਮਹਿਕਮੇ ਵਿਚ ਜਾਨ ਪਈ ਹੈ। ਪਹਿਲੇ ਮੰਤਰੀ ਸੋਹਣ ਸਿੰਘ ਠੰਡਲ ਵਰਗੇ ਤੇ ਹੋਰ ਠੰਡੇ ਹੀ ਰਹੇ ਹਨ। ਉਹ ਸੋਚਦੇ ਰਹੇ ਕਿ ਸਭਿਆਚਾਰ ਦੀ ਗੱਲ ਕਰ ਕੇ ਕਮਲੇ-ਰਮਲੇ ਅਖਵਾਵਾਂਗੇ। ਸਿੱਧੂ ਨੇ ਦੋ ਆਹਲਾ ਤੇ ਨੇਕ ਅਫਸਰ ਆਪਣੇ ਨਾਲ ਜੋੜੇ ਹਨ, ਸਕੱਤਰ ਸ੍ਰ ਜਸਪਾਲ ਸਿੰਘ ਆਈ.ਏ.ਐਸ ਅਤੇ ਡਾਇਰੈਕਟਰ ਸ੍ਰ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ। ਇਸ ਵਾਰ ਦੇ ਬੱਜਟ ਵਿਚ ਸਭਿਆਚਾਰ ਤੇ ਸੈਰ-ਸਪਾਟਾ ਲਈ 26 ਕਰੋੜ ਦਾ ਬੱਜਟ ਵੀ ਪਾਸ ਕਰਵਾ ਲਿਆ ਗਿਆ ਹੈ। ਸੋ, ਜੇ ਕੁਝ ਅੱਛਾ ਹੋਣ ਲੱਗਿਆ ਹੈ ਤਾਂ ਸਾਨੂੰ ਸਭਨੂੰ ਸਲਾਹੁਤਾ ਤੇ ਹੌਸਲਾ ਅਫਜਾਈ ਕਰਨੀ ਬਣਦੀ ਹੈ।
ੲੲੲ
9 ਜੂਨ ਦੀਆਂ ਅਖਬਾਰਾਂ ਵਿੱਚ ਖਬਰ ਸੀ ਕਿ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਪੰਜਾਬ ਸਰਕਾਰ ਵਲੋਂ ਮੁਫਤ ਇਲਾਜ ਕਰਵਾਏ ਜਾਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਸਿੱਖਿਆ ਤੇ ਸਿਹਤ ਮੰਤਰੀ ਆਨਾ-ਕਾਨੀ ਕਰਨ ਲੱਗੇ ਹਨ। ਇਸੇ ਦਿਨ ਹੀ ਗਿਆਰਾਂ ਵਜੇ ਪੰਜਾਬ ਭਵਨ ਚੰਡੀਗੜ ਵਿਖੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੇਖਕਾਂ ਅਤੇ ਕਲਾਕਾਰਾਂ ਦੀ ਮੀਟਿੰਗ ਸੱਦੀ ਹੋਈ ਸੀ। ਮੈਂ ਵੀ ਇਸ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜਾ ਹੋਇਆ ਸਾਂ ਤੇ ਸਿੱਧੂ ਹੋਰਾਂ ਨਾਲ ਸਾਡੀ ਇਹ ਚੌਥੀ ਮੀਟਿੰਗ ਸੀ ਪੰਜਾਬ ਦੀ ਸਭਿਆਚਾਰਕ ਨੀਤੀ ਘੜਨ ਬਾਰੇ। ਖਬਰ ਪੜਨ ਮਗਰੋਂ ਮੈਂ ਇਹ ਪੱਕਾ ਧਾਰ ਲਿਆ ਕਿ ਔਲਖ ਸਾਹਿਬ ਵਾਲਾ ਮੁੱਦਾ ਮੈਂ ਇਸ ਮੀਟਿੰਗ ਵਿੱਚ ਚੁੱਕਾਂਗਾ ,ਕੋਈ ਹੋਰ ਚੁੱਕੇ ਨਾ ਚੁੱਕੇ।ਜਦ ਮੇਰੇ ਬੋਲਣ ਦੀ ਵਾਰੀ ਆਈ, ਤਾਂ ਮੈਂ ਜੋ ਉਥੇ ਕਿਹਾ, ਉਹੀ ਏਥੇ ਦਰਜ਼ ਕਰ ਰਿਹਾ ਹਾਂ, (ਜੋ ઠਭਾਗ ਮੈਂ ਔਲਖ ਸਾਹਿਬ ਬਾਰੇ ਬੋਲਿਆ) ”ਅੱਜ ਔਲਖ ਸਾਹਿਬ ਬਾਰੇ ਖਬਰ ਲੱਗੀ ਹੈ ਸਿੱਧੂ ਸਾਹਿਬ, ਆਹ ਨਾਟਕਾਂ ਵਾਲੇ ਸਾਹਮਣੇ ਬੈਠੇ ਨੇ..( ਏਨਾ ਆਖਣ ਤੇ ਕੋਈ ਵੀ ਨਹੀਂ ਬੋਲਿਆ)..ਕੱਲ ਔਲਖ ਸਾਹਬ ਨੂੰ ਫੋਰਟਿਸ ਵਿੱਚੋਂ ਰਿਲੀਵ ਕਰਨਾ ਹੈ। ਪਰ ਉਹਨਾਂ ਉਨੀਂ ਲੱਖ ਦਾ ਬਿੱਲ ਉਹਨਾਂ ਦੇ ਪਰਿਵਾਰ ਦੇ ਹੱਥ ਫੜਾ ਦਿੱਤਾ ਹੈ, ਬੀਬੀ ਅਰੁਣਾ ਚੌਧਰੀ ਤੇ ਬ੍ਰਹਮ ਮਹਿੰਦਰਾ ਜੀ ਕਹਿ ਕੇ ਆਏ ਸਨ ਕਿ ਅਸੀਂ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਵਾਂਗੇ , ਹੁਣ ਸਰ , ਜੇ ਕਰਨਾ ਹੀ ਨਹੀਂ ਸੀ ਤਾਂ ਕਹਿਣ ਦੀ ਕੀ ਲੋੜ ਸੀ .. ਜਦ ਪਰਿਵਾਰ ਨੇ ਸਰਕਾਰ ਦਾ ਹਵਾਲਾ ਦਿੱਤਾ ਤਾਂ ਹਸਪਤਾਲ ਕਹਿ ਰਿਹੈ ਕਿ ਸਰਕਾਰ ਨੇ ਤਾਂ ਜ਼ੁਬਾਨੀ ਕਿਹਾ ਸੀ, ਲਿਖਤੀ ਨਹੀਂ, ਹੁਣ ਉੱਥੇ ਚੱਕਰ ਪੈ ਰਿਹੈ, ਮੰਤਰੀ ਜੀ ਦਾ ਫੋਨ ਬੰਦ ਆ ਰਿਹੈ ਸਰ.. ਸਿੱਧੂ ਸਾਹਿਬ ਤੁਹਾਡਾ ਜੋ ਲੋਕਾਂ ਵਿੱਚ ਇਮੇਜ ਹੈ , ਤੇ ਜੋ ਹੁਣ ਬਣ ਰਿਹੈ ਕਿ ਸਿੱਧੂ ਸਾਹਿਬ ਪੰਜਾਬ ਦੇ ਸਭਿਆਚਾਰ ਦੀ ਬੜੋਤਰੀ ਲਈ ਸਰਗਰਮ ਹੋ ਗਏ ਹਨ , ਇਹ ਪੰਪ ਮਾਰਨ ਵਾਲੀ ਗੱਲ ਨਹੀਂ ਹੈ, ਲੋਕਾਂ ਵਿੱਚ ਅੱਛਾ ਸੁਨੇਹਾ ਜਾ ਰਿਹੈ ..ਸਰ ਤੁਸੀਂ ਸਭਿਆਚਾਰ ਦੇ ਮੰਤਰੀ ਹੋ , ਤੁਹਾਨੂੰ ਔਲਖ ਸਾਹਿਬ ਦਾ ਹਾਲ ਚਾਲ ਪੁੱਛਣ ਲਈ ਜਰੂਰ ਜਾਣਾ ਚਾਹਿਦਾ ਸੀ, ਤੁਹਾਡਾ ਟਾਇਮ ਨਹੀਂ ਲੱਗਾ ਜਾਂ ਕਿਸੇ ਸਲਾਹਕਾਰ ਨੇ ਸਲਾਹ ਨਹੀਂ ਦਿੱਤੀ, ਸਰ , ਸਲਾਹ ਦਿੰਦੇ ਵੀ ਨਹੀਂ ਕਈ ਬੰਦੇ, ਸਰ, ਤੁਸੀਂ ਔਲਖ ਸਾਹਿਬ ਦਾ ਪਤਾ ਲੈ ਕੇ ਆਉਂਦੇ ਤੇ ਕੋਈ ਹੱਲ ਕੱਢਦੇ।” ਸਾਰੀ ਗੱਲ ਸੁਣਕੇ ਸ੍ਰ. ਨਵਜੋਤ ਸਿੰਘ ਸਿੱਧੂ ਆਖਣ ਲੱਗੇ , ”ਵੇਖੋ, ਜੋ ਪਹਿਲਾਂ ਦੋ ਲੱਖ ਪੰਜਾਬ ਸਰਕਾਰ ਨੇ ਦਿੱਤੈ, ਜਾਂ ਔਲਖ ਸਾਹਿਬ ਦੇ ਪਰਿਵਾਰ ਨੇ ਖਰਚਿਆ, ਬਾਕੀ ਰਹਿੰਦਾ ਮੈ ਹੁਣੇ ਤੈਨੂੰ ਚੈੱਕ ਦੇ ਦਿੰਦਾਂ ਹਾਂ, ਤੂੰ ਜਾ ਕੇ ਦੇ ਆ।” ਏਨੀ ਸੁਣ ਕੇ ਜਿਹੜੇ ਚੁੱਪ ਸਨ, ਤਾੜੀਆਂ ਮਾਰਨ ਲੱਗੇ । ਮੀਟਿੰਗ ਮੁੱਕਣ ਵਾਲੀ ਸੀ। ਸਿੱਧੂ ਨੇ ਇਸ਼ਾਰਾ ਕਰਕੇ ਮੈਨੂੰ ਕੋਲ ਬੁਲਾਇਆ ਤੇ ਕਿਹਾ, ”ਤੂੰ ਹੁਣੇ ਫੋਨ ਕਰਕੇ ਪਤਾ ਕਰ, ਆਪਾਂ ਹੁਣੇ ਫੋਰਟਿਸ ਚਲਦੇ ਹਾਂ ਔਲਖ ਸਾਹਿਬ ਦਾ ਪਤਾ ਲੈਣ।” ਮੈਂ ਔਲਖ ਸਾਹਿਬ ਵਾਲੇ ਫੋਨ ਤੇ ਫੋਨ ਮਿਲਾਇਆ ਤਾਂ ਅੱਗੋਂ ਉਹਨਾਂ ਦੀ ਪਤਨੀ ਮਨਜੀਤ ਔਲਖ ਜੀ ਬੋਲੇ। ਮੈਂ ਸਾਰੀ ਗੱਲ ਦੱਸੀ। ਖੈਰ! ਮੀਟਿੰਗ ਮੁੱਕੀ । ਸਿੱਧੂ ਸਾਹਿਬ ਕਹਿੰਦੇ ,” ਆਪਾਂ ਸਾਢੇ ਚਾਰ ਵਜੇ ਹਰ ਹਾਲਤ ਫੋਰਟਿਸ ਪੁੱਜਣਾ ਹੈ। ਪਾਤਰ ਸਾਹਿਬ ਨੂੰ ਵੀ ਨਾਲ ਲੈ ਕੇ ਚੱਲੋ।” ਮੈਂ ਪਾਤਰ ਸਾਹਿਬ ਨੂੰ ਦੱਸ ਦਿੱਤਾ। ਜਦੋਂ ਚੱਲਣ ਲੱਗੇ ਤਾਂ ਮੈਂ ਪਾਤਰ ਸਾਹਿਬ ਨੂੰ ਲੱਭਣ ਜਾਣ ਲੱਗਾ ਕਿ ਹੁਣ ਠੀਕ ਸਮਾਂ ਆਇਆ ਹੈ ਕਿ ਕਿਧਰੇ ਵਕਤ ਹੱਥੋਂ ਖੁੰਝ ਨਾ ਜਾਵੇ । ਮੈਂ ਕਾਹਲ ਵਿੱਚ ਸ਼ੀਸ਼ੇ ਵਿੱਚ ਜਾ ਵੱਜਾ। ਖੂਨ ਦੀਆਂ ਧਤੀਰਾਂ ਮੱਥੇ ਚੋਂ ਵਹਿ ਤੁਰੀਆਂ। ਆਪਣਾ ਰੁਮਾਲ ਮੱਥੇ ਉੱਤੇ ਰੱਖ ਜਦ ਬਾਥਰੂਮ ਵੱਲ ਜਾਣ ਲੱਗਾ ਤਾਂ ਸਿੱਧੂ ਸਾਹਬ ਸਾਹਮਣਿਉਂ ਤੁਰੇ ਆ ਰਹੇ ਸਨ। ”ਓ ਆਹ ਕੀ ਚੰਨ ਚੜਾ ਲਿਆ, ਪਤੰਦਰਾ ਤੂੰ ਵੀ ਮੇਰੇ ਵਾਂਗ ਜਨੂੰਨੀ ਐਂ,ਆਹ ਧੋਵੋ ਯਾਰ ਬਲੱਡ… ਉਥੋਂ ਫੋਰਟਿਸ ਚੋਂ ਇਹਦੇ ਵੀ ਟਾਂਕੇ ਲਗਵਾ ਦਿਆਂਗੇ।”
ਫੋਰਟਿਸ ਪੁੱਜੇ। ਸਿੱਧੂ ਸਾਹਿਬ ਡਾਕਟਰਾਂ ਨੂੰ ਆਖਣ ਲੱਗੇ ਕਿ ਕਿੰਨੇ ਪੈਸੇ ਬਾਕੀ ਹਨ। ਦੱਸੋ ਤੇ ਚੱਕੋ। ਡਾਕਟਰ ਨੇ ਕਿਹਾ ਕਿ ਅੱਠ ਲੱਖ ਬਾਕੀ ਹਨ। ਉਹਨਾਂ ਜੇਬ ਚੋਂ ਚੈੱਕ ਬੁੱਕ ਕੱਢੀ ਤੇ ਦਰਸਤਖਤ ਕਰਕੇ ਪਾਤਰ ਸਾਹਿਬ ਨੂੰ ਕਹਿੰਦੇ ,”ਤੁਸੀਂ ਦਿਉ ਪਾਤਰ ਸਾਹਿਬ।” ਔਲਖ ਜੀ ਦੇ ਧੀ ਜਵਾਈ ਨੇ ਡਾਕਟਰ ਸਾਹਿਬ ਨੂੰ ਉਹ ਚੈੱਕ ਸੌਂਪ ਦਿੱਤਾ। ઠਸਿੱਧੂ ਬੋਲਿਆ, ”ਦੇਖੋ ਨਾਵਲਕਾਰ, ਕਲਾਕਾਰ ਤੇ ਲੇਖਕ ਸਾਡੀ ਅਸਲੀ ਜਾਇਦਾਦ ਹਨ, ਇਹ ਮੈਂ ਜੇਬ ਵਿੱਚੋਂ ਦਿੱਤੇ ਨੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ , ਬੱਸ ਚੁੱਪ।”ઠ ਸਾਡੇ ਨਾਲ ਗਏ ਕਲਾਕਾਰ ਤੇ ਲੇਖਕ ਖੁਸ਼ ਸਨ। ਤੇ ਸਿੱਧੂ ਸਾਹਿਬ ਦਾ ਧੰਨਵਾਦ ਕਰ ਰਹੇ ਸਨ। ਪਾਤਰ ਸਾਹਿਬ ਨੇ ਕਿਹਾ, ”ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਤਰੀ ਨੇ ਇੱਕ ਕਲਾਕਾਰ ਲਈ ਆਪਣੀ ਪਾਕਿਟ ਵਿੱਚੋਂ ਏਨੀ ਵੱਡੀ ਰਕਮ ਦਿੱਤੀ ਐ, ਧੰਨਵਾਦ ਕਰਨੋਂ ਕਿਵੇਂ ਰਹਿ ਸਕਦੇ ਆਂ।” ઠ ”ਜੇ ਨਵਜੋਤ ਸਿੰਘ ਸਿੱਧੂ ਵਾਂਗ ਮੰਤਰੀ, ਸਾਬਕਾ ਮੰਤਰੀ, ਸਾਬਕਾ ਐਮ.ਪੀ ਤੇ ਐਮ.ਐਲ.ਏਜ਼ ਹਜ਼ਾਰ ਹਜ਼ਾਰ ਰੁਪਏ ਵੀ ਜੇਬੋਂ ਕੱਢਣ ਤਾਂ’ ਪੰਜਾਬ ਸਭਿਆਚਾਰਕ ਭਲਾਈ’ ਫੰਡ ਕਾਇਮ ਹੋ ਸਕਦੈ ਬੜੀ ਸੌਖ ਨਾਲ।” ઠਮੇਰੀ ਗੱਲ ਸੁਣ ਕੇ ਸਾਰੇ ਬੋਲੇ, ” ਆਪਾਂ ਕਰਵਾਵਾਂਗੇ।” ਸਭ ਆਪੋ ਆਪਣੇ ਟਿਕਾਣਿਆ ਵੱਲ ਪਰਤਣ ਲੱਗੇ। ”ਪਾਤਰ ਸਾਹਿਬ, ਮੈਨੂੰ ਲੁਧਿਆਣੇ ਉਤਾਰ ਦੇਣਾ।” ਆਪਣੇ ਰੁਮਾਲ ਨਾਲ ਮੱਥਾ ਫੜਕੇ ਮੈਂ ਪਾਤਰ ਸਾਹਿਬ ਦੀ ਕਾਰ ਵਿੱਚ ਬਹਿ ਗਿਆ।ninder_ghugianvi@yahoo.com

Check Also

ਗੁਰੂ ਨਾਨਕ ਦੇਵ ਜੀ ਦੀ ਜੀਵਨ ਸ਼ੈਲੀ ਤੇ ਮੌਜੂਦਾ ਸਿੱਖ

ਡਾ. ਗੁਰਬਖ਼ਸ਼ ਸਿੰਘ ਭੰਡਾਲ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਹਰ ਮਨੁੱਖ ਲਈ ਹਰ ਦੌਰ …