Breaking News
Home / ਪੰਜਾਬ / ਪੰਜਾਬੀ ਸੂਬੇ ਦੇ ਘਾੜੇ ਦਾ ਜੱਦੀ ਪਿੰਡ ਬਦਿਆਲਾ ਹਾਲੋਂ-ਬੇਹਾਲ

ਪੰਜਾਬੀ ਸੂਬੇ ਦੇ ਘਾੜੇ ਦਾ ਜੱਦੀ ਪਿੰਡ ਬਦਿਆਲਾ ਹਾਲੋਂ-ਬੇਹਾਲ

ਖੇਡ ਮੈਦਾਨ ‘ਚ ਲੱਗੀਆਂ ਰੂੜ੍ਹੀਆਂ ‘ਤੇ ਉਗਿਆ ਘਾਹ ਫੂਸ, ਹਰ ਪੱਖੋਂ ਅੱਖੋਂ-ਪਰੋਖੇ ਕੀਤਾ ਗਿਆ ਪਿੰਡ
ਚਾਉਕੇ : ਪੰਜਾਬੀ ਸੂਬੇ ਦੇ ਜਨਮਦਾਤਾ ਸੰਤ ਫਤਹਿ ਸਿੰਘ ਦਾ ਜੱਦੀ ਪਿੰਡ ਬਦਿਆਲਾ ਅੱਜ ਵੀ ਆਪਣੀ ਹੋਣੀ ‘ਤੇ ਹੰਝੂ ਵਹਾ ਰਿਹਾ ਹੈ।  70 ਸਾਲ ਆਜ਼ਾਦੀ ਦੇ ਲੰਘ ਜਾਣ ਦੇ ਬਾਵਜੂਦ ਵੀ ਪਿੰਡ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ, ਜਦਕਿ ਮਹਾ ਪੰਜਾਬ ਤੋਂ ਪੰਜਾਬੀ ਸੂਬਾ ਬਣਾਉਣ ਦਾ ਸਿਹਰਾ ਸੰਤ ਫਤਹਿ ਸਿੰਘ ਦੇ ਸਿਰ ਜਾਂਦਾ ਹੈ, ਜਿਸ ਕਰਕੇ 1 ਨਵੰਬਰ 1966 ਨੂੰ ਹੋਂਦ ਵਿਚ ਆਏ  ਪੰਜਾਬੀ ਸੂਬੇ ਵਿਚ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ।  1970 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਤ ਫਤਹਿ ਸਿੰਘ ਨੇ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ, ਜਿਸ ਕਰਕੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਸੰਤਾਂ ਦੀ ਦੇਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣੇ। ਲਗਭਗ 2200 ਦੀ ਆਬਾਦੀ ਤੇ 1420 ਵੋਟਾਂ ਵਾਲੇ ਇਸ ਇਤਿਹਾਸਕ ਪਿੰਡ ਵਿਚ ਬਹੁਗਿਣਤੀ ਜਾਤਾਂ ਦੇ ਲੋਕ ਰਹਿੰਦੇ ਹਨ।
ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਤੇ ਗਿਣਤੀ ਦੇ ਲੋਕ ਹਨ। ਪਿੰਡ ਵਿਚ ਸੰਤ ਫਤਹਿ ਸਿੰਘ ਦਾ ਤਪ ਅਸਥਾਨ ਬਣਿਆ ਹੋਇਆ ਹੈ, ਜਿਸ ਦੇ ਮੁੱਖ ਸੇਵਾਦਾਰ ਬਾਬਾ ਨੱਥਾ ਸਿੰਘ ਜੀ ਹਨ ਪਰ ਸੰਤਾਂ ਦੀ ਯਾਦ ਵਿਚ ਬਣੇ ਸ੍ਰੀ ਗੁਰਦੁਆਰਾ ਸਾਹਿਬ ਦੀ ਹਾਲਤ ਬੜੀ ਤਰਸਯੋਗ ਹੈ, ਅਵਾਰਾ ਪਸ਼ੂ ਅਕਸਰ ਹੀ ਗੁਰੂਘਰ ‘ਚ ਘੁੰਮਦੇ ਦੇਖੇ ਜਾਂਦੇ ਹਨ। ਪਿੰਡ ਦੇ ਕਾਂਗਰਸੀ ਆਗੂ ਪ੍ਰਗਟ ਸਿੰਘ, ਜੈ ਪ੍ਰਕਾਸ਼ ਸਿੰਘ ਮੇਹਲੀ ਤੇ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਵਿਚ ਭਾਵੇਂ ਸਰਕਾਰੀ ਪੈਸਾ ਪਿੰਡ ਵਿਚ ਆਇਆ ਪਰ ਪਿੰਡ ਦੇ ਵਿਕਾਸ ਕਾਰਜਾਂ ‘ਤੇ ਸਹੀ ਤਰੀਕੇ ਨਾਲ ਖਰਚ ਨਹੀਂ ਹੋਇਆ, ਜਿਸ ਕਰਕੇ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿੰਡ ਵਿਚ ਫੋਕਲ ਪੁਆਇੰਟ ਤਾਂ ਹੈ ਪਰ ਖੇਤੀਬਾੜੀ ਅਫਸਰ ਦੀ ਕੁਰਸੀ ਖਾਲੀ ਹੈ। ਪਿੰਡ ਦੀ ਸਹਿਕਾਰੀ ਬੈਂਕ ਦੀ ਇਮਾਰਤ ਖਸਤਾ ਹਾਲ ਹੈ ਤੇ ਪਸ਼ੂ ਹਸਪਤਾਲ ਵਿਚ ਦਵਾਈਆਂ ਦੀ ਘਾਟ ਹੈ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਪਟਵਾਰੀ ਦੇ ਦਰਸ਼ਨ ਕਰਨ ਲਈ ਦੂਰ ਜਾਣਾ ਪੈਂਦਾ ਹੈ। ਪੀਣ ਵਾਲੇ ਪਾਣੀ ਲਈ ਬਣਿਆ ਵਾਟਰ ਵਰਕਸ ਚਿੱਟਾ ਹਾਥੀ ਬਣ ਚੁੱਕਿਆ ਹੈ। ਕਈ ਸਾਲਾਂ ਤੋਂ ਨਹਿਰੀ ਪਾਣੀ ਤੋਂ ਬਿਨਾ ਪਾਣੀ ਵਾਲੇ ਟੈਂਕਾਂ ਵਿਚ ਖੜ੍ਹੇ ਪਾਣੀ ਵਿਚੋਂ ਬਦਬੂ ਮਾਰਦੀ ਹੈ। ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਰਕੇ ਪਿੰਡ ਦੇ 5 ਵਿਅਕਤੀ ਕੈਂਸਰ ਤੇ 20 ਦੇ ਲਗਭਗ ਵਿਅਕਤੀ ਟੀਬੀ ਦੀ ਬਿਮਾਰੀ ਤੋਂ ਪੀੜਤ ਹਨ। ਹਾਲੇ ਤੱਕ ਕਿਸੇ ਸਰਕਾਰ ਨੇਂ ਇਸ ਪਿੰਡ ਦੀ ਬਾਂਹ ਨਹੀਂ ਫੜੀ ਹੈ। ਪਿੰਡ ਵਿਚ ਸੰਤ ਫਤਹਿ ਸਿੰਘ ਦੇ ਨਾਮ ‘ਤੇ 25 ਮੰਜਿਆਂ ਦੇ ਹਸਪਤਾਲ ‘ਚ ਸਟਾਫ ਦੀ ਵੱਡੀ ਘਾਟ ਹੈ। ਹਸਪਤਾਲ ਵਿਚ ਸਿਰਫ ਇਕ ਫਾਰਮਾਸਿਸਟ ਅਤੇ ਦੋ ਦਰਜਾ ਚਾਰ ਕਰਮਚਾਰੀ ਹਨ। ਪਿਛਲੇ ਸਾਲ ਸਰਕਾਰ ਵਲੋਂ ਬਣਾਈ ਮੁਫਤ ਦਵਾਈਆਂ ਦੇਣ ਵਾਲੀ ਦੁਕਾਨ ਬੰਦ ਹੈ।
ਪਿੰਡ ਦੇ ਖੇਡ ਗਰਾਊਂਡ ਵਿਚ ਰੂੜ੍ਹੀਆਂ ‘ਤੇ ਘਾਹ ਫੂਸ ਉਗਿਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਸੰਤ ਫਤਹਿ ਸਿੰਘ ਪਬਲਿਕ ਸਕੂਲ ਦੀ ਪੜ੍ਹਾਈ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੋਂ ਪਿੰਡ ਨੂੰ ਜਾਣ ਲਈ 18 ਫੁੱਟ ਚੌੜਾ ਸੰਤ ਫਤਹਿ ਸਿੰਘ ਮਾਰਗ ਤਾਂ ਬਣਿਆ ਹੈ ਪਰ ਸੜਕ ‘ਤੇ ਕੱਟ ਨਾ ਹੋਣਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਹੈ।
ਗਲਤ ਸੀਵਰੇਜ ਪਾਉਣ ਨਾਲ ਖੜ੍ਹੀਆਂ ਹੋਈਆਂ ਮੁਸ਼ਕਲਾਂ : ਦਰਸ਼ਨ ਸਿੰਘ
ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ ਗਲਤ ਤਰੀਕੇ ਨਾਲ ਪਾਉਣ ਕਰਕੇ ਮੁਸ਼ਕਲ ਖੜ੍ਹੀ ਹੋਈ ਹੈ, ਕਿਉਂਕਿ ਪਾਣੀ ਦੇ ਨਿਕਾਸ ਲਈ ਪਿਆ ਸੀਵਰੇਜ ਬੰਦ ਹੈ, ਜਿਸ ਕਰਕੇ ਛੱਪੜ ਵਿਚੋਂ ਬਦਬੂ ਮਾਰਦੀ ਹੈ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ ਹੈ। ਸੂਬੇ ਵਿਚ ਲਗਾਤਾਰ 10 ਸਾਲ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਸਰਕਾਰੀ ਗਰਾਟਾਂ ਤਾਂ ਬਹੁਤ ਆਈਆਂ ਪਰ ਉਹਨਾਂ ਦੀ ਵਰਤੋਂ ਗਲਤ ਹੁੰਦੀ ਰਹੀ। ਸਰਕਾਰੀ ਐਲੀਮੈਂਟਰੀ ਸਕੂਲ ਤੇ ਪ੍ਰਾਇਮਰੀ ਸਕੂਲ ਵਿਚ ਸਟਾਫ ਦੀ ਘਾਟ ਤਾਂ ਨਹੀਂ ਪਰ ਬੱਚਿਆਂ ਨੂੰ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਸ ਤੋਂ ਇਲਾਵਾ ਸਕੂਲ ਚਾਰ ਦੀਵਾਰੀ ਤੋਂ ਸੱਖਣਾ ਹੈ, ਜਿਸ ਕਰਕੇ ਸਕੂਲ ਵਿਚ ਅਵਾਰਾ ਪਸ਼ੂ ਪੜ੍ਹਾਈ ਦੇ ਸਮੇਂ ਵੀ ਆ ਜਾਂਦੇ ਹਨ।
‘ਸ਼ਖ਼ਸੀਅਤ ਦੇ ਮਿਆਰ ਮੁਤਾਬਕ ਵਿਕਾਸ ਨਹੀਂ ਹੋਇਆ’
ਸੰਤ ਫਤਹਿ ਸਿੰਘ ਦੇ ਭਤੀਜੇ ਸੁਖਵੀਰਪਾਲ ਸਿੰਘ ਬਦਿਆਲਾ ਨੇ ਕਿਹਾ ਕਿ ਮੈਨੂੰ ਪਰਿਵਾਰਕ ਮੈਂਬਰ ਹੋਣ ‘ਤੇ ਬਹੁਤ ਮਾਣ ਹੈ। ਉਹਨਾਂ ਕਿਹਾ ਕਿ ਸੰਤ ਕਿਸੇ ਪਾਰਟੀ ਦੇ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਆਗੂ ਸਨ। ਕਾਂਗਰਸ ਸਰਕਾਰ ਨੂੰ ਵੀ ਸੰਤ ਫਤਹਿ ਸਿੰਘ ਦੇ ਪਿੰਡ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ‘ਚ ਅਕਾਲੀ ਸਰਕਾਰ ਨੇ ਸੰਤਾਂ ਦੀ ਉਚੀ ਤੇ ਸੁੱਚੀ ਸ਼ਖ਼ਸੀਅਤ ਦੇ ਮੁਕਾਬਲੇ ਨਾ ਹੀ ਸੰਤਾਂ ਦੇ ਪਿੰਡ ਦਾ ਕੋਈ ਵਿਕਾਸ ਕੀਤਾ ਅਤੇ ਨਾ ਹੀ ਕੋਈ ਵੱਡੀ ਯਾਦਗਾਰ ਬਣਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਤਾਂ ਦੀ ਹਰ ਸਾਲ ਮਨਾਈ ਜਾਣ ਵਾਲੀ ਬਰਸੀ ‘ਚ ਬਾਦਲ ਪਰਿਵਾਰ ਦਾ ਆਉਣਾ ਉਹਨਾਂ ਦੀ ਸ਼ਰਧਾ ਹੈ ਜਾਂ ਸਿਆਸੀ ਸਟੰਟ, ਇਹ ਗੱਲ ਪਿੰਡ ਤੇ ਪਰਿਵਾਰਕ ਮੈਂਬਰਾਂ ਦੀ ਸਮਝ ਤੋਂ ਬਾਹਰ ਹੈ।

Check Also

ਫਿਰੋਜ਼ਪੁਰ ‘ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਹੋਏ ਖੋਖਲੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ-ਦਿਨ …