Breaking News
Home / ਹਫ਼ਤਾਵਾਰੀ ਫੇਰੀ / 1914 ‘ਚ ਕਾਮਾਗਾਟਾ ਮਾਰੂ ਦੇ ਸਿੱਖਾਂ ਨੇ ਦਿੱਤੀਆਂ ਸਨ ਸ਼ਹਾਦਤਾਂ

1914 ‘ਚ ਕਾਮਾਗਾਟਾ ਮਾਰੂ ਦੇ ਸਿੱਖਾਂ ਨੇ ਦਿੱਤੀਆਂ ਸਨ ਸ਼ਹਾਦਤਾਂ

ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ :’ਸਿੱਖ ਵਿਰਾਸਤੀ ਮਹੀਨਾ’ ਮਨਾਉਂਦਿਆਂ ਕੈਨੇਡਾ ਦੀ ਰਾਜਧਾਨੀ ‘ਓਟਵਾ’ ‘ਚ ਪਾਰਲੀਮੈਂਟ ਦੇ ਸਾਹਮਣੇ ਗਰਾਊਂਡ ਵਿਚ ਕੇਸਰੀ ਝੰਡਾ ਝੁਲਾਇਆ ਗਿਆ। ਜੋ ਸਮੁੱਚੇ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਜਿੱਥੇ ਮਾਣ ਤੇ ਫਕਰ ਵਾਲੀ ਗੱਲ ਹੈ, ਉਥੇ ਵਿਦੇਸ਼ਾਂ ‘ਚ ਵਸਦੇ ਸਿੱਖ ਭਾਈਚਾਰੇ ਦੀਆਂ ਜ਼ਿੰਮੇਵਾਰੀਆਂ ਦਾ ਵੀ ਪ੍ਰਤੀਕ ਹੈ।

1914 ‘ਚ ਕਾਮਾਗਾਟਾ ਮਾਰੂ ਦੇ ਸਿੱਖਾਂ ਨੇ ਦਿੱਤੀਆਂ ਸਨ ਸ਼ਹਾਦਤਾਂ
ਸ਼ਹੀਦ ਦਾ ਦਰਜਾ 103 ਸਾਲਾਂ ਬਾਅਦ
ਸਾਲਾਂ ਤੋਂ ਉਠ ਰਹੀ ਮੰਗ ‘ਤੇ ਅਮਲ ਕਰਦਿਆਂ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਬੈਠਕ ‘ਚ ਲਿਆ ਗਿਆ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼
1914 ਵਿਚ ਕੋਲਕਾਤਾ ਦੇ ਬਜਬਜਘਾਟ ‘ਤੇ ਕਾਮਾਗਾਟਾਮਾਰੂ ਜਹਾਜ਼ ‘ਤੇ ਸਵਾਰ ਜਿਨ੍ਹਾਂ ਹਿੰਦੂ-ਸਿੱਖ ਅਤੇ ਮੁਸਲਮਾਨ ਭਾਰਤੀਆਂ ਨੂੰ ਬਰਤਾਨਵੀ ਹਕੂਮਤ ਨੇ ਉਤਰਨ ਤੋਂ ਪਹਿਲਾਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਸੀ, ਉਨ੍ਹਾਂ ਵਿਚ ਸ਼ਾਮਲ ਸਿੱਖਾਂ ਨੂੰ 103 ਸਾਲ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਦਰਜਾ ਮਿਲ ਗਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੀ ਅਗਵਾਈ ਕਰਦੇ ਹੋਏ ਇਹ ਇਤਿਹਾਸਕ ਫੈਸਲਾ ਸੁਣਾਇਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਹ ਗੁਰੂ ਦੇ ਸਿੱਖ ਸਨ ਅਤੇ ਉਨ੍ਹਾਂ ਨੇ ਦੇਸ਼ ਅਤੇ ਕੌਮ ਲਈ ਸ਼ਹਾਦਤ ਦਿੱਤੀ ਸੀ, ਪਰ ਉਸ ਦੌਰਾਨ ਉਨ੍ਹਾਂ ਨੂੰ ਕਿਸੇ ਕਾਰਨ ਕਰਕੇ ਸ਼ਹੀਦ ਨਹੀਂ ਮੰਨਿਆ ਗਿਆ ਸੀ। ਪਰ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਛਿੜੀ ਬਹਿਸ ਅਤੇ ਦੇਸ਼ ਵਿਦੇਸ਼ ਵਿਚ ਵਸੇ ਸਿੱਖਾਂ ਦੀ ਮੰਗ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਦੇ ਜਥੇਦਾਰ ਅਰੂੜ ਸਿੰਘ ਨੇ ਬਰਤਾਨਵੀ ਹਕੂਮਤ ਦੇ ਦਬਾਅ ਵਿਚ ਲਿਖ ਕੇ ਦਿੱਤਾ ਸੀ ਕਿ ਮਾਰੇ ਜਾਣ ਵਾਲੇ ਸਿੱਖ ਨਹੀਂ ਸਨ। ਇਸ ਘਟਨਾ ਵਿਚ 376 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ।
ਇਤਿਹਾਸ ਮੁਤਾਬਕ ਕਾਮਾਗਾਟਾ ਮਾਰੂ ਭਾਫ ਨਾਲ ਚੱਲਣ ਵਾਲਾ ਸਮੁੰਦਰੀ ਜਹਾਜ਼ ਸੀ, ਜਿਸ ਨੂੰ ਹਾਂਗਕਾਂਗ ਵਿਚ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਨੇ ਖਰੀਦਿਆ ਸੀ। ਜਹਾਜ਼ ਵਿਚ ਪੰਜਾਬ ਦੇ 376 ਵਿਅਕਤੀਆਂ ਨੂੰ ਬਿਠਾ ਕੇ ਬਾਬਾ 4 ਮਾਰਚ 1914 ਨੂੰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ, ਕੈਨੇਡਾ)  ਲਈ ਰਵਾਨਾ ਹੋਏ।  23 ਮਈ ਨੂੰ ਉਥੇ ਪਹੁੰਚੇ, ਪਰ ਅੰਗਰੇਜ਼ਾਂ ਨੇ ਸਿਰਫ 24 ਵਿਅਕਤੀਆਂ ਨੂੰ ਉਤਾਰਿਆ ਅਤੇ ਹੋਰਾਂ ਨੂੰ ਜ਼ਬਰਦਸਤੀ ਵਾਪਸ ਭੇਜ ਦਿੱਤਾ। ਜਹਾਜ਼ ਕੋਲਕਾਤਾ ਦੇ ਬਜਬਜਘਾਟ ‘ਤੇ ਪਹੁੰਚਿਆ ਤਾਂ 27 ਸਤੰਬਰ 1914 ਨੂੰ ਅੰਗਰੇਜ਼ਾਂ ਨੇ ਫਾਇਰਿੰਗ ਕਰ ਦਿੱਤੀ। ਇਸ ਵਿਚ 19 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਆਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਇਹ ਘਟਨਾ ਉਨ੍ਹਾਂ ਅਨੇਕਾਂ ਘਟਨਾਵਾਂ ਵਿਚੋਂ ਇਕ ਸੀ, ਜਿਨ੍ਹਾਂ ਵਿਚ 20ਵੀਂ ਸ਼ਤਾਬਦੀ ਦੇ ਸ਼ੁਰੂਆਤੀ ਦਿਨਾਂ ਵਿਚ ਏਸ਼ੀਆ ਦੇ ਪਰਵਾਸੀਆਂ ਨੂੰ ਕੈਨੇਡਾ ਅਤੇ ਯੂਐਸ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਸੀ। ਖੈਰ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਦੇ ਦਬਾਅ ਤੇ ਮੰਗ ‘ਤੇ ਘਟਨਾ ਦੇ 100 ਸਾਲ ਪੂਰੇ ਹੋਣ ‘ਤੇ ਕੈਨੇਡਾ ਦੀ ਸਰਕਾਰ ਨੇ ਮਾਫੀ ਮੰਗੀ ਸੀ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਸ਼ਹੀਦਾਂ ਦੇ ਨਾਮ ‘ਤੇ 100 ਰੁਪਏ ਦਾ ਸਿੱਕਾ ਜਾਰੀ ਕਰਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਸੀ। ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਸ਼ਹੀਦ ਸਿੱਖਾਂ ਦੀ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹਨ ਅਤੇ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਾਇਮ ਕਰਦੇ ਹੋਏ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਤਖਤ ਸਾਹਿਬ ਨੇ ਪ੍ਰਵਾਨ ਕੀਤਾ ਹੈ।
ਕਾਮਾਗਾਟਾ ਮਾਰੂ ਦੁਖਾਂਤ :ਕੈਨੇਡਾ ਪਿਛਲੇ ਵਰ੍ਹੇ ਸਦਨ ‘ਚਮੰਗ ਚੁੱਕਾ ਹੈ ਮੁਆਫ਼ੀ
ਕੈਨੇਡਾ ਨੇ ਲੰਘੇ ਵਰ੍ਹੇ ਹੀ ਕਾਮਾਗਾਟਾਮਾਰੂ ਦੁਖਾਂਤ ਲਈ ਆਪਣੀ ਗਲਤੀ ਨੂੰ ਸਵੀਕਾਰਦਿਆਂ ਸੰਸਦ ਵਿਚ ਮੁਆਫ਼ੀ ਮੰਗੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ਵਿਚ ਰਸਮੀ ਤੌਰ ‘ਤੇ ਪਿਛਲੇ ਵਰ੍ਹੇ ਮੁਆਫੀ ਮੰਗ ਲਈ ਸੀ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ ਸੀ। ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਰਸਮੀ ਤੌਰ ‘ਤੇ ਮੁਆਫੀ ਮੰਗੀ। ਕੈਨੇਡੀਅਨ ਸਮੇਂ ਮੁਤਾਬਿਕ 18 ਮਈ 2016 ਨੂੰ ਬਾਅਦ ਦੁਪਿਹਰ 3.15 ਵਜੇ ਅਤੇ ਭਾਰਤੀ ਸਮੇਂ ਮੁਤਾਬਿਕ ਰਾਤ ਪੌਣੇ ਇਕ ਵਜੇ ਟਰੂਡੋ ਨੇ ਸੰਸਦ ਵਿਚ ਆਪਣਾ ਸੰਬੋਧਨ ਸ਼ੁਰੂ ਕੀਤਾ। ਕਰੀਬ 7 ਮਿੰਟ ਤੱਕ ਆਪਣੇ ਸੰਬੋਧਨ ‘ਚ ਟਰੂਡੋ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਦੇ ਕਾਨੂੰਨਾਂ ਲਈ ਮੌਕੇ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਸੀ, ਜਿਸ ਲਈ ਟਰੂਡੋ ਨੇ ਕਿਹਾ ਕਿ ਅੱਜ ਮੈਂ ਇਸ ਹਾਊਸ ਵਿਚ ਖੜ੍ਹਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ਵਿਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ। ‘ਵੀ ਆਰ ਟਰੂਅਲੀ ਸੌਰੀ’। ਉਨ੍ਹਾਂ ਕਿਹਾ ਕਿ, ‘ਇਕ ਸਦੀ ਪਹਿਲਾਂ ਵੱਡਾ ਅਨਿਆ ਹੋਇਆ ਸੀ।’

Check Also

101 ਸਾਲਾ ਅਥਲੀਟ ਮਾਨ ਕੌਰ ‘ਤੇ ਦਿਖਾਈ ਗਈ ਡਾਕੂਮੈਂਟਰੀ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੀ 101 ਸਾਲਾ ਮਾਨ ਕੌਰ ਨੇ ਹਿਸਟਰੀ ਚੈਨਲ ‘ਤੇ ਚੰਡੀਗੜ੍ਹ ਦਾ …