Breaking News
Home / ਪੰਜਾਬ / ਹੋਲੇ ਮਹੱਲੇ ਮੌਕੇ ਪਹਿਲੀ ਵਾਰ ਬਣੇਗੀ ਟੈਂਟ ਸਿਟੀ : ਕ੍ਰਿਪਾਲ ਸਿੰਘ ਬਡੂੰਗਰ

ਹੋਲੇ ਮਹੱਲੇ ਮੌਕੇ ਪਹਿਲੀ ਵਾਰ ਬਣੇਗੀ ਟੈਂਟ ਸਿਟੀ : ਕ੍ਰਿਪਾਲ ਸਿੰਘ ਬਡੂੰਗਰ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਵਾਰ 8 ਮਾਰਚ ਤੋਂ 13 ਮਾਰਚ ਤੱਕ ਹੋਣ ਵਾਲੇ ਹੋਲੇ ਮਹੱਲੇ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ‘ਟੈਂਟ ਸਿਟੀ’ ਬਣਵਾਏਗੀ, ਜਿੱਥੇ ਲੱਖਾਂ ਸ਼ਰਧਾਲੂ ਠਹਿਰ ਸਕਣਗੇ। ਵੀਰਵਾਰ ਨੂੰ ਇੱਥੇ ਹੋਲੇ ਮਹੱਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਪਹਿਲੀ ਵਾਰ ਵੱਡੀ ਗਿਣਤੀ ਟੈਂਟ ਲਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦਾ ਸੁਰੱਖਿਆ ਬੀਮਾ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖਾਲਸਾ ਪੰਥ ਦੇ ਜਨਮ ਸਥਾਨ ਦੇ ਦਰਸ਼ਨਾਂ ਲਈ ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਤੋਂ ਆਏ ਸ਼ਿਕਲੀਗਰ, ਵਣਜਾਰੇ ਤੇ ਲੁਬਾਣੇ ਸਿੱਖਾਂ ਦੇ ਜਥੇ ਨੂੰ ਸੰਬੋਧਨ ਕੀਤਾ। ਇਸ ਮੌਕੇ ਕੌਂਸਲ ਪ੍ਰਧਾਨ ਸੁਲੱਖਣ ਸਿੰਘ ਨੇ ਦੱਸਿਆ ਕਿ ਇਸ ਜਥੇ ਨੂੰ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸੁਲਤਾਨਪੁਰ ਲੋਧੀ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸਾਂ ਅਤੇ ਹੋਰ ਸਹੂਲਤਾਂ ਮੁਹੱਈਆਂ ਕੀਤੀਆਂ ਗਈਆਂ ਹਨ। ਇਸੇ ਲੜੀ ਅਧੀਨ ਵੀਰਵਾਰ ਨੂੰ ਇਹ ਜਥਾ ਆਨੰਦਪੁਰ ਸਾਹਿਬ ਪੁੱਜਿਆ। ਇਸ ਜਥੇ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਨਮਾਨਿਤ ਕੀਤਾ। ਇਸ ਮੌਕੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਿਖਾਉਣ ਲਈ ਵੈੱਬਸਾਈਟ ਤਿਆਰ ਕੀਤੀ ਗਈ ਹੈ। ਸਿੱਖ ਇਸ ਵੈੱਬਸਾਈਟ ਦਾ ਫਾਇਦਾ ਉਠਾਉਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ (ਪ੍ਰਚਾਰ) ਸਿਮਰਜੀਤ ਸਿੰਘ ਕੰਗ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ, ਜਰਨੈਲ ਸਿੰਘ ਤੇ ਗਿਆਨੀ ਫੂਲਾ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਨੇ ‘ਲਾਲ ਬੱਤੀ’ ਤੋਂ ਪਾਬੰਦੀ ਹਟਾਉਣ ਬਾਰੇ ਦਿੱਤਾ ਸਪੱਸ਼ਟੀਕਰਨ

ਕਿਹਾ – ਹੁਣ ਇਹ ਪਾਬੰਦੀ ਪੂਰੇ ਦੇਸ਼ ‘ਚ ਹੋ ਗਈ ਹੈ ਲਾਗੂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …