Breaking News
Home / ਰੈਗੂਲਰ ਕਾਲਮ / ਜੋ ਮੇਰੇ ਨਾਲ ਹੋਈ-2

ਜੋ ਮੇਰੇ ਨਾਲ ਹੋਈ-2

ਬੋਲ ਬਾਵਾ ਬੋਲ
ਜਦ ਮੈਂ ਕੁਝ ਹਫਤੇ ਬਿਮਾਰ ਰਿਹਾ ਸਾਂ
ਨਿੰਦਰ ਘੁਗਿਆਣਵੀ94174-21700
ਮੇਰੇ ਲਈ ਇੱਕ ਕਾਲਮ ਲੇਖਕ ਦੇ ਤੌਰ ‘ਤੇ ਸਭ ਤੋਂ ਭਲੀ ਅਤੇ ਰਾਹਤ ਵਾਲੀ ਗੱਲ ਇਹ ਰਹੀ ਕਿ ‘ਅਜੀਤ ਵੀਕਲੀ’ ਦੇ ਮੁੱਖ ਸੰਪਾਦਕ ਨੇ ਮੈਨੂੰ ਕਈ ਖੁੱਲ੍ਹਾਂ ਦੇ ਰੱਖੀਆਂ ਸਨ।  ਉਹ ਇਹ ਸਨ ਕਿ ਮੈਨੂੰ ਕੁਝ ਵੀ ਲਿਖਣ ਦੀ ਆਜ਼ਾਦੀ ਸੀ ਤੇ ਕਿੰਨਾਂ ਵੀ ਲਿਖਣ ਦੀ ਵੀ। ਕੋਈ ਬੰਧਨ ਨਹੀਂ ਸੀ। ਸੋ, ਮੈ ਹਰ ਵਿਸ਼ੇ ਉਤੇ ਖੁੱਲ੍ਹ ਕੇ ਲਿਖਦਾ ਰਿਹਾ। ਆਪਣੇ ਨਿੱਜ ਬਾਬਤ ਵੀ ਕਾਫੀ ਲਿਖਿਆ, ਜਿਸ ਵਿੱਚ ਲੋਕਾਂ ਦੀ ਵਿਸੇਸ਼ ਰੁਚੀ ਰਹੀ ਹੈ। ਵੱਖ-ਵੱਖ ਖੇਤਰਾਂ ਦੇ ਮਹਾਨ ਲੋਕਾਂ ਬਾਰੇ ਤਾਂ ਲਿਖਿਆ ਹੀ ਬਹੁਤ। ਖਾਸ ਕਰ ਵੱਡੇ ਤੇ ਪ੍ਰਸਿੱਧ ਲੋਕਾਂ ਬਾਰੇ, ਪਿਛਲੇ ਪਹਿਰ ਰੁਲ ਰਹੇ ਲੇਖਕਾਂ ਤੇ ਕਲਾਕਾਰਾਂ ਬਾਰੇ। ਅਜਿਹਾ ਲਿਖਿਆ ਪਾਠਕਾਂ ਨੇ ਬਹੁਤ ਪਸੰਦ ਕੀਤਾ। ਅਜਿਹੇ ਲੋਕਾਂ ਦੇ ਤਾਜ਼ਾ ਹਾਲਾਤਾਂ ਬਾਰੇ  ਮੈਂ ਲਿਖਦਾ ਰਿਹਾ ਅਤੇ ਘਰ ਬੈਠਿਆ ਹੀ ਨਹੀਂ ਸੀ ਲਿਖਦਾ, ਸਗੋਂ ਉਹਨਾਂ ਦੇ ਘਰਾਂ ਵਿੱਚ ਜਾਂਦਾ ਤੇ ਉਹਨਾਂ ਨੂੰ ਮਿਲਕੇ ਬਾਰੀਕੀ ਨਾਲ ਲਿਖਦਾ ਹੁੰਦਾ ਸੀ। ਕਦੇ ਕਦੇ ਪੰਜਾਬ ਦੀ ਕਿਤੇ ਤਾਜ਼ਾ ਘਟਨਾ ਉਤੇ ਵੀ ਲਿਖ ਦਿੰਦਾ ਸੀ। ਕੁਲ ਮਿਲਾ ਕੇ ਮੇਰਾ ਕਾਲਮ ਵੰਨ-ਸੁਵੰਨਤਾ ਭਰਪੂਰ ਸੀ, ਪਾਠਕ ਬੋਰ ਨਹੀਂ ਸੀ ਹੁੰਦੇ, ਜਿਸਦਾ ਮੈਨੂੰ ਡਰ ਸੀ। ਦੂਜਾ ਇਹ ਵੀ ਦੱਸ ਦੇਵਾਂ ਕਿ ਮੈਂ ਆਪਣੇ ਕਾਲਮ ਨੂੰ ਕਿਸੇ ਦੀ ਭੰਡੀ ਕਰਨ ਜਾਂ ਕੂੜਾ ਪ੍ਰਚਾਰ ਲਈ ਨਹੀਂ ਅਪਣਾਇਆ।  14 ਸਾਲ ਕੋਈ ਘੱਟ ਸਮਾਂ ਨਹੀਂ ਕਾਲਮ ਲਿਖਣ ਦਾ। ਹਾਂ, ਕਦੇ ਕਦੇ ਥੋੜ੍ਹਾ ਤਿੱਖਾ ਲਿਖ ਹੋ ਜਾਂਦਾ ਸੀ, ਜਿਸ ਨੂੰ ਪਾਠਕ ਮਾੜਾ ਨਹੀਂ ਮੰਨਦੇ ਸਨ।
ਇੱਥੇ ਇਹ ਵੀ ਦਸਦਾ ਜਾਵਾਂ ਕਿ ਉਸ ਵੇਲੇ ‘ਅਜੀਤ ਵੀਕਲੀ’ ਵਿੱਚ ਸਿਰਫ਼ ਇੱਕੋ ਹੀ ਕਾਲਮ ਭਾਰਤ ਤੋਂ ਲਿਖਿਆ ਜਾਂਦਾ ਸੀ, ਉਹ ਪ੍ਰਤੀਕ ਸਿੰਘ ਦੇ ਨਾਂ ਹੇਠ ‘ਪੰਜਾਬ ਡਾਇਰੀ’ ਜਾਂ ਸ਼ਾਇਦ ‘ਪੰਜਾਬ ਪਰਿਕ੍ਰਮਾਂ’ ਡਾ ਆਤਮਜੀਤ ਚੰਡੀਗੜ ਤੋਂ  ਲਿਖਦੇ ਸਨ। ਜਦ ‘ਬਾਵਾ ਬੋਲਦਾ ਹੈ’ ਕਾਲਮ ਨੂੰ ਕੁਝ ਸਾਲਾਂ ਵਿੱਚ ਵੱਡਾ ਰਿਪਸਾਂਸ ਮਿਲਣ ਲੱਗਿਆ ਤਾਂ ਦਰਸ਼ਨ ਸਿੰਘ ਆਖਣ ਲੱਗੇ ਕਿ ਆਪਾਂ ਨੂੰ ਅਜਿਹੇ ਕੁਝ ਹੋਰ ਕਾਲਮ ਜਾਂ ਲੜੀਵਾਰ ਕਿਤਾਬਾਂ ਲੜੀਵਾਰ ਛਾਪਣ ਦੀ ਬਹੁਤ ਲੋੜ ਹੈ। ਅਜਿਹੇ ਲੇਖਕਾਂ ਅਤੇ ਕਿਤਾਬਾਂ ਦੀ ਜਲਦੀ ਭਾਲ ਕਰੋ। ਸੋ,ਬਲਦੇਵ ਸਿੰਘ ਦੀ ਚਰਚਿਤ ਕਿਤਾਬ ‘ਸੜਕਨਾਮਾ’ ਲੜੀਵਾਰ ਸੁਰੂ ਕਰ ਦੱਤੀ, ਜੁ ਪੰਜਾਬ ਵਿੱਚ ਬਹੁਤ ਮਕਬੂਲ ਹੋਈ ਸੀ, ਬਦੇਸ਼ੀ ਪੰਜਾਬੀਆਂ ਨੇ ਬਹੁਤ ਪਸੰਦ ਕੀਤੀ। ਇਸੇ ਲੜੀ ਵਿੱਚ ਜਰਨੈਲ ਸਿੰਘ ਸੇਖਾ ਦਾ ਨਾਵਲ ‘ਭਗੌੜਾ’ ਛਾਪਿਆ। ਹਰਕੇਸ਼ ਸਿੰਘ ਸਿੱਧੂ ਆਈ.ਏ.ਐੱਸ ਦਾ ਕਾਲਮ ‘ਮੇਰੀਆਂ ਅਭੁੱਲ ਯਾਦਾਂ’ ਅਰੰਭ ਕਰਵਾਇਆ ਗਿਆ। ਜਸਵੰਤ ਦੀਦ ਦੀਆਂ ਲਿਖਤਾਂ ਛਾਪਣੀਆਂ ਸ਼ੁਰੂ ਕੀਤੀਆਂ। ਹੋਰ ਵੀ ਕਈ ਲੇਖਕ ‘ਅਜੀਤ ਵੀਕਲੀ’ ਨਾਲ ਮੈਂ ਹੀ ਜੋੜੇ। ਖ਼ੈਰ! ਕੁਝ ਸਮਾਂ ਅਜਿਹਾ ਵੀ ਆਇਆ, ਜਦ ਮੈਂ ਲਿਖਣਾ ਤਾਂ ਕੀ, ਦਸਖਤ ਵੀ ਨਹੀਂ ਕਰਨ ਜੋਗਾ ਰਿਹਾ ਸਾਂ। ਸੋ, 14 ਸਾਲਾਂ ਵਿੱਚ ਮੇਰਾ ਕਾਲਮ ਬਾਰਾਂ ਵਾਰੀ ਵੀ ਮਿੱਸ ਨਹੀਂ ਹੋਇਆ ਹੋਣਾ, ਮਸਾਂ ਕੋਈ ਤਿੰਨ ਜਾਂ ਚਾਰ ਵਾਰੀ ਹੁਣ ਤੀਕ (ਉਹ ਵੀ ਕਦੇ ਸਾਲਾਂ ਮਗਰੋਂ ਇੱਕ ਅੱਧ ਵਾਰੀ) ਛਪਣੋਂ ਰਿਹਾ ਹੋਣਾ ਹੈ। ਜਦ ਮੈਂ ਕੁਝ ਹਫਤੇ ਬੀਮਾਰ ਰਿਹਾ ਸਾਂ, ਕਈ ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੇਰਾ ਇੱਕ ਮਿੱਤਰ ਕਾਲਮ ਭੇਜਣ ਵਿੱਚ ਮੇਰੀ ਮਦਦ ਕਰਦਾ ਰਿਹਾ। ਮੈਂ ਬੋਲ ਦਿੰਦਾ ਸੀ ਤੇ ਉਹ ਲਿਖ ਕੇ ਲੈ ਜਾਂਦਾ ਰਿਹਾ ਤੇ ਈਮੇਲ ਕਰ ਦਿੰਦਾ ਰਿਹਾ।
ਇੱਕ ਦਿਨ ਪ੍ਰਿੰਸੀਪਲ ਸਰਵਨ ਸਿੰਘ ਕਹਿੰਦੇ ਕਿ ਉਹਨਾਂ ਪੱਚੀ ਸਾਲ ਦਿੱਲੀ ਦੇ ਇੱਕ ਰਸਾਲੇ ਲਈ ਕਾਲਮ ਲਿਖਿਆ। ਉਹ ਮੈਨੂੰ ਕਹਿੰਦੇ, ”ਤੂੰ ਵੀ ਬਾਵੇ ਦੇ ਪੱਚੀ ਸਾਲ ਪੂਰੇ ਕਰ…।”
ਮੈਂ ਸੁਭਾਵਕ ਹੀ ਆਖਿਆ, ”ਨੀਂ ਹੋਣੇ, ਆਪਾਂ ਕੇਹੜਾ ਠੇਕਾ ਲਿਆ ਐ?”
ੲੲੲ
‘ਅਜੀਤ ਵੀਕਲੀ’ ਨਾਲ ਬਣੇ ਆਪਣੇ ਸਬੰਧਾਂ ਦੀ ਗੱਲ ਮੈਂ ਪਹਿਲੀ ਕਿਸ਼ਤ ਵਿਚ ਕਾਫੀ ਵਿਸਥਾਰ ਵਿਚ ਕੀਤੀ ਸੀ ਤੇ ਰਹਿੰਦੀ ਅੱਜ ਨਿਬੇੜ ਦਿੱਤੀ ਹੈ। ਹੁਣ ਮੈਂ ਅਜੀਤ ਜਲੰਧਰ ਤੇ ਡਾ.ਹਮਦਰਦ ਜੀ ਨਾਲ ਆਪਣੇ ਸਬੰਧਾਂ ਦੀ ਗੱਲ ਨਾ ਕਰਾਂ, ਤਾਂ ਇਹ ਕਾਲਮ ਅਧੂਰਾ ਹੀ ਰਹੇਗਾ। 1996-97 ਵਿਚ ਮੈਂ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹੁਰਾਂ ਨਾਲ ਪਹਿਲੀ ਵਾਰੀ ਮਿਲਿਆ ਸੀ ਤੇ ਹਰ ਕਿਸੇ ਵਾਂਗ ਬਹੁਤ ਪ੍ਰਭਾਵਤ ਹੋਇਆ ਸੀ। ਹਮਦਰਦ ਜੀ ਨੂੰ ਮਿਲ ਕੇ ਅਕਸਰ ਹੀ ਅਜਿਹਾ ਕੁਦਰਤੀ ਹੁੰਦਾ ਹੈ।  ਹਮਦਰਦ ਜੀ ਨੂੰ ਮਿਲਣ ਦਾ ਸਬੱਬ ਹੰਸ ਰਾਜ ਹੰਸ ਬਣਿਆ। ਮੈਂ ਜਲੰਧਰ ਰਹਿ ਕੇ ਉਹਨੀ ਦਿਨੀਂ ਕਈ ਅਦਾਰਿਆਂ ਨਾਲ ਟੁਟਵੇਂ ਜਿਹੇ ਕੰਮ ਕਰਦਾ, ਕਦੇ ਰੇਡੀਓ, ਕਦੇ ਟੀਵੀ, ਕਦੇ ਵੀਕਲੀ ਰਾਮਗੜੀਆ ਮੰਚ, ਕਦੇ ਮਿਊਜ਼ਿਕ ਟਾਈਮਜ਼ ਰਸਾਲੇ ਦੇ ਦਫਤਰ ਜਾਂਦਾ। ਕਦੇ ਦੇਸ਼ ਭਗਤ ਹਾਲ ਬਾਬਾ ਭਗਤ ਸਿੰਘ ਬਿਲਗਾ ਜੀ ਕੋਲ, ਕਦੇ ਵਿਚਦੀ ‘ਨਵਾਂ ਜ਼ਮਾਨਾ’ ਦੇ ਗੇੜਾ ਕਢਦਾ। ਹੰਸ ਬਾਰੇ ਬਹੁਤ ਲੋਕਾਂ ਨੇ ਲੇਖ ਲਿਖੇ। ਉਸਨੂੰ ਅਮੈਰੀਕਨ ਯੂਨੀਵਰਸਿਟੀ ਵਲੋਂ ਕੋਈ ਫੈਲੋਸਿੱਪ ਮਿਲੀ ਸੀ ਤੇ ਇਸਦੀ ਚਰਚਾ ਬਹੁਤ ਸੀ। ਹੰਸ ਚਾਹੁੰਦਾ ਸੀ ਕਿ ਇਹ ਸਾਰੇ ਲੇਖ ਇੱਕ ਕਿਤਾਬ ਵਿਚ ਸੰਭਾਲ ਹੋ ਜਾਣ। ਪੰਜਾਬੀ ਜਗਤ ਦੀਆਂ ਸਿਰਕੱਢ ਹਸਤੀਆਂ ਨੇ ਹੰਸ ਬਾਬਤ ਬਹੁਤ ਲਿਖਿਆ। ਹੰਸ ਪ੍ਰਸੰਨ ਬਹੁਤ ਸੀ ਇਸ ਪ੍ਰਾਪਤੀ ਤੋਂ। ਹੰਸ ਦੀ ਉਦੋਂ ਹਮਦਰਦ ਜੀ ਨਾਲ ਬਹੁਤ ਨੇੜਤਾ ਸੀ। ਅਜੀਤ ਨੇ ਹੰਸ ਦੀ ਹਰ ਪ੍ਰਾਪਤੀ ਸਮੇਂ ਮਹਿਮਾ ਵਿਚ ਬਹੁਤ ਕੁਝ ਲਿਖਿਆ, ਏਨਾ ਸ਼ਾਇਦ ਕਿਸੇ ਹੋਰ ਨਹੀਂ ਲਿਖਿਆ। ਅਜੀਤ ਦੇ ਕਾਰਜਕਾਰੀ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਣਕ ਨੇ ਤਾਂ ਪੂਰੇ ਦਾ ਪੂਰਾ ਲੇਖ ਰੰਗਦਾਰ ਪੰਨੇ ਦੇ ਫਰੰਟ ਉਤੇ ਲਿਖ ਕੇ ਛਾਪਿਆ।
ਖੈਰ!  ਹੰਸ ਦੀ ਇਹ ਤੀਬਰ ਇੱਛਾ ਸੀ ਕਿ ਹਮਦਰਦ ਸਾਹਬ ਵੀ ਉਸ ਬਾਰੇ ਕੁਝ ਨਾ ਕੁਝ ਲਿਖਣ ਜੋ ਕਿਤਾਬ ਵਿਚ ਛਪੇ ਤੇ ਕਿਤਾਬ ਦੀ ਸ਼ੋਭਾ ਵਧੈ! ਹੰਸ ਨੇ ਮੈਨੂੰ ਹਮਦਰਦ ਜੀ ਨਾਲ ਇਸ ਬਾਰੇ ਗੱਲ ਮਿਲਣ ਤੇ ਗੱਲ ਕਰਨ ਲਈ ਆਖਿਆ। ਮੈਂ ਬੜੇ ਹੌਸਲੇ ਜਿਹੇ ਨਾਲ ਦਫਤਰ ਵਾਲੇ ਫੋਨ ਉਤੇ ਫੋਨ ਕੀਤਾ ਤਾਂ ਅਪਰੇਟਰ ਨੇ  ਅੱਗੋਂ ਫੋਨ ਹਮਦਰਦ ਜੀ ਨੂੰ ਫਾਰਵਡ ਕਰ ਦਿੱਤਾ।  ਉਹਨਾਂ ਦੀ ‘ਹੈਲੋ’ ਮੋਹ ਭਿੱਜੀ ਸੀ ਤੇ ਮੈਂ ਛੇਤੀ ਨਾਲ ਆਪਣਾ ਮੰਤਵ ਦੱਸਿਆ। ਉਹ ਜੋਰ ਜੋਰ ਦੀ (ਹਮੇਸਾਂ ਵਾਂਗ) ਠਹਾਕੇ ਮਾਰ-ਮਾਰ ਹੱਸ ਰਹੇ ਸਨ। ”ਅੱਛਾ, ਕੋਈ ਨਾ ਬੇਟਾ, ਤੁਸੀਂ ਬਾਅਦ ਦੁਪੈਹਿਰ ਦਫਤਰ ਆ ਜਾਣਾ।” ਮੇਰੇ ਲਈ ਖੁਸ਼ੀ ਭਰਿਆ ਮੌਕਾ ਸੀ ਕਿ ਏਡੇ ਵੱਡੇ ਅਖਬਾਰ ਦੇ ਮੁਖੀ ਨੂੰ ਮਿਲ ਰਿਹਾ ਸਾਂ। ਚਾਹੇ ਕਿ ਜਲੰਧਰ ਅਜੀਤ ਵਿਚ ਲੰਬੇ ਸਮੇਂ ਛਪ ਵੀ ਰਿਹਾ ਸਾਂ। ਪਰ ਕਦੇ ਉਹਨਾਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਸੀ ਮਿਲਿਆ।  (ਬਾਕੀ ਅਗਲੇ ਹਫਤੇ)
(ਬਾਕੀ ਅਗਲੇ ਹਫਤੇ)
ninder_ghugianvi@yahoo.com

Check Also

ਉਦਾਸ ਪਲਾਂ ਦੇ ਅੰਗ-ਸੰਗ :ਦਾਦੀ ਸਾਡਾ ਦਾਦਾ ਕਦੋਂ ਠੀਕ ਹੋਊ?

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਸਾਰੇ ਹਸਪਤਾਲਾਂ ਵਿਚੋਂ ਇਹੋ ਜੁਆਬ ਮਿਲਿਆ ਸੀ ਕਿ ਹੁਣ …