Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਫ਼ੈਡਰਲ ਤੇ ਓਨਟਾਰੀਓ ਸਰਕਾਰ ਵਿਚਕਾਰ ਸਿਹਤ ਸਮਝੌਤੇ ਬਾਰੇ ਹੋਏ ਐਲਾਨ ‘ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਸੋਨੀਆ ਸਿੱਧੂ ਨੇ ਫ਼ੈਡਰਲ ਤੇ ਓਨਟਾਰੀਓ ਸਰਕਾਰ ਵਿਚਕਾਰ ਸਿਹਤ ਸਮਝੌਤੇ ਬਾਰੇ ਹੋਏ ਐਲਾਨ ‘ਤੇ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਅਨੁਸਾਰ ਉਨ੍ਹਾਂ ਨੇ ਫ਼ੈੱਡਰਲ ਸਰਕਾਰ ਅਤੇ ਓਨਟਾਰੀਓ ਦੀ ਸੂਬਾ ਸਰਕਾਰ ਵਿਚਕਾਰ ਮੈਂਟਲ ਹੈੱਲਥ ਅਤੇ ਹੋਮ ਕੇਅਰ ਖ਼ੇਤਰਾਂ ਵਿੱਚ ਅਗਲੇ 10 ਸਾਲਾਂ ਲਈ ਹੋਣ ਵਾਲੀ ਫ਼ੈੱਡਰਲ ਫੰਡਿੰਗ ਸਬੰਧੀ ਸਮਝੌਤੇ ਦੇ ਐਲਾਨ ‘ਤੇ ਬੇਹੱਦ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਬਾਰੇ ਸਿਹਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਕੈਨੇਡਾ ਦੇ 9 ਰਾਜ ਅਤੇ 3 ਯੂਨੀਅਨ ਟੈਰੀਟਰੀਆਂ ਵੱਲੋਂ ਕੈਨੇਡਾ-ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਲਈ ਫ਼ੰਡਿੰਗ ਦੇਣ ਲਈ ਫ਼ੈੱਡਰਲ ਸਰਕਾਰ ਨਾਲ ਨਿੱਜੀ ਤੌਰ ‘ਤੇ ਸਮਝੌਤੇ ਕੀਤੇ ਜਾਣਗੇ। ‘ਸਟੈਂਡਿੰਗ ਕਮੇਟੀ ਆਨ ਹੈੱਲਥ ਕੇਅਰ’ ਦੀ ਮੈਂਬਰ ਅਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਦੇ ਬਾਰੇ ਬੋਲਦਿਆਂ ਕਿਹਾ,”ਬਰੈਂਪਟਨ-ਵਾਸੀਆਂ ਲਈ ਇਹ ਖ਼ੁਸ਼ੀ ਭਰੀ ਖ਼ਬਰ ਹੈ। ਮੈਂ ਇਸ ਗੱਲੋਂ ਬੜੀ ਖ਼ੁਸ਼ ਹਾਂ ਕਿ ਇਸ ਸਮਝੌਤੇ ਅਧੀਨ ਲੋਕਾਂ ਦੀ ਦਿਮਾਗ਼ੀ ਸਿਹਤ ਅਤੇ ਮਰੀਜ਼ਾਂ ਦੀ ਘਰਾਂ ਵਿੱਚ ਦੇਖ-ਭਾਲ ਲਈ ਫ਼ੈੱਡਰਲ ਅਤੇ ਸੂਬਾਈ ਸਰਕਾਰਾਂ ਵੱਲੋਂ ਮਿਲ ਕੇ ਵੱਡਾ ਪੂੰਜੀ ਨਿਵੇਸ਼ ਕੀਤਾ ਜਾਵੇਗਾ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਜੋਂ ਸਾਡੇ ਨਾਗਰਿਕਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਸਾਡੀ ਉੱਤਮ ਪ੍ਰਾਥਿਮਕਤਾ ਹੋਣੀ ਚਾਹੀਦੀ ਹੈ ਅਤੇ ਲੰਬੇ ਸਮੇਂ ਲਈ ਕੀਤਾ ਜਾਣ ਵਾਲਾ ਇਹ ਪੂੰਜੀ ਨਿਵੇਸ਼ ਅੱਜ ਅਤੇ ਆਉਣ ਵਾਲੇ ਸਮੇਂ ਲਈ ਵੀ ਸਾਡੇ ਕੰਮ ਆਵੇਗਾ।” ਉਨ੍ਹਾਂ ਦੱਸਿਆ ਕਿ ਆਉਂਦੇ 10 ਸਾਲਾਂ ਲਈ ਫ਼ੈੱਡਰਲ ਸਰਕਾਰ ਓਟਾਰੀਓ ਸਰਕਾਰ ਨੂੰ 4.2 ਬਿਲੀਅਨ ਡਾਲਰ ਦੀ ਹੋਰ ਵਧੇਰੇ ਰਾਸ਼ੀ ਮੁਹੱਈਆ ਕਰੇਗੀ। ਇਸ ਵਿੱਚੋਂ 2.3 ਬਿਲੀਅਨ ਡਾਲਰ ਰਾਸ਼ੀ ‘ਬੇਹਤਰ ਹੋਮ ਕੇਅਰ’ ਲਈ ਹੈ ਜਿਸ ਵਿੱਚ ਲੋੜੀਦੀਆਂ ਕਰਿਟੀਕਲ ਹੋਮ ਕੇਅਰ ਇਨਫ਼ਰਾ-ਸਟਰੱਕਚਰ ਸਹੂਲਤਾਂ ਸ਼ਾਮਲ ਹਨ ਅਤੇ 1.9 ਬਿਲੀਅਨ ਡਾਲਰ ਦਿਮਾਗ਼ੀ ਸਿਹਤ ਵਾਸਤੇ ਕੀਤੇ ਜਾਣ ਵਾਲੇ ਉੱਦਮਾਂ ਲਈ ਹੈ।
ਇਹ ਅਹਿਮ ਐਲਾਮ ਫ਼ੈੱਡਰਲ ਸਿਹਤ ਮੰਤਰੀ ਵੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਪ੍ਰਸ਼ਨ-ਉੱਤਰ ਕਾਲ ਦੌਰਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਕਿਊਬਿਕ ਤੇ ਅਲਬਰਟਾ ਬਾਰੇ ਵੱਖਰੇ ਨਿੱਜੀ ਐਲਾਨ ਵੀ ਕੀਤੇ ਗਏ। ਹੋਮ ਕੇਅਰ ਅਤੇ ਮੈਂਟਲ ਹੈੱਲਥ ਸਬੰਧੀ ਕੀਤੇ ਗਏ ਇਹ ਐਲਾਨ ਮੌਜੂਦਾ ‘ਕੈਨੇਡਾ ਹੈੱਲਥ ਟ੍ਰਾਂਸਫ਼ਰ’ ਰਾਹੀਂ ਦਿੱਤੀਆਂ ਜਾ ਰਹੀਆਂ ਸੰਵਿਧਾਨਕ ਸਹੂਲਤਾਂ ਤੋਂ ਵੱਖਰੇ ਹਨ ਜੋ ਭਵਿੱਖ ਵਿੱਚ ਵਧਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸਬੰਧੀ ਇਸ ਫੰਡਿੰਗ ਵਿੱਚ ਵਾਧੇ ਨਾਲ ਮਹਿੰਗਾਈ ਉੱਪਰ ਕਾਬੂ ਰਹੇਗਾ ਅਤੇ ਸੂਬਾਈ ਤੇ ਟੈਰੀਟਰੀ ਸਰਕਾਰਾਂ ਦੇਸ਼-ਵਾਸੀਆਂ ਨੂੰ ਹੈੱਲਥ ਕੇਅਰ ਸਬੰਧੀ ਵਧੇਰੇ ਸਹੂਲਤਾਂ ਦੇ ਸਕਣਗੀਆਂ।
ਸੋਨੀਆ ਨੇ ਕਿਹਾ ਕਿ ਸਿਹਤ ਸਬੰਧੀ ਇਸ ਐਲਾਨ ਨਾਲ ਮੈਨੂੰ ਅਤੇ ਲਿਬਰਲ ਕਾਕੱਸ ਮੈਂਬਰਾਂ ਨੂੰ ਬਹੁਤ ਬੇਹੱਦ ਮਾਣ ਅਤੇ ਖ਼ੁਸ਼ੀ ਹੋਈ ਹੈ ਅਤੇ ਮੈਂ ਇਹ ਬਰੈਂਪਟਨ ਸਾਊਥ ਦੇ ਵਸਨੀਕਾਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ।
ਦੇਸ਼-ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਇਨ੍ਹਾਂ ਮੁੱਦਿਆਂ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ। ਹੋਮ ਕੇਅਰ ਅਤੇ ਮੈਂਟਲ ਹੈੱਲਥ ਸਾਡੀ ਆਮ ਘਰੇਲੂ ਜ਼ਿੰਦਗੀ ਲਈ ਅਤੇ ਮੇਰੀ ਰਾਈਡਿੰਗ ਬਰੈਂਪਟਨ ਸਾਊਥ ਦੇ ਵਾਸੀਆਂ ਲਈ ਅਹਿਮ ਵਿਸ਼ੇ ਹਨ ਅਤੇ ਇਨ੍ਹਾਂ ਵਿੱਚ ਹੋਏ ਕਿਸੇ ਵੀ ਵਾਧੇ ਬਾਰੇ ਉਨ੍ਹਾਂ ਨਾਲ ਗੱਲ ਕਰਨੀ ਮੇਰੀ ਪ੍ਰਾਥਮਿਕਤਾ ਹੈ। ‘ਆਲ ਪਾਰਟੀ ਡਾਇਬਿਟੀਜ਼ ਕਾਕੱਸ’ ਵਿੱਚ ਆਪਣੇ ਸਾਥੀਆਂ ਨਾਲ ਸਿਹਤ ਸਬੰਧੀ ਵੱਖ-ਵੱਖ ਮੁੱਦਿਆ ‘ਤੇ ਗੱਲਬਾਤ ਕਰਦਿਆਂ ਹੋਇਆਂ ਮੈਂ ਆਪਣਾ ਕੰਮ ਇੰਜ ਹੀ ਜਾਰੀ ਰੱਖਾਂਗੀ।

Check Also

ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ …