Breaking News
Home / Special Story / ਕਿਤੇ ਪੰਜਾਬ ‘ਚ ਦਮ ਨਾ ਤੋੜ ਦੇਵੇ ਮਗਨਰੇਗਾ

ਕਿਤੇ ਪੰਜਾਬ ‘ਚ ਦਮ ਨਾ ਤੋੜ ਦੇਵੇ ਮਗਨਰੇਗਾ

ਦੋ-ਤਿਹਾਈ ਪਿੰਡਾਂ ਵਿਚ ਇਸ ਵਰ੍ਹੇ ਨਾ ਤਾਂ ਕੋਈ ਪੈਸਾ ਖਰਚ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਆਪਣਾ ਹਿੱਸਾ ਪਾਇਆ
ਚੰਡੀਗੜ੍ਹ : ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਰੁਜ਼ਗਾਰ ਸਕੀਮ- ‘ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ’ (ਮਗਨਰੇਗਾ) ਪੰਜਾਬ ਦੇ ਅੱਧੇ ਤੋਂ ਵੱਧ ਪਿੰਡਾਂ ਲਈ ਨਕਾਰਾ ਬਣੀ ਪਈ ਹੈ। ਕੈਪਟਨ ਸਰਕਾਰ ਦੇ ਕਾਰਜਕਾਲ ਨੂੰ ਲਗਭਗ ਢਾਈ ਮਹੀਨੇ ਹੋਣ ਲੱਗੇ ਹਨ ਅਤੇ ਇਸ ਵਿੱਤੀ ਸਾਲ ਦੌਰਾਨ ਹੁਣ ਤੱਕ ਸੂਬੇ ਦੀਆਂ 13079 ਵਿੱਚੋਂ 9225 ਪੰਚਾਇਤਾਂ ਵੱਲੋਂ ਮਗਨਰੇਗਾ ਤਹਿਤ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ। ਅਪਰੈਲ ਅਤੇ ਮਈ ਮਹੀਨਿਆਂ ਦੌਰਾਨ ਖ਼ਰਚਾ ਨਿੱਲ ਹੈ। ਪਿਛਲੇ ਸਮੇਂ ਦੌਰਾਨ ਸਰਕਾਰ ਨੇ ਆਪਣੇ ਹਿੱਸੇ ਦੀ ਦਸ ਫ਼ੀਸਦੀ ਮਾਮੂਲੀ ਰਾਸ਼ੀ ਵੀ ਮਗਨਰੇਗਾ ਲਈ ਸਮੇਂ ਸਿਰ ઠਨਹੀਂ ਦਿੱਤੀ ਸੀ।
ਸਮਾਜਿਕ, ਆਰਥਿਕ ਅਤੇ ਜਾਤੀਗਤ ਗਣਨਾ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ 32 ਲੱਖ ਪੇਂਡੂ ਪਰਿਵਾਰਾਂ ਵਿੱਚੋਂ 73 ਫ਼ੀਸਦੀ ਦੇ ਕਰੀਬ ਪੰਜ ਹਜ਼ਾਰ ਰੁਪਏ ਮਹੀਨਾ ਤੋਂ ਵੀ ਘੱਟ ਉੱਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਪੰਜਾਬ ਵਿੱਚ ਬਣਾਏ ਗਏ 13 ਲੱਖ ਦੇ ਕਰੀਬ ਜੌਬ ਕਾਰਡਾਂ ਵਿੱਚੋਂ ਸੱਤ ਲੱਖ ਹੀ ਐਕਟਿਵ ਕਾਰਡ ਮੰਨੇ ਗਏ ਹਨ। ਸੌ ਦਿਨ ਦੇ ਰੁਜ਼ਗਾਰ ਦਾ ਮਾਮਲਾ ਠੰਢੇ ਬਸਤੇ ਵਿੱਚ ਹੈ ਅਤੇ ਮਗਨਰੇਗਾ ਮਜ਼ਦੂਰਾਂ ਨੂੰ ਚੌਥਾ ਹਿੱਸਾ ਦਿਨ ਵੀ ਔਸਤ ਕੰਮ ਨਹੀਂ ਮਿਲ ਰਿਹਾ ਹੈ। ઠਸੂਬੇ ਵਿੱਚ ਪੰਜ ਏਕੜ ਤੋਂ ਘੱਟ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਅੰਦਰ ਕਰਜ਼ੇ ਕਾਰਨ ਵਧ ਰਹੇ ਖ਼ੁਦਕੁਸ਼ੀਆਂ ਦੇ ਰੁਝਾਨ ਦੇ ਬਾਵਜੂਦ ਪੀੜਤ ਪਰਿਵਾਰ ਵੀ ਮਗਨਰੇਗਾ ਰੁਜ਼ਗਾਰ ਸਕੀਮ ਦੀ ਤਰਜੀਹੀ ਸੂਚੀ ਦਾ ਹਿੱਸਾ ਨਹੀਂ ਬਣ ਰਹੇ। ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਕੰਮ ਕਰਨ ਦੀ ਸਹੂਲਤ ਬਾਰੇ ਜਾਗਰੂਕ ਕਰਨ ਲਈ ਸਿਆਸੀ ਅਤੇ ਪ੍ਰਸ਼ਾਸਨਿਕ ਤੰਤਰ ਨੇ ਅਜੇ ਤੱਕ ਸੋਚ ਵਿਚਾਰ ਨਹੀਂ ਕੀਤੀ। ਦੇਸ਼ ਪੱਧਰ ‘ਤੇ ਮਗਨਰੇਗਾ ਦਾ ਸਭ ਤੋਂ ਤਰਜੀਹੀ ਕੰਮ ਪਾਣੀ ਦੀ ਬੱਚਤ ਅਤੇ ਬਰਸਾਤੀ ਪਾਣੀ ਸਟੋਰ ਕਰਨਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਲਿਖੇ ਪੱਤਰ ਅਨੁਸਾਰ 19 ਜੂਨ ਨੂੰ ਹੋਣ ਵਾਲੇ ‘ਸਕਸ਼ਮ ਲਾਂਚ ਪ੍ਰੋਗਰਾਮ’ ਲਈ ਬੁਲਾਇਆ ਗਿਆ ਹੈ।
ਮਗਨਰੇਗਾ ਦੀ ਸੂਚੀ ਵਿੱਚ ਹੀ ਪੰਜਾਬ ਦੇ 113 ਬਲਾਕ ਪਾਣੀ ਦੇ ਸੰਕਟ ਵਾਲੇ ਬਲਾਕ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 11 ਬਲਾਕ ਲੁਧਿਆਣਾ ਦੇ ਹਨ। ਇਸ ਤੋਂ ਬਾਅਦ ਜਲੰਧਰ ਦੇ 10, ਅੰਮ੍ਰਿਤਸਰ ਦੇ 8, ਬਰਨਾਲਾ ਦੇ 3, ਬਠਿੰਡਾ ਦੇ 5, ਫ਼ਤਹਿਗੜ੍ਹ ਸਾਹਿਬ ਦੇ 5, ਫ਼ਰੀਦਕੋਟ ਦੇ 2, ਫ਼ਾਜ਼ਿਲਕਾ ਦੇ 2, ਫ਼ਿਰੋਜ਼ਪੁਰ ਦੇ 6, ਗੁਰਦਾਸਪੁਰ ਦੇ 8, ਹੁਸ਼ਿਆਰਪੁਰ ਦੇ 5, ਕਪੂਰਥਲਾ ਦੇ 5, ਮਾਨਸਾ ਅਤੇ ਮੋਗਾ ਦੇ 5-5, ਨਵਾਂਸ਼ਹਿਰ ਦੇ 3, ਪਟਿਆਲਾ ਦੇ 8, ਰੋਪੜ ਦੇ 3, ਸੰਗਰੂਰ ਦੇ 9, ਮੁਹਾਲੀ ਦੇ 2 ਅਤੇ ਤਰਨ ਤਾਰਨ ਦੇ 8 ਬਲਾਕ ਸ਼ਾਮਲ ਹਨ। ਪੰਜਾਬ ਫਿਲਹਾਲ ਪਾਣੀ ਬਚਾਉਣ ਵਾਲੇ ਵੱਡੇ ਪ੍ਰਾਜੈਕਟਾਂ ਤੋਂ ਵਾਂਝਾ ਹੈ, ਜਿਨ੍ਹਾਂ ਦਾ ਪ੍ਰਬੰਧ ਮਗਨਰੇਗਾ ਤਹਿਤ ਕੀਤਾ ਜਾ ਸਕਦਾ ਹੋਵੇ।
ਮਗਨਰੇਗਾ ਤਹਿਤ ਮਜ਼ਦੂਰੀ ਦਾ ਪੈਸਾ 15 ਦਿਨਾਂ ਵਿਚ ਮਿਲ ਜਾਣਾ ਚਾਹੀਦਾ ਹੈ। ਅਦਾਇਗੀ ਵਿੱਚ ਦੇਰੀ ਹੋਣ ‘ਤੇ ਵਿਆਜ ਸਮੇਤ ਦਿਹਾੜੀ ਦੇਣੀ ਪੈਂਦੀ ਹੈ। ਸੈਂਕੜੇ ਕਾਮੇ ਆਪਣੇ ਪੁਰਾਣੇ ਕੰਮ ਦੇ ਪੈਸੇ ਉਡੀਕ ਰਹੇ ਹਨ ਅਤੇ ਇਨ੍ਹਾਂ ਨੂੰ ਵਿਆਜ ਤਾਂ ਕੀ ਅਸਲ ਹੀ ਨਾ ਮਿਲਣ ਦੀ ਚਿੰਤਾ ਸਤਾ ਰਹੀ ਹੈ। ਇੱਕ ਅਨੁਮਾਨ ਅਨੁਸਾਰ ਪਹਿਲਾਂ ਹੀ ਮਗਨਰੇਗਾ ਤਹਿਤ 29.91 ਕਰੋੜ ਦੇ ਲਗਪਗ ਦੇਣਦਾਰੀਆਂ ਖੜ੍ਹੀਆਂ ਹਨ। ਕੰਮ ਮੰਗਣ ‘ਤੇ ਸਮੇਂ ਸਿਰ ਕੰਮ ਨਾ ਦੇਣ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਭੱਤੇ ਦੀ ਸੰਵਿਧਾਨਕ ਰਾਖ਼ੀ ਨੂੰ ਵੀ ਹਵਾ ਵਿੱਚ ਉਡਾਇਆ ਜਾ ਰਿਹਾ ਹੈ।
ਇੱਕ ਸੀਨੀਅਰ ਸਿਆਸੀ ਆਗੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵੱਡੇ ਪੈਮਾਨੇ ਉੱਤੇ ਹੋਈ ਹੇਰਾਫੇਰੀ ਕਾਰਨ ਸਰਪੰਚ ਡਰੇ ਹੋਏ ਹਨ। ਇਸ ਲਈ ਬਹੁਤ ਸਾਰੀਆਂ ਪੰਚਾਇਤਾਂ ਸਰਕਾਰ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸਲ ਵਿੱਚ ਮਗਨਰੇਗਾ ਸਰਕਾਰਾਂ ਦੇ ਤਰਜੀਹੀ ਏਜੰਡੇ ਦਾ ਹਿੱਸਾ ਹੀ ਨਹੀਂ ਹੈ।
ਮਗਨਰੇਗਾ ਤਹਿਤ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ: ਬਾਜਵਾ
ਪੰਜਾਬ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਗਨਰੇਗਾ ਤਹਿਤ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ ਰਾਸ਼ੀ ਜਾਰੀ ਨਹੀਂ ਕੀਤੀ। ਜਿੰਨਾ ਕੁ ਕੰਮ ਹੋਇਆ ਹੈ, ਉਹ ਵੀ ਦਿਹਾੜੀ ਦਿੱਤੀ ਗਈ ਪਰ ਚਾਲੀ ਫ਼ੀਸਦੀ ਹਿੱਸਾ ਮਟੀਰੀਅਲ ਲਾਗਤ ਦਾ ਹੈ, ਜੋ ਖ਼ਰਚ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਕੋਲ ਪੈਸੇ ਦਾ ਪ੍ਰਬੰਧ ਹੋਵੇਗਾ ਤਾਂ ਸੂਬੇ ਦਾ ਹਿੱਸਾ ਪਾਉਣ ਦੇ ਨਾਲ ਹੀ ਕੇਂਦਰੀ ਹਿੱਸਾ ਵੀ ਮੰਗਿਆ ਜਾ ਸਕੇਗਾ।
ਮਗਨਰੇਗਾ ਦੇ ਦੁਆਬੇ ‘ਚ ਵੀ ਦੇਣ ਲੱਗੇ ਗੋਡੇ ਜਵਾਬ
ਜੌਬ ਕਾਰਡ ਜ਼ਿਆਦਾ ਦੇ, ਪਰ ਮਜ਼ਦੂਰਾਂ ਦੀ ਗਿਣਤੀ ਘੱਟ
ਜਲੰਧਰ : ਪਿੰਡਾਂ ਵਿੱਚ ਗ਼ਰੀਬ ਮਜ਼ਦੂਰਾਂ ਨੂੰ ਕੰਮ ਦੀ ਗਾਰੰਟੀ ਦੇਣ ਵਾਲੀ ਮਗਨਰੇਗਾ ਸਕੀਮ ਦੋਆਬੇ ਵਿੱਚ ਦਮ ਤੋੜਦੀ ਨਜ਼ਰ ਆ ਰਹੀ ਹੈ। ਪਿਛਲੀ ਸਰਕਾਰ ਨੇ ਇਸ ਸਕੀਮ ਤਹਿਤ ਦੋਆਬੇ ਦੇ ਪਿੰਡਾਂ ਵਿਚ ਗ਼ਰੀਬਾਂ ਨੂੰ ਰੁਜ਼ਗਾਰ ਦੇਣ ਦੀ ਕੋਈ ‘ਗਾਰੰਟੀ’ ਨਹੀਂ ਦਿੱਤੀ। ਜਲੰਧਰ ਵਿੱਚ ਮਗਨਰੇਗਾ ਦਾ ਕੁੱਬ ਨਿਕਲ ਗਿਆ ਹੈ। ਬੇ-ਹੁਨਰਮੰਦਾਂ ਨੂੰ ਵੀ ਰੁਜ਼ਗਾਰ ਦੇਣ ਲਈ ਚਲਾਈ ਗਈ ਮਗਨਰੇਗਾ ਯੋਜਨਾ ઠਦੋਆਬੇ ਵਿਚ ਗੋਡਿਆਂ ਭਾਰ ਹੋ ਗਈ ਹੈ। ਮਗਨਰੇਗਾ ਤਹਿਤ ਕੰਮ ਦੇਣ ਦੇ ਮਾਮਲੇ ਵਿਚ ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਨਾਲੋਂ ਕਿਤੇ ਅੱਗੇ ਹਨ।
ਪ੍ਰਾਪਤ ਅੰਕੜਿਆਂ ਅਨੁਸਾਰ ਜਿੰਨੇ ਮਜ਼ਦੂਰਾਂ ਦੇ ਜੌਬ ਕਾਰਡ ਬਣੇ ਹਨ, ਉਨ੍ਹਾਂ ਵਿਚੋਂ ਚਾਰੇ ਜ਼ਿਲ੍ਹਿਆਂ ਵਿੱਚ ਕੰਮ ਮੰਗਣ ਵਾਲੇ ਮਜ਼ਦੂਰਾਂ ਦੀ ਗਿਣਤੀ ਕਾਫ਼ੀ ਘੱਟ ਹੈ। ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਤਹਿਤ ਜੌਬ ਕਾਰਡ ਬਣਾਉਣ ਤੋਂ ਬਾਅਦ ਮਜ਼ਦੂਰਾਂ ਨੂੰ ਖ਼ੁਦ ਕੰਮ ਦੀ ਮੰਗ ਕਰਨੀ ਪੈਂਦੀ ਹੈ ਅਤੇ ਕੰਮ ਦੀ ਮੰਗ ਕਰਨ ਵਾਲਾ ਹੀ ਰੁਜ਼ਗਾਰ ਨਾ ਮਿਲਣ ‘ਤੇ ਮੁਆਵਜ਼ੇ ਦਾ ਹੱਕਦਾਰ ਹੁੰਦਾ ਹੈ। ਮਜ਼ਦੂਰਾਂ ਨੇ ਦੋਸ਼ ਲਾਇਆ ਹੈ ਕਿ ਮਗਨਰੇਗਾ ਵਿਚ ਬਾਕੀ ਭਲਾਈ ਸਕੀਮਾਂ ਨਾਲੋਂ ਵਧੇਰੇ ਪਾਰਦਰਸ਼ਤਾ ਕਾਰਨ ਭ੍ਰਿਸ਼ਟਾਚਾਰ ਕਰਨਾ ਥੋੜ੍ਹਾ ਔਖਾ ਹੈ। ਇਸ ਲਈ ਪੰਚਾਇਤਾਂ ਅਤੇ ਅਫ਼ਸਰਸ਼ਾਹੀ ਸਕੀਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਜ਼ਿਲ੍ਹਾ ਜਲੰਧਰ ਵਿਚ ਕੁੱਲ 39,648 ਜੌਬ ਕਾਰਡ ਬਣੇ ਹਨ ਅਤੇ ਸਾਲ 2017-18 ਵਿਚ ਸਿਰਫ਼ 4144 ਲੋਕਾਂ ਨੇ ਹੀ ਰੁਜ਼ਗਾਰ ਦੀ ਮੰਗ ਕੀਤੀ ਹੈ ਜਦਕਿ ਕੇਵਲ 1400 ਮਜ਼ਦੂਰਾਂ ਨੂੰ ਹੀ ਕੰਮ ਦਿੱਤਾ ਜਾ ਸਕਿਆ। ਦੋਆਬੇ ਵਿਚ ਸਭ ਤੋਂ ਵੱਧ ਜੌਬ ਕਾਰਡ ਹੁਸ਼ਿਆਰਪੁਰ ਵਿੱਚ ਬਣੇ ਹਨ, ਜਿੱਥੇ 83,720 ਜੌਬ ਕਾਰਡ ਹਨ ਪਰ ਇਨ੍ਹਾਂ ਵਿਚੋਂ ਕੇਵਲ 12,530 ਲੋਕਾਂ ਨੇ ਹੀ ਕੰਮ ਦੀ ਮੰਗ ਕੀਤੀ ਹੈ ਤੇ 5688 ਮਜ਼ਦੂਰਾਂ ਨੂੰ ਹੀ ਕੰਮ ਦਿੱਤਾ ਗਿਆ। ਕਪੂਰਥਲਾ ਵਿੱਚ 27,170 ਜੌਬ ਕਾਰਡ ਬਣੇ ਹਨ, ਜਿਨ੍ਹਾਂ ਵਿਚੋਂ 6122 ਲੋਕਾਂ ਨੇ ਕੰਮ ਮੰਗਿਆ ਜਦਕਿ 4653 ਲੋਕਾਂ ਨੂੰ ਕੰਮ ਦਿੱਤਾ ਗਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 28,228 ਜੌਬ ਕਾਰਡ ਬਣਾਏ ਗਏ, ਜਿਨ੍ਹਾਂ ਵਿਚੋਂ 6008 ਲੋਕਾਂ ਨੇ ਖ਼ੁਦ ਨੂੰ ਬੇਰੁਜ਼ਗਾਰ ਦੱਸਿਆ ਤੇ ਉਨ੍ਹਾਂ ਵਿਚੋਂ 4401 ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ। ਅਹਿਮ ਤੱਥ ਇਹ ਹਨ ਕਿ ਚਾਰਾਂ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ ਵਿਚ ਜੌਬ ਕਾਰਡ ਬਣੇ ਹੋਏ ਹਨ ਪਰ ਕੰਮ ਮੰਗਣ ਅਤੇ ਕੰਮ ਮਿਲਣ ਵਾਲੇ ਮਜ਼ਦੂਰਾਂ ਦੀ ਗਿਣਤੀ ਬੇਹੱਦ ਨਿਗੂਣੀ ਹੈ।
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਕੰਮ ਦੀ ਮਜ਼ਦੂਰੀ ਸਿੱਧੀ ਮਜ਼ਦੂਰ ਦੇ ਬੈਂਕ ਖਾਤੇ ਵਿਚ ਹੀ ਆਉਂਦੀ ਹੈ, ਜਿਸ ਕਾਰਨ ਪੰਚਾਇਤ ਮੈਂਬਰਾਂ ਅਤੇ ਅਫਸਰਸ਼ਾਹੀ ਲਈ ਭ੍ਰਿਸ਼ਟਾਚਾਰ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਪੰਚਾਇਤਾਂ ਅਤੇ ਅਫ਼ਸਰ ਸਕੀਮ ਨੂੰ ਬਹੁਤੀ ਲਗਨ ਨਾਲ ਲਾਗੂ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਵਿਚ ਕੰਮ ਦੀ ਮੰਗ ਕੀਤੀ ਜਾਂਦੀ ਹੈ ਪਰ ਪੰਚਾਇਤਾਂ ਵੱਲੋਂ ਇਸ ਸਬੰਧੀ ਨਾ ਤਾਂ ਮਤਾ ਪਾਸ ਕੀਤਾ ਜਾਂਦਾ ਹੈ ਅਤੇ ਨਾ ਹੀ ਗ੍ਰਾਮ ਸਭਾ ਦੇ ਇਜਲਾਸ ਬੁਲਾਏ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਵਿੱਚ ਆਦਰਾਮਾਨ, ਉਧੋਵਾਲ ਤੇ ਮਹਿਤਪੁਰ ਨੇੜਲੇ ਕਈ ਪਿੰਡ ਅਤੇ ਕਰਤਾਰਪੁਰ ਕੋਲ ਪੈਂਦੇ ਪਿੰਡਾਂ ਦੇ ਮਜ਼ਦੂਰ ਕਈ ਵਾਰ ਕੰਮ ਦੀ ਮੰਗ ਕਰ ਚੁੱਕੇ ਹਨ ਪਰ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਸ ਕੀਤੇ ਜਾ ਰਹੇ ਹਨ।
80 ਸਾਲ ਤੋਂ ਵੱਧ ਉਮਰ ਵਾਲੇ ਬਾਬਿਆਂ ਦੇ ਸਹਾਰੇ ਵਿਕਾਸ
ਬਠਿੰਡਾ : ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਬਜ਼ੁਰਗ ਸਰਕਾਰੀ ‘ਵਿਕਾਸ’ ਦਾ ਭਾਰ ਢੋਣ ਲਈ ਮਜਬੂਰ ਹਨ। ਇਨ੍ਹਾਂ ਦੇ ਭਾਗ ਕੈਪਟਨ ਸਰਕਾਰ ਵੀ ਨਹੀਂ ਬਦਲ ਸਕੀ। ਜ਼ਿੰਦਗੀ ਦੇ ਆਖ਼ਰੀ ਪਹਿਰ ਵਿਚ ਇਹ ਬਜ਼ੁਰਗ ਮਗਨਰੇਗਾ ਵਿਚ ਦਿਹਾੜੀ ਕਰ ਰਹੇ ਹਨ। ਮਗਨਰੇਗਾ ਸਕੀਮ ਵਿੱਚ ਪੰਜਾਬ ‘ਚ 80 ਸਾਲ ਤੋਂ ਉਪਰ ਦੀ ਉਮਰ ਦੇ 13,781 ਬਜ਼ੁਰਗ ਰਜਿਸਟਰਡ ਹਨ ਜਦੋਂਕਿ 61 ਸਾਲ ਤੋਂ 80 ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.08 ਲੱਖ ਬਣਦੀ ਹੈ। ਕੈਪਟਨ ਸਰਕਾਰ ਵੀ ਇਨ੍ਹਾਂ ਮਜ਼ਦੂਰਾਂ ਤੋਂ ਬੇਖ਼ਬਰ ਹੈ। ਬੁੱਢੀ ਉਮਰੇ ਦਿਹਾੜੀ ਕਰਨ ਦਾ ਇਨ੍ਹਾਂ ਬਜ਼ੁਰਗਾਂ ਨੂੰ ਸ਼ੌਕ ਨਹੀਂ ਪਰ ਫਿਰ ਵੀ ਕੋਈ ਹਕੂਮਤ ਇਨ੍ਹਾਂ ਦੇ ਦਰਦ ਸਮਝ ਨਹੀਂ ਸਕੀ ਹੈ। ਗੱਠਜੋੜ ਹਕੂਮਤ ਸਮੇਂ ਕਾਂਗਰਸ ਨੇ ਮਗਨਰੇਗਾ ਮਜ਼ਦੂਰਾਂ ਦਾ ਮਸਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ ਪਰ ਹੁਣ ਕਾਂਗਰਸੀ ਹਕੂਮਤ ਵੀ ਚੁੱਪ ਹੋ ਗਈ ਹੈ। ਮੁੱਖ ਮੰਤਰੀ ਪੰਜਾਬ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਹੋਰ ਕਿਸੇ ਵੀ ਉੱਚ ਅਧਿਕਾਰੀ ਨੇ ਮਗਨਰੇਗਾ ਦੇ ਮਸਲੇ ‘ਤੇ ਕੋਈ ਮੀਟਿੰਗ ਤੱਕ ਨਹੀਂ ਬੁਲਾਈ ਹੈ। ਕਰੋੜਾਂ ਰੁਪਏ ਦੀ ਮਜ਼ਦੂਰੀ ਖ਼ਜ਼ਾਨੇ ਵਿੱਚ ਹੀ ਫਸੀ ਹੋਈ ਹੈ।
ਬਠਿੰਡਾ ਵਿੱਚ 17,200 ਮਗਨਰੇਗਾ ਮਜ਼ਦੂਰਾਂ ਦੀ ਉਮਰ 61 ਸਾਲ ਤੋਂ ਉਪਰ ਹੈ, ਜਿਨ੍ਹਾਂ ਵਿੱਚੋਂ 420 ਮਜ਼ਦੂਰ 80 ਸਾਲ ਤੋਂ ਵੱਧ ਉਮਰ ਦੇ ਰਜਿਸਟਰਡ ਹਨ। ਦੂਜੇ ਪਾਸੇ 18 ਤੋਂ 30 ਸਾਲ ਦੀ ਉਮਰ ਤੱਕ ਦੇ ਮਜ਼ਦੂਰਾਂ ਦੀ ਗਿਣਤੀ 13,316 ਹੀ ਹੈ। ਹੁਸ਼ਿਆਰਪੁਰ ਵਿੱਚ ਸਭ ਤੋਂ ਜ਼ਿਆਦਾ ਕਰੀਬ 30 ਹਜ਼ਾਰ ਮਗਨਰੇਗਾ ਮਜ਼ਦੂਰ 61 ਸਾਲ ਤੋਂ ਵੱਧ ਉਮਰ ਦੇ ਹਨ।
ਨਰਮਾ ਪੱਟੀ ਵਿੱਚ ਮਗਨਰੇਗਾ ਮਜ਼ਦੂਰਾਂ ਵੱਲੋਂ ਚਿੱਟੀ ਮੱਖੀ ਦੇ ਖ਼ਾਤਮੇ ਲਈ ਮੁਹਿੰਮ ਵਿੱਢੀ ਜਾਂਦੀ ਹੈ। 25 ਫਰਵਰੀ ਤੋਂ 30 ਅਪਰੈਲ ਤੱਕ ਨਰਮਾ ਪੱਟੀ ਵਿੱਚ ਸੜਕਾਂ ਅਤੇ ਨਹਿਰਾਂ ਦੇ ਕਿਨਾਰਿਆਂ ਤੋਂ ਨਦੀਨ ਖ਼ਤਮ ਕਰਨ ਲਈ ਮਗਨਰੇਗਾ ਮਜ਼ਦੂਰ ਲਾਏ ਗਏ ਸਨ, ਜਿਨ੍ਹਾਂ ਨੇ ਨਦੀਨ ਪੁੱਟ ਕੇ ਚਿੱਟੀ ਮੱਖੀ ਦੀ ਜੜ੍ਹ ਪੁੱਟਣ ਵਿੱਚ ਯੋਗਦਾਨ ਪਾਇਆ ਹੈ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਮਗਨਰੇਗਾ ਮਜ਼ਦੂਰਾਂ ਨੇ ਸਵਾ ਦੋ ਮਹੀਨੇ ਚਿੱਟੀ ਮੱਖੀ ਦੀ ਰੋਕਥਾਮ ਲਈ ਨਦੀਨਾਂ ਦੇ ਖ਼ਾਤਮੇ ਵਿੱਚ ਅਹਿਮ ਕੰਮ ਕੀਤਾ ਹੈ ਅਤੇ ਹਜ਼ਾਰਾਂ ਏਕੜ ‘ਚੋਂ ਨਦੀਨ ਸਾਫ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਜ਼ਦੂਰੀ ਮਗਨਰੇਗਾ ਫੰਡਾਂ ‘ਚੋਂ ਹੀ ਮਿਲਣੀ ਹੈ।
ਵੇਰਵਿਆਂ ਅਨੁਸਾਰ ਮਗਨਰੇਗਾ ਵਿੱਚ ਕੰਮ ਕਰਦੇ ਮੁਲਾਜ਼ਮ ਵੀ ਸੰਘਰਸ਼ਾਂ ਦੇ ਰਾਹ ਤੁਰੇ ਹੋਏ ਹਨ, ਜਿਨ੍ਹਾਂ ਨੂੰ ਨਵੀਂ ਸਰਕਾਰ ਤੋਂ ਵੀ ਕੋਈ ਚੰਗਾ ਸੁਨੇਹਾ ਨਹੀਂ ਆਇਆ ਹੈ। ਹਾਲਾਂਕਿ ਮਗਨਰੇਗਾ ਸਕੀਮ ਕੇਂਦਰ ਦੀ ਯੂਪੀਏ ਸਰਕਾਰ ਦੀ ਤਰਜੀਹੀ ਸਕੀਮ ਹੈ ਪਰ ਕੈਪਟਨ ਸਰਕਾਰ ਨੇ ਇਸ ਨੂੰ ਹਾਲੇ ਤੱਕ ਏਜੰਡੇ ‘ਤੇ ਨਹੀਂ ਰੱਖਿਆ ਹੈ।
ਬਠਿੰਡਾ ਦੀ ਜ਼ਿਲ੍ਹਾ ਪ੍ਰੀਸ਼ਦ ਨੇ ਕੁਝ ਅਰਸਾ ਪਹਿਲਾਂ ਪੰਜ ਏਕੜ ਤੱਕ ਵਾਲੀ ਕਿਸਾਨੀ ਦੇ ਖੇਤਾਂ ਵਿੱਚ ਮਗਨਰੇਗਾ ਮਜ਼ਦੂਰ ਭੇਜਣ ਦਾ ਪ੍ਰੋਗਰਾਮ ਬਣਾਇਆ ਸੀ। ਨਿਯਮਾਂ ਅਨੁਸਾਰ ਕਿਸਾਨ ਇਨ੍ਹਾਂ ਮਜ਼ਦੂਰਾਂ ਦੀ ਮੱਦਦ ਲੈ ਸਕਦੇ ਹਨ। ਉਂਜ, ਹਕੀਕਤ ਇਹ ਹੈ ਕਿ ਕਿਸੇ ਵੀ ਕਿਸਾਨ ਨੂੰ ਮਗਨਰੇਗਾ ਮਜ਼ਦੂਰ ਨਹੀਂ ਮਿਲੇ ਹਨ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਮਗਨਰੇਗਾ ਮਜ਼ਦੂਰ ਦੇਣ ਵਾਲਾ ਕੇਸ ਪ੍ਰਵਾਨਗੀ ਲਈ ਭੇਜਿਆ ਸੀ ਪਰ ਉਪਰੋਂ ਹਰੀ ਝੰਡੀ ਨਹੀਂ ਮਿਲੀ ਅਤੇ ਹੁਣ ਦੁਬਾਰਾ ਕੇਸ ਬਣਾ ਕੇ ਭੇਜਣਗੇ।
ਦਰਵਾਜ਼ੇ ਬੰਦ ਕਰਕੇ ਪੜ੍ਹਿਆ ਜਥੇਦਾਰ ਗੁਰਬਚਨ ਸਿੰਘ ਨੇ ਸੰਦੇਸ਼
ਭਾਈ ਧਿਆਨ ਸਿੰਘ ਮੰਡ ਨੇ ਆਪਣੇ ਸੁਨੇਹੇ ‘ਚ ਕੀਤੀ ਸਮੂਹ ਪੰਥ ਨੂੰ ਏਕਤਾ ਦੀ ਅਪੀਲ
ਅੰਮ੍ਰਿਤਸਰ/ਬਿਊਰੋ ਨਿਊਜ਼ : 1984 ਵਿਚ 4 ਤੋਂ 6 ਜੂਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਭਾਰਤੀ ਫ਼ੌਜ ਵੱਲੋਂ ਕੀਤੇ ਸਾਕਾ ਨੀਲਾ ਤਾਰਾ ਘੱਲੂਘਾਰੇ ਦੌਰਾਨ ਸ਼ਹਾਦਤਾਂ ਦੇਣ ਵਾਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦ ਸਿੰਘ-ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿਚ ਘੱਲੂਘਾਰਾ ਸ਼ਹੀਦੀ ਸਮਾਗਮ ਮਨਾਇਆ ਗਿਆ। ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਰਾਇ ਸਿੰਘ ਦੇ ਜਥੇ ਵੱਲੋਂ ਸ਼ਬਦ ਕੀਰਤਨ ਕੀਤੇ ਜਾਣ ਤੇ ਅਰਦਾਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਹੁਕਮਨਾਮਾ ਸਰਵਨ ਕਰਾਇਆ ਗਿਆ।
ਇਸ ਉਪਰੰਤ ਜਿਉਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਿੱਖ ਕੌਮ ਦੇ ਨਾਮ ਸੰਦੇਸ਼ ਪੜਨ ਲਈ ਖੜੇ ਹੋਏ ਤਾਂ ਸਮਾਗਮ ਵਿਚ ਬੈਠੀਆਂ ਪੰਥਕ ਧਿਰਾਂ ਖ਼ਾਲਿਸਤਾਨ ਪੱਖੀ ਨਾਅਰੇ ਲਾਉਂਦੀਆਂ ਅਤੇ ਜੈਕਾਰੇ ਛੱਡਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠ ਕੇ ਹੇਠਾਂ ਪ੍ਰਕਰਮਾ ਵਿਚ ਆ ਗਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਕਾਫ਼ੀ ਦੇਰ ਖ਼ਾਲਿਸਤਾਨ ਦੇ ਹੱਕ ਵਿਚ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਵਿਰੋਧ ਵਿਚ ਕਿਰਪਾਨਾਂ ਹਵਾ ਵਿਚ ਲਹਿਰਾ ਕੇ ਨਾਅਰੇਬਾਜ਼ੀ ਹੁੰਦੀ ਰਹੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵੱਲੋਂ ਬਾਹਰ ਹੋ ਰਹੀ ਨਾਅਰੇਬਾਜ਼ੀ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਅਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਮ ਆਪਣਾ ਸੰਦੇਸ਼ ਪੜਨ ਤੋਂ ਬਾਅਦ ਘੱਲੂਘਾਰਾ ਦੇ ਚੋਣਵੇਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼ਹੀਦੀ ਸਮਾਗਮ ‘ਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸਕੱਤਰ ਅਮਰਜੀਤ ਸਿੰਘ ਚਾਵਲਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਗੁਰਚਰਨ ਸਿੰਘ ਗਰੇਵਾਲ, ਸੰਤ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਪ੍ਰੀਤ ਕੌਰ, ਸਪੁੱਤਰੀ ਬੀਬੀ ਸਤਵੰਤ ਕੌਰ ਅਤੇ ਭਰਾਤਾ ਭਾਈ ਮਨਜੀਤ ਸਿੰਘ ਸਮੇਤ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਸ ਸਮਾਗਮ ਵਿਚੋਂ ਪੂਰੀ ਤਰਾਂ ਗ਼ੈਰ-ਹਾਜ਼ਰ ਰਹੀ। ਇਸੇ ਦੌਰਾਨ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੱਖਰੇ ਤੌਰ ‘ਤੇ ਨਾਅਰੇਬਾਜ਼ੀ ਦੇ ਰੌਲੇ-ਰੱਪੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਹੇਠਾਂ ਥੜੇ ‘ਤੇ ਖਲੋ ਕੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ।
ਰੋਸਾ : ਉਖਾੜ ਦਿੱਤੇ ਸ਼੍ਰੋਮਣੀ ਕਮੇਟੀ ਦੇ ਸਪੀਕਰ
ਸ਼ਹੀਦੀ ਸਮਾਗਮ ਮੌਕੇ ਗਿਆਨੀ ਗੁਰਬਚਨ ਸਿੰਘ ਦੇ ਵਿਰੋਧ ਕਾਰਨ ਸ਼ੁਰੂ ਹੋਈ ਪੰਥਕ ਧਿਰਾਂ ਤੇ ਸੰਗਤਾਂ ਦੀ ਨਾਅਰੇਬਾਜ਼ੀ ਅੱਧਾ ਪੌਣਾ ਘੰਟਾ ਜਾਰੀ ਰਹੀ। ਇਸ ਮੌਕੇ ਹਵਾ ਵਿਚ ਕਿਰਪਾਨਾਂ ਲਹਿਰਾ ਕੇ ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖ਼ਾਲਸਾ ਅਤੇ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿਚ ਨਾਅਰੇ ਲਾਏ ਗਏ।
ਜਦੋਂ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੌਮ ਦੇ ਨਾਮ ਸੰਦੇਸ਼ ਪੜਨਾ ਸ਼ੁਰੂ ਕੀਤਾ ਤਾਂ ਦਰਬਾਰ ਸਾਹਿਬ ਦੇ ਗਲਿਆਰੇ ਵਿਚ ਚੱਲ ਰਹੀ ਗੁਰਬਾਣੀ ਵਾਲੇ ਸਪੀਕਰਾਂ ਦੀ ਆਵਾਜ਼ ਤੇਜ਼ ਕਰ ਦਿੱਤੀ ਗਈ, ਜਿਸ ਨੂੰ ਘੱਟ ਕਰਨ ਦੀ ਅਪੀਲ ਵੀ ਸੰਗਤਾਂ ਵਲੋਂ ਕੀਤੀ ਗਈ, ਪਰ ਜਦੋਂ ਕਿਸੇ ਨੇ ਗੌਰ ਨਾ ਕੀਤਾ ਤਾਂ ਰੋਹ ਵਿਚ ਆ ਕੇ ਕੁਝ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਸਪੀਕਰ ਹੀ ਉਖਾੜ ਦਿੱਤੇ।
ਗਿਆਨੀ ਗੁਰਬਚਨ ਸਿੰਘ ਦਾ ਕੌਮ ਦੇ ਨਾਮ ਸੰਦੇਸ਼
ਸ਼ਹੀਦੀ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਮੁੱਚਾ ਸਿੱਖ ਜਗਤ ਪੰਥਕ ਮਸਲਿਆਂ ਤੇ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਕਜੁੱਟ ਹੋ ਕੇ ਮੁਕਾਬਲਾ ਕਰੇ।  ਜੂਨ, 1984 ਵਿਚ ਤਤਕਾਲੀ ਕੇਂਦਰ ਸਰਕਾਰ ਵੱਲੋਂ ਕਰਵਾਏ ਇਸ ਘੱਲੂਘਾਰੇ ਨੂੰ ਅਤਿ-ਨਿੰਦਣਯੋਗ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਇਸ ਦੌਰਾਨ ਭਾਰਤੀ ਫ਼ੌਜ ਵੱਲੋਂ ਕੀਤੇ ਜ਼ੁਲਮ ਵਿਰੁੱਧ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਸਮੇਤ ਅਨੇਕ ਸਿੰਘ-ਸਿੰਘਣੀਆਂ ਤੇ ਭੁਝੰਗੀਆਂ ਨੇ ਸ਼ਹਾਦਤਾਂ ਦਿੱਤੀਆਂ, ਜਿਨਾਂ ਨੂੰ ਸਿੱਖ ਕੌਮ ਹਰ ਸਾਲ ਸ਼ਹੀਦੀ ਸਮਾਗਮ ਕਰ ਕੇ ਯਾਦ ਕਰਦੀ ਹੈ। ਉਨਾਂ ਘੱਲੂਘਾਰੇ ਲਈ ਮੁਕੰਮਲ ਰੂਪ ਵਿਚ ਭਾਰਤ ਦੀ ਤਤਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸ ਤੋਂ ਵੱਧ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਆਪਣੀ ਹੀ ਫ਼ੌਜ ਦੁਆਰਾ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਟੈਂਕਾਂ-ਤੋਪਾਂ ਤੇ ਗੋਲੇ-ਬਾਰੂਦ ਦਾ ਨਿਸ਼ਾਨਾ ਬਣਾ ਕੇ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੋਵੇ।
ਭਾਈ ਮੰਡ ਵੱਲੋਂ ਵੀ ਕੌਮ ਦੇ ਨਾਮ ਸੰਦੇਸ਼
ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸਿਮਰਨਜੀਤ ਸਿੰਘ ਮਾਨ ਦੀ ਮੌਜਦੂਗੀ ਵਿਚ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਜੂਨ, 1984 ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਭਾਰਤ ਸਰਕਾਰ ਦੀ ਨਸਲਕੁਸ਼ੀ ਦੀ ਚੀਸ ਦੱਸਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਦੀ ਲੋੜ ਹੈ। ਉਨਾਂ ਸਮੂਹ ਪੰਥ ਵਿਚ ਪੂਰਨ ਏਕਤਾ ਦੀ ਲੋੜ ‘ਤੇ ਅਤੇ ਜੇਲਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਲੰਬੇ ਸਮੇਂ ਤੋਂ ਜੇਲਾਂ ਵਿਚ ਬੰਦ ਨੌਜਵਾਨਾਂ ਦੀ ਰਿਹਾਈ ਲਈ ਸਾਂਝੇ ਸੁਹਿਰਦ ਯਤਨਾਂ ਦੀ ਲੋੜ ਹੈ। ਉਨਾਂ ਸਿੱਖ ਸੰਸਥਾਵਾਂ ਨੂੰ ਪੰਥ ਵਿਰੋਧੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦੀ ਲੋੜ ‘ਤੇ ਜ਼ੋਰ ਵੀ ਦਿੱਤਾ। ਸੰਨ, 1984 ਵਿਚ ਹੋਏ ਹਮਲੇ ਨੂੰ ਉਨਾਂ ਕੇਂਦਰ ਸਰਕਾਰ ਵੱਲੋਂ ਕੀਤਾ ਕਤਲੇਆਮ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਕਾਂਗਰਸ, ਕਾਮਰੇਡ, ਭਾਜਪਾ ਅਤੇ ਅਖੌਤੀ ਸਿੱਖ ਆਗੂ ਵੀ ਬਰਾਬਰ ਜ਼ਿੰਮੇਵਾਰ ਹਨ।
ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ
ਸਮਾਗਮ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਪ੍ਰੀਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ ਤੇ ਸੰਨ ’84 ਦੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਿਰੋਪਾਓ ਦਿੱਤੇ ਗਏ।
ਸਾਕਾ ਨੀਲਾ ਤਾਰਾ ਦੀ ਯਾਦ ਵਜੋਂ ਬਚੀ ਇੱਕ ਹੀ ਡਿਓਢੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਨਵਾਂ ਰੰਗ ਰੋਗਨ ਕਰਵਾਉਣ ਮਗਰੋਂ ਹੁਣ ਇੱਥੇ ਅਕਾਲ ਤਖਤ ਸਾਹਿਬ ਨੇੜੇ ਸਿਰਫ਼ ਇਕ ਡਿਓਢੀ ਹੀ ਜੂਨ 1984 ਦੇ ਫੌਜੀ ਹਮਲੇ ਦੀ ਯਾਦ ਬਚੀ ਹੈ ਜਦਕਿ ਬਾਕੀ ਇਮਾਰਤਾਂ ‘ਤੇ ਰੰਗ ਰੋਗਨ ਹੋ ਚੁੱਕੇ ਹਨ। 33 ਸਾਲ ਪਹਿਲਾਂ ਹੋਏ ਇਸ ਫੌਜੀ ਹਮਲੇ ਦੀਆਂ ਯਾਦਾਂ ਵਜੋਂ ਸ੍ਰੋਮਣੀ ਕਮੇਟੀ ਵੱਲੋਂ ਸੰਭਾਲ ਕੇ ਰੱਖੀਆਂ ਇਮਾਰਤਾਂ ਵਿਚੋਂ ਅੱਜ ਸਿਰਫ ਇਕ ਡਿਓਢੀ ਹੀ ਜਿਵੇਂ ਦੀ ਤਿਵੇਂ ਰੱਖੀ ਹੋਈ ਹੈ। ਅਕਾਲ ਤਖ਼ਤ ਸਾਹਿਬ ਨੇੜੇ ਬਣੀ ਇਸ ਡਿਓਢੀ ਨੂੰ ਆਟਾ ਮੰਡੀ ਵੱਲ ਜਾਂਦੀ ਡਿਓਢੀ ਤੇ ਸ਼੍ਰੋੋਮਣੀ ਕਮੇਟੀ ਵੱਲੋਂ ਖਜ਼ਾਨਾ ਡਿਓਢੀ ਆਖਿਆ ਜਾਂਦਾ ਰਿਹਾ ਹੈ।
ਇਸ ਇਮਾਰਤੀ ਹਿੱਸੇ ‘ਤੇ ਉਸ ਵੇਲੇ ਦੀ ਗੋਲੀਬਾਰੀ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਉਸ ਵੇਲੇ ਫੌਜ ਦਾ ਮੁੱਖ ਨਿਸ਼ਾਨਾ ਅਕਾਲ ਤਖ਼ਤ ਸਾਹਿਬ ਸੀ। ਉਸ ਵੇਲੇ ਗੋਲੀਬਾਰੀ ਨਾਲ ਅਕਾਲ ਤਖ਼ਤ ਸਾਹਿਬ ਦੀ ਸਮੁੱਚੀ ਇਮਾਰਤ ਨੁਕਸਾਨੀ ਗਈ ਸੀ, ਜਿਸ ਨੂੰ ਬਾਅਦ ਵਿਚ ਮੁੜ ਉਸਾਰਿਆ ਗਿਆ ਸੀ ਪਰ ਇਸ ઠਇਮਾਰਤ ਦੇ ਥੜ੍ਹੇ ਨੂੰ ਗੁਰੂ ਵੇਲੇ ਦੀ ਨਿਸ਼ਾਨੀ ਵਜੋਂ ਸੰਭਾਲ ਲਿਆ ਗਿਆ ਸੀ। ਇਸੇ ਤਰ੍ਹਾਂ ਪਰਿਕਰਮਾ, ਦਰਸ਼ਨੀ ਡਿਓਢੀ, ਲੰਗਰ ਹਾਲ, ਰਾਮਗੜ੍ਹੀਆ ਬੂੰਗੇ ਆਦਿ ‘ਤੇ ਤਾਂ ਪਹਿਲਾਂ ਹੀ ਰੋਗਨ ਹੋ ਗਿਆ ਸੀ ਪਰ ਇਨ੍ਹਾਂ ਵਿੱਚੋਂ ਕਈ ਇਮਾਰਤਾਂ ‘ਤੇ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਹੋਏ ਹਨ। ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ਜਿਸ ਉੱਪਰ ਗੋਲੀਆਂ ਦੇ ਨਿਸ਼ਾਨ ਵੀ ਹਨ ਅਤੇ ਇਸ ਵਿੱਚ ਅੱਗ ਵੀ ਲਗ ਗਈ ਸੀ, ਦੀ ਬਾਹਰੀ ਦਿੱਖ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਮੁਰੰਮਤ ਦੌਰਾਨ ਇਸ ਇਮਾਰਤ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਸਾਂਭ ਲਏ ਗਏ ਹਨ।
ਸ੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ ਨੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਹਵਾਲੇ ਨਾਲ ਦੱਸਿਆ ਕਿ ਇਸ ਡਿਓਢੀ ਨੂੰ ਜਿਵੇਂ ਦੀ ਤਿਵੇਂ ਸੰਭਾਲ ਕੇ ਰੱਖਣ ਲਈ ਇਸ ਦੇ ਦੁਆਲੇ ਸ਼ੀਸ਼ਾ ਲਗਵਾਇਆ ਜਾਵੇਗਾ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤੇ ਹੋਰਨਾਂ ਇਮਾਰਤਾਂ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਂਭੇ ਜਾਣ ਦੀ ਯੋਜਨਾ ਹੈ।

Check Also

ਹੜ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਸਿਰਫ ਅਰਦਾਸ ਦਾ ਸਹਾਰਾ

ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਤੋਂ ਬਚਾਅ ਰਾਮ ਭਰੋਸੇ ਹੈ ਕਿਉਂਕਿ ਸਰਕਾਰੀ ਪੱਧਰ ਉੱਤੇ ਹੜ੍ਹਾਂ …