Breaking News
Home / ਪੰਜਾਬ / ਸ਼ਹਿਰਾਂ ਤੋਂ ਹਿਜਰਤ ਕਰਕੇ ਚਿੜੀਆਂ ਨੇ ਪਿੰਡਾਂ ‘ਚ ਬਣਾਇਆ ਟਿਕਾਣਾ

ਸ਼ਹਿਰਾਂ ਤੋਂ ਹਿਜਰਤ ਕਰਕੇ ਚਿੜੀਆਂ ਨੇ ਪਿੰਡਾਂ ‘ਚ ਬਣਾਇਆ ਟਿਕਾਣਾ

ਲੁਧਿਆਣਾ : ਨੰਨ੍ਹੀ ਚਿੜੀ (ਹਾਊਸ ਸਪੈਰੋ) ਦਾ ਵਜੂਦ ਦਿਨੋਂ ਦਿਨ ਘਟ ਰਿਹਾ ਹੈ। ਉਹ ਹੁਣ ਘਰ-ਵਿਹੜੇ, ਰੋਸ਼ਨਦਾਨ, ਬਗੀਚੇ ‘ਚ ਇਕੱਠੇ ਸੈਂਕੜਿਆਂ ਦੀ ਗਿਣਤੀ ‘ਚ ਨਹੀਂ ਚਹਿਕਦੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਜੁਲੋਜੀ ਦੇ ਵਿਗਿਆਨੀਆਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ ਪੰਜਾਬ ਵਿਚ ਚਿੜੀਆਂ ਦੇ ਪਿੰਡਾਂ ਨੂੰ ਲੱਭ ਲਿਆ ਹੈ। ਅਜਿਹੇ ਪਿੰਡ, ਜਿੱਥੇ ਕਾਫੀ ਗਿਣਤੀ ਵਿਚ ਚਿੜੀਆਂ ਦਾ ਬਸੇਰਾ ਹੈ। ਜੂਲੋਜੀ ਵਿਭਾਗ ਨੂੰ ਅਪ੍ਰੈਲ 2013 ਵਿਚ ਯੂਜੀਸੀ ਵਲੋਂ ਪੰਜਾਬ ਦੇ ਅਰਬਨ ਤੇ ਰੂਰਲ ਏਰੀਆ ਵਿਚ ਚਿੜੀਆਂ ਦੀ ਮੌਜੂਦਗੀ, ਆਬਾਦੀ, ਨੇਸਟਿੰਗ ਤੇ ਬ੍ਰੀਡਿੰਗ ਬਾਰੇ ਪਤਾ ਲਗਾਉਣ ਨੂੰ ਚਾਰ ਸਾਲ ਦਾ ਪ੍ਰਾਜੈਕਟ ਦਿੱਤਾ ਸੀ। ਜੂਲੋਜੀ ਵਿਭਾਗ ਦੇ ਸੀਨੀਅਰ ਓਰਿੰਥੋਲਾਜਿਸਟ ਡਾ. ਮਨੋਜ, ਟੈਕਨੀਸ਼ੀਅਨ ਹਰਪਾਲ ਸਿੰਘ ਨਾਲ ਇਸ ਪ੍ਰਾਜੈਕਟ ‘ਤੇ ਚਾਰ ਸਾਲ ਤੱਕ 230 ਪਿੰਡਾਂ ‘ਚ ਸਰਵੇ ਕੀਤਾ।
ਨਕਲੀ ਆਲ੍ਹਣੇ ਨੂੰ ਵੀ ਅਪਣਾਇਆ : ਡਾ. ਤੇਜਦੀਪ ਕਹਿੰਦੀ ਹੈ ਕਿ ਜਿਨ੍ਹਾਂ ਵੀ ਥਾਵਾਂ ‘ਤੇ ਚਿੜੀਆਂ ਮਿਲੀਆਂ, ਉਥੇ ਹੀ ਉਨ੍ਹਾਂ ਦੀ ਗਿਣਤੀ ਨੂੰ ਵਧਾਉਣ ਲਈ ਅਸੀਂ ਲੱਕੜੀ ਤੇ ਮਿੱਟੀ ਨਾਲ ਬਣੇ ਕਰੀਬ 500 ਨਕਲੀ ਆਲ੍ਹਣੇ ਘਰਾਂ ਦੀਆਂ ਕੰਧਾਂ ਤੇ ਰੁੱਖਾਂ ‘ਤੇ ਲਗਾਏ ਜਿਸ ਨੂੰ ਚਿੜੀਆਂ ਨੇ ਅਪਣਾਇਆ ਤੇ ਬੱਚੇ ਦਿੱਤੇ।
ਸ਼ਹਿਰੀ ਇਲਾਕੇ ‘ਚ ਘੱਟ ਦਿਸੀਆਂ ਚਿੜੀਆਂ : ਡਾ. ਤੇਜਦੀਪ ਅਨੁਸਾਰ ਅਰਬਨ ਏਰੀਏ ਵਿਚ ਚਿੜੀਆਂ ਬਹੁਤ ਘੱਟ ਮਿਲੀਆਂ। ਲੁਧਿਆਣਾ ਦੇ ਬੀਆਰਐਸ ਨਗਰ, ਦੁੱਗਰੀ, ਇੰਡਸਟਰੀਅਲ ਏਰੀਆ, ਮਾਡਲ ਟਾਊਨ, ਜਨਤਾ ਨਗਰ, ਬਾੜੇਵਾਲ ਏਰੀਆ, ਰੋਜ਼ ਗਾਰਡਨ ਏਰੀਏ ਵਿਚ ਸਰਵੇ ਦੌਰਾਨ ਸਾਹਮਣੇ ਆਇਆ ਕਿ ਹੋਰ ਪ੍ਰਜਾਤੀਆਂ ਦੇ ਪੰਛੀਆਂ ਵਿਚ ਸਿਰਫ ਪੰਜ ਫੀਸਦੀ ਪੰਛੀ ਚਿੜੀਆਂ ਸਨ। ਪਟਿਆਲਾ ਦੇ ਸਿਟੀ ਏਰੀਏ ਵਿਚ ਇਹ ਫੀਸਦੀ ਪੰਜ ਤੋਂ ਦਸ ਵਿਚਕਾਰ ਰਿਹਾ। ਸ਼ਹਿਰਾਂ ਵਿਚ ਚਿੜੀਆਂ ਘੱਟ ਮਿਲਣ ਦਾ ਕਾਰਨ ਇਹੀ ਹੈ ਕਿ ਆਧੁਨਿਕ ਮਕਾਨਾਂ ‘ਚ ਕੰਧਾਂ ‘ਤੇ ਸੀਮੈਂਟ ਨਾਲ ਪਲਸਤਰ ਹੋਣ ਕਾਰਨ ਇਨ੍ਹਾਂ ਨੰਨ੍ਹੀਆਂ ਚਿੜੀਆਂ ਨੂੰ ਆਲ੍ਹਣੇ ਬਣਾਉਣ ਲਈ ਟਿਕਾਣਾ ਨਹੀਂ ਮਿਲ ਰਿਹਾ।
32 ਪਿੰਡਾਂ ‘ਚ ਹਜ਼ਾਰਾਂ ਦੀ ਗਿਣਤੀ ‘ਚ ਮਿਲੀਆਂ ਚਿੜੀਆਂ
ਸਰਵੇ ਦੌਰਾਨ ਵਿਗਿਆਨੀਆਂ ਨੂੰ ਪੰਜਾਬ ਵਿਚ 32 ਪਿੰਡ ਅਜਿਹੇ ਮਿਲੇ, ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਕੁੱਲ ਪੰਛੀਆਂ ‘ਚੋਂ ਚਿੜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਇਨ੍ਹਾਂ ਪਿੰਡਾਂ ‘ਚੋਂ ਚਿੜੀਆਂ ਦੀ ਰੇਂਜ 25 ਤੋਂ 90 ਫੀਸਦੀ ਤੱਕ ਮਿਲੀ।
ਲੁਧਿਆਣਾ ਦੇ ਪਿੰਡ ਤਾਜਪੁਰ ਤੇ ਗੌਂਸਰ, ਸੰਗਰੂਰ ਦੇ ਭਸੌੜ ਤੇ ਰਾਮਪੁਰ ਛੰਨਾ, ਫਿਰੋਜ਼ਪੁਰ ਦੇ ਪਿੰਡ ਰਸੂਲਪੁਰ ਤੇ ਮਾਲੂਵਾਲਾ, ਅੰਮ੍ਰਿਤਸਰ ਦੇ ਪਿੰਡ ਤਾਂਗਰਾ ਤੇ ਮਦ, ਮੁਕਤਸਰ ਦੇ ਪਿੰਡ ਬਡਿਗ ਢਾਣੀ ਤੇ ਉਦੈਕਰਣ, ਪਟਿਆਲਾ ਦੇ ਹਰਿਆਓ ਕਲਾਂ ਤੇ ਡੋਡਾ, ਫਰੀਦਕੋਟ ਦੇ ਪਿੰਡ ਬਹਿ ਤੇ ਚੰਦਬਾਜਾ, ਫਤਹਿਗੜ੍ਹ ਸਾਹਿਬ ਦੇ ਪਿੰਡ ਰਸੂਲਪੁਰ ‘ਚ ਕੁੱਲ ਪੰਛੀਆਂ ਵਿਚੋਂ 45 ਤੋਂ 90 ਫੀਸਦੀ ਪੰਛੀ ਚਿੜੀਆਂ ਦੇ ਮਿਲੇ। ਜਦਕਿ ਲੁਧਿਆਣਾ ਦੇ ਕੈਂਟ, ਜੱਸੋਵਾਲ, ਬਾਰਨਹਾਰਾ, ਸ਼ੇਖਪੁਰਾ, ਭੈਣੀ ਏਰੀਨਾ, ਕੁਲਚ ਤੇ ਕੈਂਟ, ਫਿਰੋਜ਼ਪੁਰ ਦੇ ਪੀਰ ਮੁਹੰਮਦ, ਕੋਟ ਕਰੋਰ ਕਲਾਂ, ਪਟਿਆਲਾ ਦੇ ਭਿੱਲੋਵਾਲੀ ਤੇ ਮੰਡ ਖਹਿਰਾ, ਕਪੂਰਥਲਾ ਦੇ ਖਾਟੀ, ਅੰਮ੍ਰਿਤਸਰ ਦੇ ਭਿੰਦਰ, ਚੌਹਾਨ, ਥੋਈਆਂ ਤੇ ਗਗਰਾਹ ਭਾਨਾ, ਜਲੰਧਰ ਦੇ ਸੰਘੇ ਖਾਲਸਾ, ਫਰੀਦਕੋਟ ਦੇ ਮਚਾਕੀ ਤੇ ਮੋਹਾਲੀ ਦੇ ਮਿਰਜ਼ਾਪੁਰ ਜ਼ਿਲ੍ਹੇ ਵਿਚ ਕੁੱਲ ਹੋਰ ਪ੍ਰਜਾਤੀਆਂ ਦੇ ਪੰਛੀਆਂ ‘ਚੋਂ 25 ਵਿਚੋਂ 45 ਫੀਸਦੀ ਪੰਛੀ ਚਿੜੀਆਂ ਦੇ ਸਨ। ਇਸ ਤੋਂ ਇਲਾਵਾ 38 ਹੋਰ ਪਿੰਡਾਂ ਵਿਚ ਵੀ ਚਿੜੀਆਂ ਮਿਲੀਆਂ। ਵਿਗਿਆਨੀਆਂ ਨੇ ਕਿਹਾ ਕਿ ਪਿੰਡਾਂ ਵਿਚ ਇੰਨੀ ਵੱਡੀ ਗਿਣਤੀ ਵਿਚ ਚਿੜੀਆਂ ਨੂੰ ਦੇਖਣਾ ਵੱਡਾ ਸੁਖਦ ਤਜਰਬਾ ਰਿਹਾ। ਪਿੰਡਾਂ ਦਾ ਖੁੱਲ੍ਹਾ ਮਾਹੌਲ ਚਿੜੀਆਂ ਨੂੰ ਵਧਣ ਫੁੱਲਣ ਲਈ ਅਨੁਕੂਲ ਵਾਤਾਵਰਣ ਦਿੰਦਾ ਹੈ।
ਚਿੜੀਆਂ ਨਾਲ ਲੋਕਾਂ ਦਾ ਭਾਵਨਾਤਮਕ ਲਗਾਅ
ਪੀਏਯੂ ਵਲੋਂ ਲੁਧਿਆਣਾ ਵਿਚ ਲੱਭੇ ਗਏ ਚਿੜੀਆਂ ਦੇ ਪਿੰਡ ਤਾਜਪੁਰ, ਗੌਂਸਪੁਰ ਤੇ ਕੈਂਟ ਵਿਚ ਜਦ ਦੌਰਾ ਕੀਤਾ ਤਾਂ ਸਾਹਮਣੇ ਆਇਆ ਕਿ ਸਥਾਨਕ ਲੋਕਾਂ ਦਾ ਚਿੜੀਆਂ ਨਾਲ ਭਾਵਨਾਤਮਕ ਲਗਾਓ ਹੈ। ਕੈਂਟ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੀਂਦ ਤਾਂ ਚਿੜੀਆਂ ਦੀ ਚੂੰ-ਚੂੰ ਦੀ ਆਵਾਜ਼ ਨਾਲ ਖੁੱਲ੍ਹਦੀ ਹੈ। ਉਠਦੇ ਹੀ ਉਹ ਚਿੜੀਆਂ ਲਈ ਦਾਣਾ-ਪਾਣੀ ਦਾ ਇੰਤਜ਼ਾਮ ਕਰਦੇ ਹਨ ਕਿਉਂਕਿ ਖਾਣਾ ਦੇਣ ‘ਚ ਥੋੜ੍ਹੀ ਜਿਹੀ ਵੀ ਦੇਰ ਹੁੰਦੀ ਹੈ ਤਾਂ ਇਹ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ। ਪਿੰਡ ਵਿਚ ਜਦ ਵੀ ਕੋਈ ਪਰਿਵਾਰ ਕੁਝ ਦਿਨਾਂ ਲਈ ਬਾਹਰ ਜਾਂਦਾ ਹੈ ਤਾਂ ਉਹ ਆਪਣੀ ਗੈਰ ਮੌਜੂਦਗੀ ਵਿਚ ਚਿੜੀਆਂ ਦਾ ਖਿਆਲ ਰੱਖਣ ਲਈ ਕਿਸੇ ਨਾ ਕਿਸੇ ਦੀ ਡਿਊਟੀ ਲਗਾ ਕੇ ਜਾਂਦਾ ਹੈ।
ਪਿੰਡਾਂ ‘ਚ ਚਿੜੀਆਂ ਦੇ ਰਹਿਣ ਦੇ ਇਹ ਹਨ ਮੁੱਖ ਕਾਰਨ
ਡਾ. ਤੇਜਦੀਪ ਕਲੇਰ ਅਨੁਸਾਰ ਪਿੰਡਾਂ ਵਿਚ ਚਿੜੀਆਂ ਦੀ ਕੁਦਰਤ ਮੁਤਾਬਕ ਅਨੁਕੂਲ ਵਾਤਾਵਰਨ ਸੀ। ਪਿੰਡਾਂ ਵਿਚ ਕੱਚੇ ਮਕਾਨ ਸਨ। ਜਿਨ੍ਹਾਂ ਦੇ ਪੱਕੇ ਮਕਾਨ ਸਨ, ਉਹਨਾਂ ਨੇ ਆਪਣੇ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਰੱਖਣ ਲਈ ਲੱਕੜੀ ਤੇ ਦੂਜੀਆਂ ਚੀਜ਼ਾਂ ਤੋਂ ਕੈਟਲ ਸ਼ੈਲਟਰ, ਮੁਰਗੀ ਤੇ ਸੂਰ ਪਾਲਣ ਫਾਰਮ ਬਣਾਏ ਹੋਏ ਸਨ। ਕੰਡਿਆਲੀ ਝਾੜੀਆਂ ਤੇ ਬੈਰ ਦੇ ਦਰੱਖਤ ਕਾਫੀ ਸਨ। ਸ਼ਿਕਾਰੀ ਪੰਛੀ ਘੱਟ ਸਨ। ਅਜਿਹੀਆਂ ਥਾਵਾਂ ‘ਤੇ ਹੀ ਚਿੜੀਆਂ ਰਹਿਣਾ ਪਸੰਦ ਕਰਦੀਆਂ ਸਨ। ਸਭ ਤੋਂ ਅਹਿਮ, ਇਨ੍ਹਾਂ ਪਿੰਡਾਂ ਦੇ ਲੋਕ ਚਿੜੀਆਂ ਦੀ ਸੰਭਾਲ ਪ੍ਰਤੀ ਗੰਭੀਰ ਸਨ।ਪਿੰਡ ਦੇ ਲੋਕਾਂ ਨੂੰ ਜਿੱਥੇ ਵੀ ਚਿੜੀਆਂ ਦਿਖਦੀਆਂ ਉਹ ਉਥੇ ਹੀ ਉਸ ਦੇ ਚੁਗਣ ਲਈ ਦਾਣਾ ਜਾਂ ਪਾਣੀ ਪਾ ਦਿੰਦੇ ਜਿਸ ਕਰਕੇ ਪਿੰਡਾਂ ਵਿਚ ਚਿੜੀਆਂ ਦੀ ਗਿਣਤੀ ਵਧੀ ਹੈ।

Check Also

ਬਾਦਲ ਦੇ ਰਾਜ ਵਿਚ ਖਜ਼ਾਨੇ ਨੂੰ ਲੱਗਾ 2500 ਕਰੋੜ ਦਾ ਚੂਨਾ : ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼ : ਬਾਦਲ ਸਰਕਾਰ ਸਮੇਂ ਸਰਕਾਰੀ ਖਜ਼ਾਨੇ ਦੀ ਵੱਡੇ ਪੱਧਰ ‘ਤੇ ਹਰ ਪਾਸਿਓਂ ਲੁੱਟ …