Breaking News
Home / ਪੰਜਾਬ / ਐਨਆਰਆਈ ਕਰਨ ਲੱਗੇ ਭਗਵੰਤ ਮਾਨ ਦਾ ਵਿਰੋਧ

ਐਨਆਰਆਈ ਕਰਨ ਲੱਗੇ ਭਗਵੰਤ ਮਾਨ ਦਾ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਨਾਰਵੇ, ਸਪੇਨ, ਨਿਊਜ਼ੀਲੈਂਡ ਤੇ ਆਸਟਰੇਲੀਆ ਦੇ 27 ਆਗੂਆਂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਪੰਜਾਬ ਵਿਧਾਇਕ ਦਲ ਦੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਇਕਾਈ ਦੇ ਪ੍ਰਧਾਨ ਦੀ ਚੋਣ ਸਿਰਫ਼ ਵਿਧਾਇਕਾਂ ਦੀ ਥਾਂ ਸੂਬੇ ਦੇ ਸਾਰੇ ਵਲੰਟੀਅਰਾਂ ਦੀ ਰਾਇ ਲੈ ਕੇ ਕੀਤੀ ਜਾਵੇ।  ਪਾਰਟੀ ਦੇ ਐਨਆਰਆਈਜ਼ ਵਿੰਗ ਅਮਰੀਕਾ ਦੇ ਆਗੂ ਸਤਬੀਰ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਢਿੱਲੋਂ ਤੇ ਮਨਜਿੰਦਰ ਸਿੰਘ ਸੰਧੂ, ਕੈਨੇਡਾ ਦੇ ਟੋਰਾਂਟੋ ਦੇ ਕਨਵੀਨਰ ਸੁਰਿੰਦਰ ਮਾਵੀ, ਕੈਲਗਰੀ ਦੇ ਕਨਵੀਨਰ ਅਵਤਾਰ ਸਿੱਧੂ ਤੇ ਸਸਕੈਟਨ ਦੇ ਗੁਰਪ੍ਰਤਾਪ ਸਿੰਘ, ਜਰਮਨ ਦੇ ਦਵਿੰਦਰ ਸਿੰਘ ਘਲੋਟੀ, ਇਟਲੀ ਦੇ ਕਨਵੀਨਰ ਫਲਜਿੰਦਰ ਸਿੰਘ, ਨਾਰਵੇ ਦੇ ਕਨਵੀਨਰ ਡਿੰਪਾ ਸਿੰਘ ਵਿਰਕ, ਸਪੇਨ ਦੇ ਸੁਖਵਿੰਦਰ ਸਿੰਘ ਗਿੱਲ, ਨਿਊਜ਼ੀਲੈਂਡ ਦੀ ਕਨਵੀਨਰ ਖੁਸ਼ਮੀਤ ਕੌਰ ਸਿੱਧੂ ਤੇ ਆਸਟਰੇਲੀਆ ਦੇ ਭਵਜੀਤ ਸਿੰਘ ਸਮੇਤ 27 ਆਗੂਆਂ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਚੋਣਾਂ ਦੌਰਾਨ ਮਾਨ ਸਟਾਰ ਕੰਪੇਨਰ ਸਨ ਪਰ ਲੋਕਾਂ ਨੇ ਵੋਟਾਂ ਪਾਉਣ ਵੇਲੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਪੱਤਰ ਰਾਹੀਂ ਦੋਸ਼ ਲਾਇਆ ਕਿ ਮਾਨ ਵੱਲੋਂ ਐਚ ਐਸ ਫੂਲਕਾ ਤੇ ਹੋਰ ਆਗੂਆਂ ਵਿਰੁੱਧ ਆਪਣੇ ਹਿੱਤਾਂ ਲਈ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਅਤੇ ਉਹ ਮੁੱਖ ਮੰਤਰੀ ਬਣਨ ਦੀ ਵੀ ਵੱਡੀ ਲਾਲਸਾ ਰੱਖਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਰਾਬ ਪੀਣ ਬਾਰੇ ਜਨਤਕ ਹੋਈਆਂ ਕਈ ਵੀਡੀਓਜ਼ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਨੇ ਆਪਣੀ ਹੀ ਐਨਆਰਆਈ ਟੀਮ ਤਿਆਰ ਕਰ ਲਈ ਹੈ ਤੇ ਪ੍ਰਪੱਕ ਆਗੂਆਂ ਨੂੰ ਅੱਖੋਂ-ਪਰੋਖੇ ਕੀਤਾ ਹੈ। ਉਨ੍ਹਾਂ ਕੇਜਰੀਵਾਲ ਤੋਂ ਮੰਗ ਕੀਤੀ ਕਿ ਵਿਧਾਇਕ ਕੰਵਰ ਸੰਧੂ ਦੇ ਵਿਦੇਸ਼ੋਂ ਪਰਤਣ ਬਾਅਦ ਹੀ ਪੰਜਾਬ ਦੀ ਟੀਮ ਬਣਾਈ ਜਾਵੇ।ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਹਾਈ ਕਮਾਂਡ ਨੂੰ ਪੰਜਾਬ ਇਕਾਈ ਦੇ ਪ੍ਰਧਾਨ ਦੀ ਚੋਣ ਲੋਕਤੰਤਰਿਕ ਢੰਗ ਨਾਲ ਸਮੂਹ ਵਲੰਟੀਅਰਾਂ ਦੀ ਰਾਇ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਸਬੰਧਤ ਹਲਕੇ ਦੇ ਵਲੰਟੀਅਰਾਂ ਦੇ ਇਕੱਠਾਂ ਦੌਰਾਨ ਉਮੀਦਵਾਰਾਂ ਦੀ ਚੋਣ ਕਰਦੀ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇ ਹਾਈਕਮਾਂਡ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਇਸ ਤੋਂ ਨਹੀਂ ਭੱਜਣਗੇ।
ਮਾਨ ਦਾ ਵਿਦੇਸ਼ਾਂ ਵਿੱਚ ਪੂਰਾ ਮਾਣ-ਸਨਮਾਨ : ਜਸਕੀਰਤ
‘ਆਪ’ ਦੀ ਕੈਨੇਡਾ ਇਕਾਈ ਦੀ ਕਨਵੀਨਰ ਜਸਕੀਰਤ ਕੌਰ ਮਾਨ ਨੇ ਕਿਹਾ ਕਿ ਭਗਵੰਤ ਮਾਨ ਦਾ ਵਿਦੇਸ਼ਾਂ ਵਿੱਚ ਪੂਰਾ ਮਾਣ-ਸਨਮਾਨ ਹੈ ਅਤੇ ਕੇਜਰੀਵਾਲ ਨੂੰ ਅਜਿਹਾ ਪੱਤਰ ਲਿਖਣ ਵਾਲਿਆਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਭਗਵੰਤ ਮਾਨ ਕੈਨੇਡਾ ਆਉਂਦੇ ਹਨ ਤਾਂ ਪਰਵਾਸੀ ਪੰਜਾਬੀ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ।

Check Also

ਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸ ‘ਤੇ ਲਗਾਏ ਆਰੋਪ

ਕਿਹਾ – ਬਠਿੰਡਾ ਤੇ ਫਿਰੋਜ਼ਪੁਰ ‘ਚ ਅਕਾਲੀ ਤੇ ਕਾਂਗਰਸੀ ਖੇਡਣਗੇ ਦੋਸਤਾਨਾ ਮੈਚ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …