Breaking News
Home / ਰੈਗੂਲਰ ਕਾਲਮ / ਅਣਖੀ ਜੀ ਦੀ ਯਾਦ ਆਈ ਐ!

ਅਣਖੀ ਜੀ ਦੀ ਯਾਦ ਆਈ ਐ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸੰਤੋਖ ਸਿੰਘ ਧੀਰ ਦੇ ਸ਼ਰਧਾਂਜਲੀ ਸਮਾਗਮ ‘ਤੇ ਡਾ.ਕੁਲਵੰਤ ਸਿੰਘ ਦੱਸ ਰਹੇ ਸਨ, ”ਅਣਖੀ ਦੇ ਪੈ ਸੁੱਜ ਗਏ,ਫ਼ੋਨ ਆਇਆ ਸੀ, ਕਹਿੰਦਾ ਸੀ ਆ ਨਹੀਂ ਹੋਣਾ, ਉਹ  ਨਹੀਂ ਆ ਰਿਹਾ ਅੱਜ।”  ਇਹ ਸੁਣ ਸੋਚਦਾ ਹਾਂ ਕਿ ਇੱਥੋਂ ਵਿਹਲਾ ਹੋਕੇ ਫ਼ੋਨ ਕਰਾਂਗਾ ਤੇ ਅਣਖੀ ਜੀ ਦਾ ਹਾਲ-ਚਾਲ ਪੁੱਛਾਂਗਾ। ਮੋਹਾਲੀਓਂ ਲੇਟ ਤੁਰਿਆ। ਅੱਧੀ ਰਾਤੀ ਪਿੰਡ ਪੁੱਜਾ। ਸਵੇਰੇ ਲੇਟ ਉੱਠਿਆ। ਮੋਬਾਈਲ ਫ਼ੋਨ ਦੀ ਸਕਰੀਨ ਲਿਸ਼ਕ ਰਹੀ ਸੀ-‘ਨਿਊ ਮੈਸਿਜ਼ ਆਇਆ ਹੈ।’ ਮੈਸਿਜ਼ ਖੋਲ੍ਹਿਆ। ਅਮਰਦੀਪ ਗਿੱਲ ਨੇ ਲਿਖ ਭੇਜਿਆ ਸੀ-‘ਅਣਖੀ ਜੀ ਨਹੀਂ ਰਹੇ।’ ਉਹ ਮਾਈ ਗੌਡ! ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ…ਅਣਖੀ ਅੰਕਲ?
ਦਿਨ ਬੀਤੇ। ਨਾ ਸੰਸਕਾਰ ‘ਤੇ ਜਾ ਸਕਿਆ ਤੇ ਨਾ ਸ਼ਰਧਾਂਜਲੀ ਸਮਾਗਮ ਉੱਤੇ। ਸੋਚਦਾ ਰਿਹਾ-ਲੱਖ ਲਾਹਨਤ ਹੈ ਮੇਰੇ! ਕਿੰਨਾ ਪਿਆਰ ਤੇ ਅਪਣੱਤ ਸੀ ਅਣਖੀ ਅੰਕਲ ਨਾਲ?ਤੇ ਮੈਂ? ਉਹੋ ਨਿੰਦਰ ਚੰਗਾ ਸਾਂ, ਗਲ਼ ਵਿੱਚ ਝੋਲ਼ਾ, ਪੈਰੀਂ ਚੱਪਲ…ਕੁਰਤੇ ਪਜ਼ਾਮੇ ਵਾਲਾ…ਨਾ ਕੋਈ ਜਾਣੇ, ਨਾ ਪਛਾਣੇ…ਨਾ ਕੋਈ ਫ਼ੋਨ…ਨਾ ਸੁਨੇਹਾ…ਜਿੱਧਰ ਮਰਜ਼ੀ ਤੁਰ ਪਵਾਂ…! ਲੱਖ ਲਾਹਨਤ ਐ ਇਹੋ ਜਿਹੀ ਪ੍ਰਸਿੱਧੀ ਦੇ, ਇਹੋ-ਜਿਹੇ ਰੁਝੇਂਵਿਆਂ ਦੇ, ਇਹੋ-ਜਿਹੀ ਸ਼ੁਹਰਤ ਦੇ ਕਿ ਚਾਹੁੰਦਾ ਹੋਇਆ ਵੀ ਅਣਖੀ ਅੰਕਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਮਨ ਬੋਝਲ-ਬੋਝਲ ਜਿਹਾ ਹੋਣ ਲੱਗਿਆ। ਭਾਰਾ-ਭਾਰਾ ਜਿਹਾ! ਜਦੋਂ ਦਾ ਚਾਚਾ ਸ਼ਿਆਮ ਮਰਿਆ ਸੀ, ਉਦੋਂ ਦੇ ਕਈ ਮੋਏ ਮਿੱਤਰ ਤੇ ਵੱਡੇ-ਵਡੇਰੇ ਸੁਫ਼ਨਿਆਂ ਵਿੱਚ ਆਉਣ ਲੱਗ ਪਏ ਸਨ। ਕਈ ਵਾਰੀ ਤਾਂ ਖੁੱਲ੍ਹ ਕੇ ਗੱਲਾਂ ਕਰਦੇ ਨੇ ਤੇ ਕਈ ਵਾਰੀ ਤਾਂ ਐਵੇਂ ਝਕਾਨੀ ਜਿਹੀ, ਐਵੇਂ ਵਿਖਾਲੀ ਜਿਹੀ ਹੀ ਦੇ ਕੇ ਕਿਧਰੇ ਹਨੇਰੇ ਜਿਹੇ ਵਿੱਚ ਅਲੋਪ ਜਾਂਦੇ। ਕਈ ਦਿਨਾਂ ਤੋਂ ਅਣਖੀ ਜੀ ਖਹਿੜਾ ਨਹੀਂ ਛੱਡ ਰਹੇ ਸਨ।
ੲੲੲ
”ਮੈਂ ਥੋਨੂੰ ਚਿੱਠੀ ਲਿਖੀ ਸੀ…ਤੁਸੀਂ ਕੋਈ ਜੁਆਬ ਈ ਨਹੀਂ ਦਿੱਤਾ?”
”ਓ ਕਾਹਨੂੰ ਜਾਰ? ਮੈਂ ਕੁਜ ਢਿੱਲਾ-ਮੱਠਾ ਜਿਅ੍ਹਾ ਸੀ…ਪੈਰ ਸੁੱਜਗੇ ਸੀ ਮੇਰੇ…ਕੁਲਵੰਤ ਦਾ ਫੋਨ ਆਇਆ ਸੀ…ਮਖ਼ ਮੈਤੋਂ ਤਾਂ ਆ ਨਈਂ ਹੋਣਾ।”
….ਤੇ ਸੁਫ਼ਨਾ ਖਿੰਡ ਗਿਆ!
ਇੱਕ ਦਿਨ ਉਹ ਲੜਨ ਲੱਗੇ, ”ਓ ਜਾਰ, ਤੂੰ ਵੀ ਨਿਕੰਮਾ ਈ ਐਂ…ਤੈਨੂੰ ਕਿਹਾ ਸੀ ਵਈ ‘ਕਹਾਣੀ ਪੰਜਾਬ’ ਦੇ ਪੰਜ-ਚਾਰ ਜੀਵਨ ਮੈਂਬਰ ਬਣਵਾ ਦੇ ਪੰਜ-ਪੰਜ ਹਜ਼ਾਰ ਵਾਲੇ…ਤੂੰ ਕੋਈ ਅਤਾ-ਪਤਾ ਈ ਨ੍ਹੀ ਦਿੱਤਾ…ਤੁਸੀਂ ਜਿਹੜੇ ਨਵੇਂ ਮੁੰਡੇ ਓਂ ਨਾ…ਛੇਤੀ ਪੈਰ ਛੱਡ ਜਾਨੇ ਓਂ।”
”ਬਣਵਾ ਦੂੰਗਾ…ਟੈਮ ਨਹੀਂ ਲੱਗਿਆ ਕਿਸੇ ਨਾਲ ਗੱਲ ਕਰਨ ਦਾ…ਐਡੀ ਕੀ ਕਾਹਲ਼ੀ ਐ ਅੰਕਲ?”
”ਹਟ…ਹਟ…ਮੈਨੂੰ ਨਾ ਬੁਲਾ…ਬੇਵਕੂਫ਼ ਨਾ ਹੋਵੇ ਤਾਂ…ਮੈਂ ਤੇਰੇ ਸਿਰ ‘ਚ ਰੋੜਾ ਮਾਰੂੰ?”
ਉਹ ਮੈਨੂੰ ਟੁੱਟ ਕੇ ਪੈ ਗਏ…ਝਈ ਜਿਹੀ ਲੈਕੇ। ਮੈਂ ਚੀਖ਼ ਮਾਰੀ। ਨੇੜੇ ਸੁੱਤੀ ਬੇਬੇ ਉੱਠ ਪਈ ਸੀ, ”ਕੀ ਆ ਪੁੱਤ…ਪਾਣੀ ਪੀ ਉੱਠਕੇ…ਡਰ ਗਿਆ ਸੁੱਤਾ-ਸੁੱਤਾ…ਮੇਰਾ ਸ਼ੇਰ…ਕੀ ਹੋਇਆ?”
ੲੲੲ
”ਅੰਕਲ, ਮੇਰੇ ਪਾਸ ਤੁਹਾਡੀਆਂ ਕਈ ਚਿੱਠੀਆਂ ਪਈਆਂ ਨੇ…ਜਿਨ੍ਹਾਂ ‘ਚ ਤੁਸੀਂ ਲਿਖਦੇ ਹੁੰਦੇ ਸੀ…’ਕਹਾਣੀ ਪੰਜਾਬ’ ਦੇ ਜੀਵਨ ਮੈਂਬਰਾਂ ਬਾਰੇ ਕੀ ਸੋਚਿਆ?ਪਰਚਾ ਆਰਥਕ ਤੰਗੀ ‘ਚੋਂ ਲੰਘ ਰਿਹੈ…।”
ਕਈ ਹੋਰ ਦੋਸਤ ਵੀ ਕਹਿੰਦੇ ਸੁਣੀਂਦੇ ਸਨ ਕਿ ਅਣਖੀ ਜੀ ਦਾ ਖ਼ਤ ਆਇਆ ਹੈ…’ਕਹਾਣੀ ਪੰਜਾਬ’ ਦੇ ਚੰਦਿਆਂ ਲਈ। ਫਿਰ ਜਦੋਂ ਤੁਸੀਂ ਮੋਬਾਈਲ ਲੈ ਲਿਆ ਤਾਂ ਤੁਹਾਡਾ ਫ਼ੋਨ ਵੀ ਮਸ਼ਹੂਰ ਹੋ ਗਿਆ, ਕਿਹਾ ਜਾਣ ਲੱਗਿਆ,”ਅਣਖੀ ਜੀ ਦਾ ਫ਼ੋਨ ਆਇਆ ਸੀ…ਰਸਾਲੇ ਦੇ ਜੀਵਨ ਮੈਂਬਰ ਬਣਾਉਣ ਲਈ ਜ਼ੋਰ ਪਾ ਰਹੇ ਸਨ।”
ਐ ਅੰਕਲ ਅਣਖੀ ਜੀ!
ਕਦੋਂ ਅਕਲ ਆਊ ਪੰਜਾਬ ਦੇ ਜੱਟਾਂ ਨੂੰ…? ਇਹ ਮੁੱਲ ਖਰੀਦ ਕੇ ਨਹੀਂ ਪੜ੍ਹਦੇ …ਸ਼ਰਾਬ ਦੀ ਬੋਤਲ ਝਟ ‘ਚ ਖਰੀਦ ਲੈਂਦੇ ਨੇ ਤੇ ਸੌ ਰੁਪੱਈਏ ਦੀ ਕਿਤਾਬ ਖ੍ਰੀਦਣ ਜਾਂ ਰਸਾਲੇ ਦਾ ਚੰਦਾ ਭਰਨ ਲੱਗਿਆਂ ਇਨ੍ਹਾਂ ਦੀ ਜਾਨ ਜਾਂਦੀ ਐ…।
ਅੰਕਲ ਅਣਖੀ, ਤੂੰ ਜੱਟਾਂ ਤੇ ਕਿਰਸਾਨਾਂ ਦੇ ਹੱਕਾਂ ਲਈ ਲਿਖਦਾ ਤੇ ਲੜ-ਲੜ ਮਰਦਾ ਮਰ ਗਿਆ…ਤੈਂ ਉਹਨਾਂ ਬਾਰੇ ਕਿਤਾਬਾਂ ਲਿਖ-ਲਿਖ ਬੋਹਲ਼ ਲਾ ਦਿੱਤੇ ਤੇ ਉਹ ਕਣਕ ਦੇ ਬੋਹਲ਼ ਲਾਉਂਦੇ ਰਹੇ…’ਕਹਾਣੀ ਪੰਜਾਬ’ ਲਈ ‘ਇੱਕ ਦਾਣਾ’ ਵੀ ਨਾ ਦਿੱਤਾ ਆਪਣੇ ਬੋਹਲ਼ਾਂ ਵਿੱਚੋਂ। ਉਹ ਲੱਖਾਂ ਰੁਪੱਈਏ ਪਾਣੀ ਵਾਂਗ ਵਹਾਉਂਦੇ ਰਹੇ ‘ਕੌਡੀ-ਬਾਡੀ’ ਦੇ ਟੂਰਨਾਂਮੈਂਟਾਂ ਉੱਤੇ, ਤੇ ‘ਕਹਾਣੀ ਪੰਜਾਬ’ ਨੂੰ ‘ਫੁੱਟੀ ਕੌਡੀ’ ਨਾ ਦਿੱਤੀ…ਕਹਿੰਦੇ ਨੇ ਕਿ ‘ਜੱਟ ਨਾ ਜਾਣੇ ਗੁਣ…ਛੋਲਾ ਨਾ ਜਾਣੇ ਤਾਂ ਵਾਹ…!’ ਪਰ ਤੈਂ ਅਣਖ ਰੱਖੀ…ਡੋਲਿਆ ਨਹੀਂ…ਹੰਭਿਆ ਨਹੀਂ…ਥੱਕਿਆ ਨਹੀਂ…ਤੂੰ ਰਹਿੰਦਾ ਭਾਵੇਂ ਕੱਚਾ ਕਾਲਜ ਰੋਡ ‘ਤੇ ਸੀ ਪਰ ਤੂੰ ਪੱਕੀਆਂ ਤੇ ਡੂੰਘੀਆਂ…ਨਾਨਕਸ਼ਾਹੀ ਇੱਟ ਤੋਂ ਵੀ ਪੱਕੀਆਂ ਤੇ ਮਜ਼ਬੂਤ ਪੈੜਾਂ ਪਾ ਗਿਓਂ ਸਾਹਿਤ ਦੇ ਪਿੜ ਵਿੱਚ…। ਕਿਸੇ ਵੇਲੇ ਮਹਾਰਾਜਾ ਆਲਾ ਸਿੰਘ ਦੀ ਰਾਜਧਾਨੀ ਬਰਨਾਲਾ ਸੀ ਤੇ ਸੱਚਮੁਚ ਉਹ ਧਰਤੀ ‘ਤੇ ਰਾਜ ਕਰਦਾ ਸੀ…ਤੈਂ ਲੋਕ ਮਨਾਂ ਉੱਤੇ ਰਾਜ ਕਰਕੇ ਬਰਨਾਲੇ ਨੂੰ ‘ਸਾਹਿਤਕ ਰਾਜਧਾਨੀ’ ਬਣਾ ਦਿੱਤਾ ਪੰਜਾਬ ਦੀ। ਜੇ ਮਹਾਰਾਜਾ ਸਿਤਾਰਾ ਸੀ ਤਾਂ ਤੂੰ ਸਾਹਿਤ ਦੇ ਅਕਾਸ਼ ਵਿੱਚ ‘ਪੁੰਨਿਆਂ ਦਾ ਚੰਦਰਮਾ’ ਸੀ। ਸਾਹਿਤਕਾਰ ਇੱਕ ਦੂਜੇ ਨੂੰ ਅੰਤਾਂ ਦੀ ਈਰਖਾ ਕਰਦੇ ਨੇ…ਇੱਕ ਦੂਜੇ ਨਾਲ ‘ਚੌੜ’ ਵੀ ਕਰਦੇ ਨੇ…ਪਰ ਤੈਨੂੰ ਸਾਰੇ ‘ਚੌਰ’ ਕਰਦੇ ਸਨ।
ਮੈਨੂੰ ਯਾਦ ਐ।
ਤੁਹਾਡੇ ਗੁਆਂਢੀ ਮੇਘ ਰਾਜ ਮਿੱਤਰ ਦੇ ਘਰ (ਤੀਜੀ ਗਲੀ) ਮੇਰੀਆਂ ਕਿਤਾਬਾਂ ਦਾ ਮੈਟਰ ਕੰਪੋਜ਼ ਹੁੰਦਾ। ਕਈ ਦਿਨ ਮੈਂ ਉਥੇ ਕੰਮ ਕਰਨ ਲਈ ਆਉਂਦਾ। ਜਦੋਂ ਵੀ ਵਿਹਲ ਥਿਆਉਂਦੀ ਤਾਂ ਮੈਂ ਆਪ ਕੋਲ ਆਉਂਦਾ। ਇੱਕ ਵਾਰੀ ਮੈਂ ਕਾਫ਼ੀ ਪਰੇਸ਼ਾਨੀ ਦੀ ਹਾਲਤ ਵਿੱਚ ਸਾਂ। ਤੁਸੀਂ ਪੁੱਛਿਆ ਸੀ, ”ਕਿਮੇਂ ਉਏ ਬੁਝਿਆ-ਬੁਝਿਆ ਜਿਹੈਂ?”  ਮੈਂ ਦੱਸਣ ਲੱਗਿਆ ਸੀ, ”ਮੈਨੂੰ ਕਹਿੰਦੇ ਐ ਏਹ ਛੋਹਰ ਜਿਅ੍ਹਾ…ਕੀ-ਕੀ ਕੁਝ ਲਿਖੀ ਜਾਂਦੈ…ਮੱਛਰਿਆ ਫਿਰਦਾ ਐ…ਮੈਨੂੰ ਡਿਸਕਰਜ਼ ਕਰਦੇ ਨੇ…ਬਹੁਤ ਬੰਦੇ ਅਜਿਹੇ ਮਿਲਦੇ ਨੇ, ਮੇਰੀਆਂ ਛਪੀਆਂ ਕਿਤਾਬਾਂ ਦੇਖਕੇ…ਅਖ਼ਬਾਰਾਂ ‘ਚ ਛਪੇ ਲੇਖ ਦੇਖਕੇ…ਮੱਚ-ਸੜ ਜਾਂਦੇ ਨੇ…ਅੰਕਲ ਜੀ।”
”ਓ ਯਾਰ, ਕਾਹਨੂੰ …? ਤੂੰ ਐਮੇਂ ਮਨ ਪਤਲਾ ਨਾ ਕਰ…ਏਹ ਦੁਨੀਆਂ ਦਾ ਦਸਤੂਰ ਐ…ਜਿਹੜੇ ਮਾਸਟਰ ਮੇਰੇ ਨਾਲ ਪੜ੍ਹਾਉਂਦੇ ਹੁੰਂਦੇ ਸੀ ਨਾ…ਸਾਲੇ ਐਡੇ ਕਮੀਨੇ ਕਈ ਤਾਂ…ਬਹੁਤ ਈਰਖਾ ਕਰਦੇ ਰਹੇ ਮੇਰੇ ਨਾਲ…ਫੇਰ ਤੂੰ ਏਧਰ ਲੈ-ਲੈ…ਏਧਰ ‘ਸਾਹਿਤ ਦੇ ਬੰਦੇ’…ਹੁਣ ਜਦ ਮੈਨੂੰ ਕੋਈ ਇਨਾਮ-ਸ਼ਨਾਮ ਮਿਲਦੈ ਤਾਂ ਮੂੰਹ ‘ਚ ‘ਘੁੰਗਣੀਆਂ’ ਪਾ ਲੈਂਦੇ ਨੇ… ਕਦੇ ਨਹੀਂ ਕਿਹਾ ਵਈ ਅਣਖੀ ਵਧਾਈ ਹੋਵੇ ਤੈਨੂੰ… ਨਹੀਂ ਕਹਿੰਦੇ ਨਾ ਕਹਿਣ ਜਾਰ…ਲੋਕ ਜੁ ਹੈਗੇ ਨੇ ਕਹਿਣ ਆਲੇ…ਮੇਰੇ ਪਾਠਕ…ਤੇਰੇ ਅਰਗੇ ਅਜੀਜ਼ ਮੇਰੇ…ਅਨੇਕਾਂ ਨੇ।”
ਮੈਨੂੰ ਉਹ ਦਿਨ ਵਾਰ-ਵਾਰ ਚੇਤੇ ਆ ਰਿਹਾ ਹੈ…ਸਾਲ 1992 ਜਾਂ 93 ਹੋਣਾ। ਰਾਮਪੁਰੇ ਫੂਲ ਰੌਸ਼ਨ ਫੂਲਵੀ ਨੇ ਮਿੰਨੀ ਕਹਾਣੀ ਦਰਬਾਰ ਬਾਰੇ ਇੱਕ ਪ੍ਰੋਗਰਾਮ ਕਰਵਾਇਆ ਸੀ। ਸਮਾਗਮ ਦੇ ਅੰਤ ਉੱਤੇ, ਬਾਹਰੋਂ ਆਏ ਲੇਖਕਾਂ ਨੂੰ ਨੇੜੇ ਹੀ ਕਿਸੇ ਢਾਬੇ ‘ਤੇ ਰੋਟੀ ਖਾਣ ਲਈ ਲਿਜਾਇਆ ਗਿਆ। ਅਣਖੀ ਜੀ ਨੂੰ ਮੈਂ ਸਿਰਫ਼ ਨਾਂ ਤੋਂ ਹੀ ਜਾਣਦਾ ਸਾਂ। ਉਘੇ ਸਾਹਿਤਕਾਰਾਂ ਨੂੰ ਜਾਨਣ-ਪਛਾਨਣ ਦਾ ਮੇਰਾ ਹਾਲੇ ਪਹਿਲਾ ਮੌਕਾ ਹੀ ਸੀ। ਢਾਬੇ ਉੱਤੇ ਅਣਖੀ ਜੀ ਨੂੰ ਕਹਿਣ, ”ਲਓ ਜੀ ਅਣਖੀ ਸਾਅ੍ਹਬ, ਲਾਓ ਘੁਟ ਕੁ?” ਕਈ-ਕਈ ਵਾਰੀ, ਕਈਆਂ ਦੇ ਕਹਿਣ ‘ਤੇ ਅਣਖੀ ਜੀ ਨੇ ‘ਘੁਟ ਕੁ’ ਨਹੀਂ ਸੀ ਲਾਈ। ਰੋਟੀ ਖਾਕੇ ਬਰਨਾਲੇ ਵਾਲੀ ਬੱਸੇ ਚੜ੍ਹੇ, ਮੈਂ ਵੀ ਉਸੇ ਬੱਸ ਵਿੱਚ। ਬਰਨਾਲਿਓਂ ਮੈਂ ਲੁਧਿਆਣੇ ਜਾਣਾ ਸੀ। ਸੀਟਾਂ ਸਾਰੀਆਂ ਭਰੀਆਂ ਹੋਈਆਂ। ਅਣਖੀ ਜੀ ਨੇ ਛੱਲੀ ਲਈ ਤੇ ਖਲੋਤੇ ਹੀ ਚੱਬਣ ਲੱਗੇ। ”ਕਿਮੇਂ ਲੱਗਿਆ ਤੈਨੂੰ ਸਮਾਗਮ ਮੁੰਡਿਆ?” ਮੇਰੇ ਮੂੰਹੋ ”ਬਹੁਤ ਵਧੀਆ ਜੀ”, ਨਿਕਲਿਆ ਸੀ। ”ਕਾਹਦਾ ਵਧੀਆ? ਐਵੇਂ ਸਾਲਾ ਖੱਚ ਖਾਨੈਂ…ਮੂੰਹ-ਮੁਲਾਹਜ਼ੇ ਨੂੰ ਜਾਣਾ ਪੈਂਦੈਂ।” ਇਹ ਪਹਿਲੀ ਮਿਲਣੀ ਕਦੇ ਨਹੀਂ ਭੁੱਲ ਸਕਦੀ।
…ਤੇ ਇੱਕ ਹੋਰ ਮਿਲਣੀ, ਜੋ ਮਨ ਦੇ ਚਿਤਰਪਟ ਉੱਤੇ ਸਦਾ ਹੀ ਚਿਤਰੀ ਰਹੇਗੀ।
ਭਾਸ਼ਾ ਵਿਭਾਗ ਵਿੱਚ ਦਿਹਾੜੀ ‘ਤੇ ਕੰਮ ਕਰਦਾ ਸਾਂ। ਦਫ਼ਤਰੀਆਂ ਦੇ ਆਉਣ ਤੋਂ ਪਹਿਲਾਂ, ਸਵੇਰੇ-ਸਵੇਰੇ ਉਠਕੇ ਸਾਰੇ ਦਫ਼ਤਰ ਦੇ ਕੂਲਰਾਂ ਵਿੱਚ ਪਾਣੀ ਪਾਉਂਦਾ। ਦਫ਼ਤਰ ਵਿੱਚ ਹੀ ਜਾ ਕੇ ਚਾਰ ਪਰੌਂਠੇ ਪਕਾਉਂਦਾ। ਅੰਬ ਦੇ ਅਚਾਰ ਤੇ ਵਿੱਚ ਗੰਢਾ ਬੰਨ੍ਹ ਕੇ ‘ਸਾਹਿਤ ਸਦਨ’ ‘ਚ ਲਿਆ ਰਖਦਾ। ਫਿਰ ਫੁੱਲ-ਬੂਟੇ ਗੋਡਦਾ। ਦੁਪਹਿਰੇ ਕੰਟੀਨ ਤੋਂ ਚਾਹ ਦਾ ਗਿਲਾਸ ਭਰਵਾ ਕੇ ਛਕ ਲੈਂਦਾ। ਹਾਲੇ ਕੁਝ ਦਿਨ ਪਹਿਲਾਂ ਹੀ ਤਾਂ ਗਾਸੋ ਆਇਆ ਸੀ। ਉਹ ਘਰੋਂ ਪਰੌਂਠੇ ਬਣਵਾ ਕੇ ਲਿਆਇਆ ਸੀ। ‘ਕੱਠਿਆਂ ਬਹਿ ਕੇ ਛਕੇ ਸਨ। ਅੱਜ ਅਣਖੀ ਜੀ ਆਏ। ਮੈਨੂੰ ਨਹੀਂ ਉਹਨਾਂ ਦੇਖਿਆ। ਡਾਇਰੈਕਟਰ ਦੇ ਕਮਰੇ ਵੱਲ ਜਾ ਰਹੇ ਸਨ। ਹੱਥ ‘ਚ ਕੁਝ ਕਿਤਾਬਾਂ ਸਨ। ਮੈਂ ਚਾਅ ਨਾਲ ਮਗਰ ਭੱਜਿਆ। ਦੇਖਕੇ ਹੈਰਾਨ  ਹੋ ਗਏ, ਖ਼ੁਸ਼ੀ ਨਾਲ।
”ਮੈਨੂੰ ਪਤਾ ਸੀ ਜਾਰ ਤੇਰਾ ਐਥੇ ਆ ਜਾਣ ਦਾ…ਤੇਰੀ ਚਿੱਠੀ ਮਿਲਦੀ ਰਹੀ…ਅੱਜ ਤਾਂ ਮੈਂ ਭੁੱਲ ਈ ਗਿਆ ਸੀ ਵਈ ਤੂੰ ਐਥੇ ਐਂ…ਮੈਂ ਕੱਕੜ ਸਾਹਿਬ ਨੂੰ ਮਿਲਣੈ…ਫਿਰ ਮਿਲਦੇ ਆਂ ਆਪਾਂ।”
”ਚੰਗਾ, ਅਹੁ ‘ਸਾਹਿਤ ਸਦਨ’ ‘ਚ ਆ ਜਿਓ…ਮੈਂ ਉਥੇ ਹੁੰਨਾ।”
ਕੱਕੜ ਸਾਹਬ ਦਫ਼ਤਰ ਨਹੀਂ ਸਨ। ਚੰਡੀਗੜ੍ਹ ਗਏ ਹੋਏ ਸਨ ਕਿਸੇ ਮੀਟਿੰਗ ਵਿੱਚ। ਅਣਖੀ ਜੀ ਉਹਨੀਂ ਪੈਂਰੀ ਹੀ ਮੁੜ ਆਏ।
”ਚਾਹ ਪਹਿਲਾਂ ਪੀਣੀ ਐਂ ਕਿ ਪਰੌਂਠਿਆਂ ਨਾਲ ਪੀਣੀ?”
”ਕਿੱਥੋਂ ਆ ਗਏ ਪਰੌਂਠੇ…ਬਜ਼ਾਰੋਂ ਲਿਆਮੇਂਗਾ?”
”ਨਹੀਂ…ਨਹੀਂ…ਆਪੇ ਬਣਾਏ ਐ…ਅੱਜ ਪੰਜ ਬਣਾਏ ਸੀ…ਮਖ਼ਾਂ ਅੰਕਲ ਨੇ ਆਉਣੈ।”
ਪਰੌਂਠਿਆਂ ਵਾਲਾ ਲਿਫ਼ਾਫਾ ਮੇਜ਼ ‘ਤੇ ਧਰ ਕੇ ਮੈਂ ਚਾਹ ਆਖਣ ਤੁਰ ਪਿਆ। ਅਣਖੀ ਅੰਕਲ ਪੋਣਾ ਖੋਲ੍ਹੀ ਬੈਠਾ ਸੀ। ਅੰਬ ਦੇ ਅਚਾਰ ਦੀ ਮਹਿਕ ‘ਸਾਹਿਤ ਸਦਨ’ ਦੇ ਗੋਲ ਵਰਾਂਡੇ ਵਿੱਚ ਪਸਰ ਗਈ ਸੀ। ਗੰਢਾ ਭੰਨ ਕੇ ਅੱਧਾ ਅੰਕਲ ਦੇ ਪਰੌਂਠੇ ‘ਤੇ ਰੱਖਿਆ ਤੇ ਖਾਣ ਲੱਗੇ।
”ਆਹ ਤਾਂ ਵਈ ਸੁਆਦ ਆ ਗਿਐ…ਤੂੰ ਪੂਰਾ ਕਾਰੀਗਰ ਐਂ ਉਏ…ਜੱਜ ਵੀ ਹੈਹੋ-ਜ੍ਹੇ ਪਰੌਂਠੇ ਖਾਂਦੇ ਰਹੇ ਤੈਥੋਂ…ਉਹ ਤੇਰੀ ਵਧੀਐ ਸਵੈ-ਜੀਵਨੀ ਅਰਦਲੀ ਆਲੀ…ਮੈਂ ਲੁਧੇਹਾਣੇ ਚੱਲਿਆ ਸੀ ਬਰਨਾਲਿਓਂ…ਜਿਉਂ ਪੜ੍ਹਨ ਬੈਠਾ…ਪਤਾ ਈ ਨਾ ਲੱਗਾ ਕਦੋਂ ਲੁਧੇਹਾਣਾ ਆ ਗਿਆ…ਮੈਂ ਤੈਨੂੰ ਆਪਣੀ ਰਾਇ ਲਿਖਕੇ ਭੇਜੰਗਾ…ਕਿਤੇ ਛਾਪਲੀਂ…ਕੰਮ ਆਜੂ।”
ਕਿਤਾਬ ਦਾ ਤੀਜਾ ਪੁਰ ਛਪਣ ‘ਤੇ ਅਣਖੀ ਜੀ ਦਾ ਲਿਖ ਭੇਜਿਆ ਉਹਦੇ ਵਿੱਚ ਛਾਪਿਆ ਸੀ। ਉਸਤਾਦ ਯਮਲਾ ਜੱਟ ਬਾਰੇ ਕਿਤਾਬ ਤਿਆਰ ਕੀਤੀ ਤਾਂ ਅਣਖੀ ਜੀ ਨੇ ਉਹਨਾਂ ਬਾਰੇ ਆਪਣੀਆਂ ਦਿਲਚਸਪ ਯਾਦਾਂ ਲਿਖ ਘੱਲੀਆਂ। ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਬਾਰੇ ਵੀ ਉਚੇਚਾ ਲੇਖ ਲਿਖ ਕੇ ਭੇਜਿਆ। ਮੇਰੀ ਕਿਤਾਬ ‘ਚੋਣਵੇਂ ਪੰਜਾਬੀ ਰੇਖਾ-ਚਿਤਰ’ ਛਪੀ ਤਾਂ ਅਣਖੀ ਜੀ ਨੇ ਉਹਦਾ ਰੀਵਊ ਕਰਕੇ ‘ਕਹਾਣੀ ਪੰਜਾਬ’ ਵਿੱਚ ਛਾਪਿਆ, ਵਿੱਚ ਲਿਖਿਆ ਕਿ ਇਹ ਮੁੰਡਾ ਵੱਡਿਆ-ਵੱਡਿਆਂ ਦੇ ਕੰਨ ਕੁਤਰਦਾ ਹੈ…ਪੜ੍ਹਨ ਪਿਛੋਂ ਮੈਂ ਪੁੱਛਿਆ ਕਿ ਅੰਕਲ  ਇਹ ਗੱਲ ਕਿਉਂ ਲਿਖੀ ਐ…ਥੋਡੇ ਕੰਨ ਕਦੋਂ ਕੁਤਰੇ ਮੈਂ?”
”ਲੈ ਹੋਰ ਕੀ? ਤੂੰ ਕੰਨ ਛੱਡੇ ਕੀਹਦੇ ਐ? ਤੇਰਾ ਧੀਰ ਆਲਾ ਰੇਖਾ-ਚਿਤਰ ਪੜ੍ਹਕੇ ਮੈਂ ਬੜਾ ਹੱਸਿਆ ਜਾਰ…ਮੈਂ ਤਾਂ ਸੋਚਦਾ ਸੀ ਵਈ ਧੀਰ ਦੇ ਮਰੇ ਤੋ ਮਗਰੋਂ ਕਿਤਾਬ ‘ਚ ਛਾਪੇਂਗਾ…ਤੂੰ ਪਹਿਲਾਂ ਈ ਛਾਪਤਾ।”
ੲੲੲ
”ਜਾਰ, ਆਪਾਂ ਇੰਗਲੈਂਡ ਚਲਦੇ ਆਂ, ਰਾਣੀ ਭੈਣ ਦੀ ਚਿੱਠੀ ਆਈ ਸੀ। ਜੀਪ ਲਿਆਇਐ ਮੇਰੇ ਵਾਸਤੇ ਕਾ੍ਰਂਤੀ…ਲੰਡੀ ਜੀਪ…ਘੋਨੀ ਜੀਪ…ਹੁਣ ਮੈਂ ਆਹ ਮੋਪਡ ਜਿਹੀ ਵੇਚ ਦੇਣੀ ਐਂ…ਚੱਲ ਚਲਦੇ ਆਂ ਆਪਾਂ ਇੰਗਲੈਂਡ।”
ਅਣਖੀ ਜੀ ਡਰੈਵਰ ਵਾਲੀ ਸੀਟ ‘ਤੇ ਬਹਿ ਗਏ ਤੇ ਮੈਂ ਮੂਹਰੇ ਨਾਲ। ਜੀਪ ਦੌੜ ਰਹੀ ਖੁੱਲ੍ਹੀਆਂ ਸੜਕਾਂ ‘ਤੇ ਸਿਰ-ਪਟ…।
”ਅਹੁ ਦੇਖੋ ਅੰਕਲ, ਹੈਲੀਕੌਪਟਰ ਆ ਗਿਐ…ਅਹੁ ਵੇਖੋ…।”
”ਉਏ ਏਹੇ ਤਾਂ ਆਪਾਂ ਨੂੰ ਲੈਣ ਆਇਐ…ਰਾਣੀ ਭੈਣ ਨੇ ਭੇਜਿਐ।”
ਪਾਇਲਟ ਨੇ ਹੇਠਾਂ ਰੱਸਾ ਲਮਕਾ ਦਿੱਤਾ। ਅਣਖੀ ਅੰਕਲ ਰੱਸੇ ਨੂੰ ਝੂਟ ਗਏ ਨੇ…ਮੈਂ ਰੌਲਾ ਪਾ ਰਿਹਾਂ…”ਅੰਕਲ ਮੈਨੂੰ ਤਾਂ ਲੈਜੋ ਨਾਲ ਆਬਦੇ?ਮੈਂ ਵੀ ਜਾਣਾ ਸੀ ਥੋਡੇ ਨਾਲ ਇੰਗਲੈਂਡ…ਅੰਕਲ….? ਅੰਕਲ…? ਅੰਕਲ?” ਅਣਖੀ ਅੰਕਲ ਨੂੰ ਹੈਲੀਕੌਪਟਰ ਉਡਾ ਕੇ ਲੈ ਗਿਆ।
ਸੁਫ਼ਨਾ ਟੁੱਟ ਗਿਆ। ਮੇਰਾ ਭਰਾ ਉੱਠ ਕੇ ਆਇਐ। ਮੋਢਿਓ ਫੜ੍ਹ ਕੇ ਹਲੂੰਣਦਾ ਹੈ, ”ਹੌਲੋ…ਹੈਲੋ…ਕੀ ਗੱਲ ਐ? ਅੱਜ ਫੇਰ ਡਰ ਗਿਆ…! ਉੱਠਕੇ ਬਹਿਜਾ…ਨਿੱਤ ਈ ਡਰਨ ਲੱਗ ਪਿਐਂ…ਕੱਲ੍ਹ ਨੂੰ ਡਾਕਟਰ ਦੇ ਲਿਚੱਲਾਂਗੇ?”
ਪਾਣੀ ਪੀ ਕੇ ਫਿਰ ਲੇਟ ਗਿਆਂ…ਆਏ ਸੁਫ਼ਨੇ ਬਾਰੇ ਸੋਚ ਰਿਹਾ ਹਾਂ…ਦੂਰ ਪਿੰਡ ਦੀ ਬਾਹੀ ‘ਤੇ ਕੋਈ-ਕੋਈ ਕੁੱਤਾ ਭੌਂਕ ਰਿਹਾ ਹੈ।
ninder_ghugianvi@yahoo.com

Check Also

ਬਾਬੁਲ ਦੀਆਂ ਬਾਤਾਂ-4

ਬੋਲ ਬਾਵਾ ਬੋਲ ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ? ਨਿੰਦਰ ਘੁਗਿਆਣਵੀ 94174-21700 …