Breaking News
Home / ਹਫ਼ਤਾਵਾਰੀ ਫੇਰੀ / ‘ਆਪ’ ਨੇ ਹਾਰ ਦਾ ਠੀਕਰਾ ਦਿੱਲੀ ਸਿਰ ਭੰਨਿਆ

‘ਆਪ’ ਨੇ ਹਾਰ ਦਾ ਠੀਕਰਾ ਦਿੱਲੀ ਸਿਰ ਭੰਨਿਆ

ਖਹਿਰੇ ਨੇ ਵੀ ਅਪਣਾਇਆ ਬਾਗੀ ਸੁਰ
ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸਟੇਟ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਈ ਹਾਰ ਦੇ ਕਾਰਨ ਜਾਣਨ ਲਈ ਜਲੰਧਰ ਵਿਚ ਆਤਮ ਮੰਥਨ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬ ਦੇ 117 ਹਲਕਿਆਂ ਦੇ ਹਾਰੇ ਤੇ ਜਿੱਤੇ ‘ਆਪ’ ਉਮੀਦਵਾਰ ਸ਼ਾਮਲ ਹੋਏ। ਇਸ ਮੌਕੇ ਬੈਠਕ ਵਾਲੀ ਥਾਂ ‘ਤੇ ਨਾ ਤਾਂ ਮੀਡੀਆ ਦੀ ਐਂਟਰੀ ਹੋਣ ਦਿੱਤੀ ਗਈ ਤਾਂ ਨਾ ਹੀ ਪਾਰਟੀ ਵਲੰਟੀਅਰਾਂ ਨੂੰ ਹੀ ਇਸ ਬੈਠਕ ਵਿਚ ਸ਼ਾਮਲ ਹੋਣ ਦਿੱਤਾ ਗਿਆ, ਜਿਸ ਨਾਲ ਪਾਰਟੀ ਵਰਕਰਾਂ ਵਿਚ ਤੇ ਮੀਡੀਆ ਵਰਕਰਾਂ ਵਿਚ ਨਾਰਾਜ਼ਗੀ ਦੇਖੀ ਗਈ।
ਬੈਠਕ ਵਿਚ 117 ਹਲਕਿਆਂ ਦੇ ਉਮੀਦਵਾਰਾਂ ਨੇ ਉਂਝ ਤਾਂ ਆਪਣੇ-ਆਪਣੇ ਹਲਕੇ ਵਿਚ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਮੁੱਖ ਤੌਰ ‘ਤੇ ਇਹ ਦੱਸਿਆ ਕਿ ਪਾਰਟੀ ਓਵਰ ਕਾਨਫੀਡੈਂ ਸ ਦਾ ਸ਼ਿਕਾਰ ਹੋਈ ਹੈ। ਪਾਰਟੀ 100 ਸੀਟਾਂ ‘ਤੇ ਜਿੱਤ ਪੱਕੀ ਮੰਨ ਕੇ ਚਲ ਰਹੀ ਸੀ ਪਰ ਜ਼ਮੀਨੀ ਪੱਧਰ ‘ਤੇ ਪਾਰਟੀ ਦਾ ਢਾਂਚਾ ਵਿਕਸਿਤ ਨਾ ਹੋਣ ਦਾ ਖਾਮਿਆਜ਼ਾ ਹਾਰ ਦੇ ਰੂਪ ਵਿਚ ਭੁਗਤਣਾ ਪਿਆ। ਇਸ ਦੇ ਇਲਾਵਾ ਪਾਰਟੀ ਨੇ ਨਾ ਤਾਂ ਨਸ਼ੇ ਵੰਡੇ, ਨਾ ਹੀ ਪੈਸਾ ਵੰਡਿਆ, ਜਿਸ ਕਾਰਨ ਪਾਰਟੀ ਵੱਡੀਆਂ ਪਾਰਟੀਆਂ ਵਾਂਗ ਵੋਟਾਂ ਖਰੀਦ ਨਹੀਂ ਸਕੀ। ਮੀਟਿੰਗ ਵਿਚ ਆਮ ਆਦਮੀ ਪਾਰਟੀ ਦੀ ਹਾਰ ਦਾ ਠੀਕਰਾ ਦਿੱਲੀ ਦੇ ਆਗੂਆਂ ਸਿਰ ਭੰਨਿਆ।
ਮੁੱਖ ਮੰਤਰੀ ਚਿਹਰਾ ਨਾ ਹੋਣਾ ਤੇ ਟਿਕਟਾਂ ਦੀ ਲਾਰੇਬਾਜ਼ੀ ਵੀ ਬਣੀ ਹਾਰ ਦਾ ਕਾਰਨ : ‘ਆਪ’ ਨੇਤਾਵਾਂ ਨੇ ਦੱਸਿਆ ਕਿ ਪੰਜਾਬ ਵਿਚ ਸਫਲਤਾ ਨਾ ਮਿਲ ਸਕਣ ਦਾ ਕਾਰਨ ਇਹ ਵੀ ਰਿਹਾ ਕਿ ਪੰਜਾਬ ਵਿਚ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਜਨਤਾ ਦੇ ਸਾਹਮਣੇ ਨਹੀਂ ਲਿਆ ਸਕੀ। ਲੋਕ ਕਨਫਿਊਜ਼ ਰਹੇ ਕਿ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਫੂਲਕਾ ਜਾਂ ਕੋਈ ਪੰਜਾਬ ਦੇ ਬਾਹਰ ਦਾ ਵਿਅਕਤੀ ਹੀ ਪੰਜਾਬ ਦਾ ਸੀ. ਐੱਮ. ਨਾ ਬਣ ਜਾਵੇ। ਅਜਿਹੇ ਵਿਚ ਅਫਵਾਹਾਂ ਦਾ ਦੌਰ ਵੀ ਗਰਮ ਰਿਹਾ। ਕੋਈ ਕਹਿੰਦਾ ਰਿਹਾ ਕੇਜਰੀਵਾਲ ਖੁਦ ਪੰਜਾਬ ਦੇ ਸੀ. ਐੱਮ. ਬਣਨਗੇ। ਇਸ ਦੇ ਇਲਾਵਾ ਇਕ ਕਾਰਨ ਇਹ ਵੀ ਰਿਹਾ ਕਿ ਪਾਰਟੀ ਨੇ ਪਾਰਦਰਸ਼ਤਾ ਕਾਇਮ ਨਹੀਂ ਰੱਖੀ। ਇਕ ਇਕ ਸੀਟ ਤੋਂ 20-20 ਲੋਕਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਤੇ ਬਾਅਦ ਵਿਚ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਅਜਿਹੇ ਵਿਚ ਜੋ ਟਿਕਟ ਤੋਂ ਵਾਂਝੇ ਰਹਿ ਗਏ, ਉਨ੍ਹਾਂ ਨੇ ਅੰਦਰ ਖਾਤੇ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰੱਖਿਆ ਤੇ ਸੀਟ ਹਰਾ ਕੇ ਹੀ ਸਾਹ ਲਿਆ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੂੰ ਭਾਵੇਂ ਪੰਜਾਬ ਵਿਚ ਸੀਟਾਂ ਘੱਟ ਮਿਲੀਆਂ ਹਨ ਪਰ ਇਸ ਨੂੰ ਪਾਰਟੀ ਦੀ ਹਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਾਰਟੀ ਨੇ ਅਕਾਲੀ ਦਲ-ਭਾਜਪਾ ਵਰਗੀਆਂ ਪਾਰਟੀਆਂ ਨੂੰ ਚਿੱਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਜਲਾਲਾਬਾਦ ਵਿਚ ਭਾਵੇਂ ਹਾਰੇ ਹੋਣ ਪਰ ਉਨ੍ਹਾਂ ਦੇ ਸਾਹਮਣੇ ਡਿਪਟੀ ਸੀ. ਐੱਮ. ਸਨ, ਜਿਸ ਨੂੰ ਉਨ੍ਹਾਂ ਨੇ ਕਰਾਰੀ ਟੱਕਰ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਮੈਨੀਫੈਸਟੋ ਦੀ ਨਕਲ ਕਰਕੇ ਵੀ. ਆਈ. ਪੀ. ਕਲਚਰ ਖਤਮ ਕਰਨ ਵਰਗੇ ਕਦਮ ਚੁੱਕ ਰਹੀ ਹੈ। ਪ੍ਰੋਗਰਾਮ ਦੇ ਅਖੀਰ ਵਿਚ ਪੱਤਰਕਾਰਾਂ ਦੇ ਸਵਾਲ ਜਵਾਬ ਵਿਚ ਮਾਨ ਨੇ ਕਿਹਾ ਕਿ ਉਹ ਜੇ ਸ਼ਰਾਬ ਪੀਂਦੇ ਹਨ ਤਾਂ ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ ਪਰ ਪਾਰਟੀ ਲਈ ਉਨ੍ਹਾਂ ਦੀ ਮਿਹਨਤ ਕਿਸੇ ਪਾਸਿਓਂ ਘੱਟ ਨਹੀਂ ਰਹੀ।ઠ
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਇਨ੍ਹਾਂ ਸਾਰੇ ਕਾਰਨਾਂ ਦੀ ਰਿਪੋਰਟ ਅਰਵਿੰਦ ਕੇਜਰੀਵਾਲ ਨੂੰ ਭੇਜੇਗੀ ਤੇ ਉਸ ਦੇ ਬਾਅਦ ਨਵੀਂ ਰਣਨੀਤੀ ਬਣਾ ਕੇ ਪੰਜਾਬ ਨਿਗਮ ਚੋਣਾਂ ਤੇ ਲੋਕ ਸਭਾ ਚੋਣਾਂ ਵਿਚ ਉਤਰੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੇ 22 ਵਿਧਾਇਕ ਸੰਸਦ ਵਿਚ ਕਾਂਗਰਸ ਨੂੰ ਪੰਜਾਬ ਨਾਲ ਕੀਤੇ ਵਾਅਦੇ ਯਾਦ ਕਰਵਾਉਂਦੇ ਰਹਿਣਗੇ।
ਕੀ ਕਿਹਾ ਅੰਦਰਖਾਤੇ : ਜਾਣਕਾਰੀ ਅਨੁਸਾਰ ਪਾਰਟੀ ਬੈਠਕ ਵਿਚ ਉਸ ਸਮੇਂ ਹੰਗਾਮਾ ਹੁੰਦੇ ਹੁੰਦੇ ਬਚਿਆ ਜਦੋਂ ਇਕ ਨੇਤਾ ਨੇ ਭਗਵੰਤ ਮਾਨ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਇਕ ਹੋਰ ਪਾਰਟੀ ਨਸ਼ਿਆਂ ਖਿਲਾਫ ਸਖਤ ਐਕਸ਼ਨ ਲੈਣ ਦੀਆਂ ਗੱਲਾਂ ਕਰ ਰਹੀ ਸੀ, ਦੂਸਰੇ ਪਾਸੇ ਪਾਰਟੀ ਦੇ ਨੇਤਾ ਹੀ ਸ਼ਰਾਬ ਪੀ ਕੇ ਸੋਸ਼ਲ ਮੀਡੀਆ ‘ਤੇ ਛਾਏ ਹੁੰਦੇ ਸਨ। ਇਸ ਨੇਤਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਭਗਵੰਤ ਮਾਨ ਇਕ ਮਹੀਨਾ ਸ਼ਰਾਬ ਤੋਂ ਪ੍ਰਹੇਜ਼ ਕਰ ਲੈਂਦੇ ਤਾਂ ਚੰਗਾ ਹੁੰਦਾ। ਇਸ ਦੇ ਬਾਅਦ ਹੰਗਾਮਾ ਹੋਣ ਲੱਗਾ ਪਰ ਪਾਰਟੀ ਨੇਤਾਵਾਂ ਨੇ ਇਸ ਨੂੰ ਤੁਰੰਤ ਠੰਡਾ ਕਰ ਦਿੱਤਾ। ਇਸ ਦੇ ਇਲਾਵਾ ਪਾਰਟੀ ਨੇਤਾਵਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਕਾਂਗਰਸ ਜੇ ਕੋਈ ਪੰਜਾਬ ਵਿਚ ਚੰਗਾ ਕਦਮ ਚੁੱਕਦੀ ਹੈ ਤਾਂ ਉਸ ਦੀ ਜ਼ਿਆਦਾ ਪ੍ਰਸ਼ੰਸਾ ਨਹੀਂ ਕਰਨੀ। ਅਜਿਹਾ ਨਾ ਲੱਗੇ ਕਿ ਆਪ ਵਰਕਰ ਕਾਂਗਰਸ ਦੇ ਫੈਨ ਹਨ। ਇਸ ਮੌਕੇ ਆਪ ਨੇਤਾਵਾਂ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ ਸਮੇਤ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ।
ਦਿੱਲੀ ਵਾਲੇ ਲੈ ਡੁੱਬੇ : ਪਾਰਟੀ ਨੇਤਾਵਾਂ ਨੇ ਭਗਵੰਤ ਮਾਨ ਤੇ ਗੁਰਪ੍ਰੀਤ ਸਿੰਘ ਘੁੱਗੀ ਦੇ ਸਾਹਮਣੇ ਇਕ ਸੁਰ ਹੋ ਕੇ ਕਿਹਾ ਕਿ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਇਹ ਵੀ ਰਿਹਾ ਕਿ ਪਾਰਟੀ ਚੋਣਾਂ ਪੰਜਾਬ ਵਿਚ ਲੜ ਰਹੀ ਸੀ ਪਰ 177 ਸੀਟਾਂ ‘ਤੇ ਪਾਰਟੀ ਉਮੀਦਵਾਰਾਂ ਦੇ ਸਿਰ ‘ਤੇ ਦਿੱਲੀ ਤੋਂ ਲਿਆ ਕੇ ਟੀਮਾਂ ਬਿਠਾਈਆਂ ਗਈਆਂ। ਪਾਰਟੀ ਨੇਤਾਵਾਂ ਨੇ ਕਿਹਾ ਕਿ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਵਰਗੇ ਨੇਤਾਵਾਂ ਦਾ ਪੰਜਾਬ ਵਿਚ ਕੋਈ ਅਧਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਵਿਚ ਵੋਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਇੰਨਾ ਹੀ ਨਹੀਂ ਦਿੱਲੀ ਤੋਂ ਆਏ ਨੇਤਾ ਆਪਣੀ ਮਨਮਰਜ਼ੀ ਪੰਜਾਬ ਦੇ ਨੇਤਾਵਾਂ ‘ਤੇ ਥੋਪਦੇ ਰਹੇ, ਜਿਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਆਪ ਨੇਤਾਵਾਂ ਨੇ ਕਿਹਾ ਕਿ ਜੇ ਭਵਿੱਖ ਵਿਚ ਪੰਜਾਬ ਵਿਚ ‘ਆਪ’ ਦਾ ਮਜ਼ਬੂਤ ਅਧਾਰ ਬਣਾਉਣਾ ਹੈ ਤਾਂ ਪੰਜਾਬੀਆਂ ਨੂੰ ਹੀ ਰਣਨੀਤੀ ਬਣਾਉਣ ਦਿਓ।
ਓਵਰ ਕੌਨਫੀਡੈਂਸ ਦੇ ਕਾਰਨ ਹਾਰੇ : ਭਗਵੰਤ ਮਾਨ :  ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਓਵਰ ਕੌਨਫੀਡੈਂਸ ਵਿਚ ਸੀ। ਜ਼ਿਆਦਾ ਉਤਸ਼ਾਹ ਵਿਚ ਹੋਈਆਂ ਭੁਲਾਂ ਕਾਰਨ ਹਾਰੇ ਹਾਂ। ਉਧਰ ਪਾਰਟੀ ਦੀ ਪੰਜਾਬ ਦੀਆਂ ਗਤੀਵਿਧੀਆਂ ਤੋਂ ਫਿਲਹਾਲ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਦਿੱਲੀ ਤੋਂ ਆਏ ਹਲਕਿਆਂ ਦੇ ਨਿਗਰਾਨ ਵਾਪਸ ਜਾ ਚੁੱਕੇ ਹਨ। ਹਾਰ ਦੀ ਸਮੀਖਿਆ ਵੀ ਪੰਜਾਬ ਦੀ ਲੀਡਰਸ਼ਿਪ ਨੇ ਖੁਦ ਹੀ ਕੀਤੀ ਹੈ। ਚਾਰ ਮਹੀਨਿਆਂ ਤੱਕ ਲੋਕਲ ਬਾਡੀਜ਼ ਦੀਆਂ ਚੋਣਾਂ ਹਨ। ਇਸ ਨੂੰ ਲੈ ਕੇ ਪੰਜਾਬ ਲੀਡਰਸ਼ਿਪ ਕਿਸ ਤਰ੍ਹਾਂ ਟਿਕਟਾਂ ਦੀ ਵੰਡ ਕਰਦੀ ਹੈ ਅਤੇ ਕੀ ਫੈਸਲੇ ਲੈਂਦੀ ਹੈ, ਇਸ ਨਾਲ ਪਾਰਟੀ ਦੇ ਅਗਲੇ ਪ੍ਰੋਗਰਾਮ ਦਾ ਪਤਾ ਲੱਗੇਗਾ।
‘ਸਾਡਾ ਉਮੀਦਵਾਰ ਕਹਿੰਦਾ ਰਿਹਾ 15 ਹਜ਼ਾਰ ਦੀ ਲੀਡ ਲਵਾਂਗਾ, ਉਸ ਨੂੰ ਆਪਣੇ ਪਿੰਡ ਵਿਚ ਹੀ 800 ਵਿਚੋਂ ਸਿਰਫ 160 ਵੋਟਾਂ ਮਿਲੀਆਂ :
ਜਲੰਧਰ :ਜਿਸ ਸਮੇਂ ਆਮ ਆਦਮੀ ਪਾਰਟੀ ਦੇ ਨੇਤਾ ਬੰਦ ਦਰਵਾਜ਼ਿਆਂ ਵਿਚ ਹਾਰ ਮੰਥਨ ਕਰ ਰਹੇ ਸਨ, ਠੀਕ ਉਸੇ ਸਮੇਂ ਮੀਟਿੰਗ ਸਥਾਨ ਦੇ ਬਾਹਰ ਸੈਂਕੜੇ ਵਰਕਰ ਹਾਰ ‘ਤੇ ਚਰਚਾ ਕਰ ਰਹੇ ਸਨ। ਫਿਲੌਰ ਤੋਂ ਇਕ ਵਰਕਰ ਨੇ ਕਿਹਾ, ਦਿੱਲੀ ਤੋਂ ਆਏ ਨਿਗਰਾਨ ਰਾਜੀਵ ਚੌਧਰੀ ਅਤੇ ਰਵਿੰਦਰ ਨੇਗੀ ਸਾਨੂੰ ਹੁਕਮ ਦਿੰਦੇ ਸਨ ਅਤੇ ਉਮੀਦਵਾਰ ਨੂੰ ਉਸ ਹੁਕਮ ਤਰ੍ਹਾਂ ਪ੍ਰਚਾਰ ਕਰਨਾ ਪੈਂਦਾ ਸੀ। ਉਹ ਆਪਣੇ ਦਫਤਰ ਵਿਚ ਦੀਵਾਰ ‘ਤੇ ਚਿਪਕੇ ਜਲੰਧਰ ਦੇ ਨਕਸ਼ੇ ਤੋਂ ਦੋ-ਚਾਰ ਪਿੰਡਾਂ ਨੂੰ ਮਾਰਕ ਕਰਦੇ ਅਤੇ ਇਕ ਮੈਸੇਜ ਸਾਨੂੰ ਭੇਜ ਦਿੰਦੇ ਕਿ ਅੱਜ ਤੁਸੀਂ ਫਲਾਣੇ-ਫਲਾਣੇ ਪਿੰਡ ਵਿਚ ਪ੍ਰਚਾਰ ਨੂੰ ਜਾਣਾ ਹੈ, ਜਦਕਿ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਨਹੀਂ ਸੀ।
ਲੁਧਿਆਣਾ ਤੋਂ ਆਏ ਇਕ ਵਰਕਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਦਿੱਲੀ ਤੋਂ ਆਏ ਨਿਗਰਾਨਾਂ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਸੀ। ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਸਨ। ਜੇਕਰ ਅਸੀਂ ਉਨ੍ਹਾਂ ਦੇ ਨਿਰਣੇ ਖਿਲਾਫ ਕੁਝ ਕਹਿੰਦੇ ਤਾਂ ਉਹ ਉਸ ਗੱਲ ਨੂੰ ਈਗੋ ਦਾ ਮਾਮਲਾ ਬਣਾ ਲੈਂਦੇ ਸਨ। ਫਿਰੋਜ਼ਪੁਰ ਤੋਂ ਆਏ ਇਕ ਵਰਕਰ ਨੇ ਦੱਸਿਆ ਕਿ, ਸਾਡੇ ਹਲਕੇ ਵਿਚ ਅਜਿਹੇ ਉਮੀਦਵਾਰ ਨੂੰ ਟਿਕਟ ਮਿਲ ਗਿਆ ਜੋ ਆਮ ਵਰਕਰਾਂ ਨੂੰ ਪਸੰਦ ਨਹੀਂ ਸੀ। ਉਸ ਨੂੰ ਜਦੋਂ ਅਸੀਂ ਕਹਿਣਾ ਕਿ ਚਲੋ ਪ੍ਰਚਾਰ ‘ਤੇ ਚੱਲੀਏ ਤਾਂ ਉਹ ਕਹਿੰਦਾ ਸੀ ਰਹਿਣ ਦਿਓ ਮੈਂ 15 ਹਜ਼ਾਰ ਦੀ ਲੀਡ ਨਾਲ ਜਿੱਤ ਰਿਹਾ ਹਾਂ। ਜਦ ਰਿਜ਼ਲਟ ਆਇਆ ਤਾਂ ਉਸ ਨੂੰ ਆਪਣੇ ਪਿੰਡ ਵਿਚੋਂ 800 ‘ਚੋਂ ਸਿਰਫ 160 ਵੋਟਾਂ ਮਿਲੀਆਂ।
ਲੁਧਿਆਣਾ ਤੋਂ ਆਏ ਇਕ ਵਰਕਰ ਨੇ ਕਿਹਾ ਕਿ ਸਾਡੇ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਨਹੀਂ ਸੀ। ਅਕਾਲੀ ਦਲ ਕੋਲ ਬਾਦਲ ਦਾ ਚਿਹਰਾ ਸੀ ਅਤੇ ਕਾਂਗਰਸ ਕੋਲ ਕੈਪਟਨ। ਸਾਡੇ ਕੇਜਰੀਵਾਲ ਨੂੰ ਪੰਜਾਬ ਦੀ ਜਨਤਾ ਨੇ ਠੁਕਰਾ ਦਿੱਤਾ। ਅਗਰ ਪੰਜਾਬੀ ਚਿਹਰਾ ਹੁੰਦਾ ਤਾਂ ਗੱਲ ਕੁਝ ਹੋਰ ਹੁੰਦੀ।

Check Also

ਹੁਣ ਸੰਨੀ ਦਿਓਲ ਦੀ ਉਮਰ ਨੂੰ ਲੈ ਕੇ ਛਿੜਿਆ ਵਿਵਾਦ

ਸੰਨੀ ਦਿਓਲ 59 ਦਾ 61 ਜਾਂ 62 ਦਾ ਚੰਡੀਗੜ੍ਹ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ …