Breaking News
Home / ਜੀ.ਟੀ.ਏ. ਨਿਊਜ਼ / ਵਿਦੇਸ਼ਾਂ ‘ਚ ਰਹਿਣ ਵਾਲੇ ਪੈਨਸ਼ਨਰਾਂ ਨੂੰ ਭੱਤਾ ਨਾ ਦੇਣ ਦੇ ਫੈਸਲੇ ‘ਤੇ ਘਿਰੀ ਬਾਦਲ ਸਰਕਾਰ

ਵਿਦੇਸ਼ਾਂ ‘ਚ ਰਹਿਣ ਵਾਲੇ ਪੈਨਸ਼ਨਰਾਂ ਨੂੰ ਭੱਤਾ ਨਾ ਦੇਣ ਦੇ ਫੈਸਲੇ ‘ਤੇ ਘਿਰੀ ਬਾਦਲ ਸਰਕਾਰ

pensioners-meeting-copy-copyਫੈਸਲਾ ਪਲਟ ਸਕਦੀ ਹੈ ਪੰਜਾਬ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ‘ਚ ਕਟੌਤੀ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲੇ ਪੈਨਸ਼ਨਰਾਂ ਨੂੰ ਭਵਿੱਖ ‘ਚ ਪੈਨਸ਼ਨ ‘ਤੇ ਮਿਲਣ ਵਾਲੇ ਭੱਤੇ ਨਾ ਦੇਣ ਦਾ ਫੈਸਲੇ ਦਾ ਚਹੁੰ ਤਰਫ਼ਾ ਵਿਰੋਧ ਸ਼ੁਰੂ ਹੋ ਗਿਆ ਹੈ। ਬੇਸ਼ੱਕ ਪੰਜਾਬ ਵਿੱਤ ਵਿਭਾਗ ਨੇ ਇਸ ਫੈਸਲੇ ‘ਤੇ ਮੋਹਰ ਲਾ ਦਿੱਤੀ ਸੀ, ਪਰ ਹੁਣ ਸਰਕਾਰ ਇਹ ਫੈਸਲਾ ਪਲਟਣ ਬਾਰੇ ਸੋਚਣ ਲੱਗੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ‘ਚ ਰਹਿਣ ਵਾਲੇ ਉਥੋਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੈਨਸ਼ਨਰਾਂ ਨੂੰ ਭੱਤੇ ਨਾ ਦੇਣ ਦੇ ਫੈਸਲੇ ‘ਤੇ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਵਿਚ ਘਿਰ ਚੁੱਕੀ ਬਾਦਲ ਸਰਕਾਰ ਨੇ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰਨ ਦਾ ਰਾਹ ਲੱਭਿਆ ਹੈ। ਧਿਆਨ ਰਹੇ ਕਿ ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਕੈਨੇਡਾ, ਅਮਰੀਕਾ ਸਮੇਤ ਵੱਖੋ-ਵੱਖ ਦੇਸ਼ਾਂ ‘ਚ ਬਾਦਲ ਸਰਕਾਰ ਖਿਲਾਫ਼ ਮਤੇ ਪਾਸੇ ਕੀਤੇ ਗਏ ਤੇ ਰੋਸ ਵਿਖਾਵੇ ਹੋਏ ਤੇ ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ‘ਤੇ ਅਕਾਲੀ ਸਰਕਾਰ ਦੀ ਚੰਗੀ ਖ਼ਬਰ ਲਈ।
ਤਾਜਾ ਮਿਲ ਰਹੀ ਜਾਣਕਾਰੀ ਅਨੁਸਾਰ ਕੈਬਨਿਟ ਬੈਠਕ ਦੌਰਾਨ ਅਕਾਲੀ ਆਗੂ ਤੋਤਾ ਸਿੰਘ ਹੋਰਾਂ ਨੇ ਇਹ ਮੁੱਦਾ ਚੁੱਕਿਆ। ਜਿਸ ‘ਤੇ ਵਿੱਤ ਵਿਭਾਗ ਨੇ ਦਲੀਲ ਦਿੱਤੀ ਕਿ ਉਹ ਇਸ ਫੈਸਲੇੋ ਨੂੰ ਵਾਪਸ ਲੈਣ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਪਰਵਿੰਦਰ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਸਰਕਾਰ ਆਪਣੇ ਇਸ ਫੈਸਲੇ ‘ਤੇ ਜਲਦ ਹੀ ਮੁੜ ਵਿਚਾਰ ਕਰਕੇ ਜਾਣਕਾਰੀ ਦੇਵੇਗੀ।
ਪੰਜਾਬ ਵਿੱਤ ਵਿਭਾਗ ਕੋਲ ਇਹ ਮਾਮਲਾ ਕਾਫੀ ਸਮੇਂ ਤੋਂ ਵਿਚਾਰ ਅਧੀਨ ਸੀ। ਅਸਲ ‘ਚ ਪੰਜਾਬ ਦੇ ਵਿਭਾਗੀ ਪੱਧਰ ‘ਤੇ ਭੱਤਿਆਂ ਦੀ ਅਦਾਇਗੀ ਨੂੰ ਲੈ ਕੇ ਦੁਵਿਧਾ ਦੀ ਸਥਿਤੀ ਬਣੀ ਹੋਈ ਸੀ। ਵਿਭਾਗ ਇਹ ਸਮਝ ਨਹੀਂ ਪਾ ਰਹੇ ਸਨ ਕਿ ਵਿਦੇਸ਼ ‘ਚ ਵਸੇ ਪੈਨਸ਼ਨਰਾਂ ਨੂੰ ਪੈਨਸ਼ਨ ‘ਤੇ ਦਿੱਤੇ ਜਾਣ ਵਾਲੇ ਭੱਤਿਆਂ ਦੀ ਅਦਾਇਗੀ ਕੀਤੀ ਜਾਵੇ ਜਾਂ ਨਹੀਂ। ਇਸੇ ਕਾਰਨ ਇਹ ਮਾਮਲਾ ਪੰਜਾਬ ਵਿੱਤ ਵਿਭਾਗ ਕੋਲ ਭੇਜਿਆ ਗਿਆ ਸੀ ਤਾਂ ਜੋ ਵਿੱਤ ਵਿਭਾਗ ਇਸ ‘ਤੇ ਫੈਸਲਾ ਲਏ।
ਪੰਜਾਬ ਸਰਕਾਰ ਵੱਲੋਂ ਐਨਆਰਆਈ ਪੈਨਸ਼ਨਰਾਂ ਦੇ ਭੱਤੇ ਕਟੌਤੀ ਵਾਲੇ ਇਸ ਫੈਸਲੇ ਨਾਲ ਵਿਦੇਸ਼ ‘ਚ ਵਸੇ ਉਨ੍ਹਾਂ ਪੈਨਸ਼ਨਰਾਂ ਨੂੰ ਨਿਰਾਸ਼ਾ ਹੋਈ ਸੀ। ਜੋ ਸੇਵਾ ਮੁਕਤੀ ਦੇ ਬਾਅਦ ਪੈਨਸ਼ਨ ਦੇ ਭਰੋਸੇ ਆਪਣਾ ਜੀਵਨ ਜੀਅ ਰਹੇ ਹਨ। ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਤਾਂ ਹੁਣੇ ਤੋਂ ਇਸ ਫੈਸਲੇ ‘ਤੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ 3 ਲੱਖ ਤੋਂ ਵੱਧ ਪੈਨਸ਼ਨਰ ਪ੍ਰਭਾਵਿਤ ਹੋਣੇ ਸਨ ਜੋ ਵੱਖ-ਵੱਖ ਦੇਸ਼ਾਂ ‘ਚ ਵਸਦੇ ਹਨ।
ਪੰਜਾਬ ਸਰਕਾਰ ਵੱਲੋਂ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਵਿਰੁੱਧ ਰੋਸ ਮੁਜ਼ਾਹਰਾ
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁੱਧ ਵਿਦੇਸ਼ਾਂ ਵਿੱਚ ਵੱਸਦੇ ਪੈੱਨਸਰਾਂ ਵਿੱਚ ਬਹੁਤ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਜੋ ਕਿ ਮੀਡੀਏ ਦੇ ਸਭਨਾਂ ਹੀ ਹਿੱਸਿਆਂ- ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ ਅਤੇ ਸੋਸ਼ਲ ਮੀਡੀਏ ਵਿੱਚ ਪ੍ਰਤੱਖ ਵੇਖਿਆ ਜਾ ਸਕਦਾ ਹੈ। ਇਸ ਆਪ-ਮੁਹਾਰੇ ਰੋਸ ਅਤੇ ਗੁੱਸੇ ਨੂੰ ਸਹੀ ਦਿਸ਼ਾ ਦੇਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਪੈੱਨਸ਼ਨਰਾਂ ਦੇ ਭਾਰੀ ਇਕੱਠ ਹੋ ਰਹੇ ਹਨ। ਏਸੇ ਕਿਸਮ ਦਾ ਹੀ ਗਰੇਟਰ ਟੋਰਾਂਟੋ ਏਰੀਏ ਵਿੱਚ ਵੱਸਦੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਇੱਕ ਭਰਵਾਂ ਇਕੱਠ ਬੀਤੇ ਐਤਵਾਰ 25 ਸਤੰਬਰ ਨੂੰ ‘ਰੈਕਸਡੇਲ  ਸਿੰਘ ਸਭਾ ਰਿਲੀਜੀਅਸ ਸੈਂਟਰ ਈਟੋਬੀਕੋ (ਓਨਟਾਰੀਓ, ਕੈਨੇਡਾ) ਵਿਖੇ ਹੋਇਆ।
ਮਾਮਲਾ ਕੀ ਹੈ
ਇਹ ਸੀ ਭੱਤੇ ਰੋਕਣ ਵਾਲਾ ਫੈਸਲਾ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪਿਛਲੇ ਦਿਨੀਂ ਕਾਫੀ ਵਿਚਾਰ-ਵਟਾਂਦਰੇ ਮਗਰੋਂ ਸਪੱਸ਼ਟ ਕੀਤਾ ਸੀ ਕਿ ਜਿਹੜੇ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਨੂੰ ਬੇਸਿਕ ਪੈਨਸ਼ਨ, ਫੈਮਿਲੀ ਪੈਨਸ਼ਨ ਅਤੇ ਓਲਡ ਏਜ ਅਲਾਊਂਸ ਤਾਂ ਸਰਕਾਰ ਦੇ ਨਿਯਮਾਂ ਮੁਤਾਬਿਕ ਮਿਲੇਗਾ ਪਰ ਇਨ੍ਹਾਂ ‘ਤੇ ਮਿਲਣ ਵਾਲੇ ਭੱਤੇ ਨਹੀਂ ਮਿਲਣਗੇ। ਵਿੱਤ ਵਿਭਾਗ ਨੇ ਇਸ ਬਾਬਤ ਸੂਬੇ ਭਰ ਦੇ ਤਮਾਮ ਵਿਭਾਗਾਂ ਤੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿਭਾਗ ਵਲੋਂ ਜਾਰੀ ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਭੱਤਿਆਂ ਦੀ ਅਦਾਇਗੀ ਨਾ ਕੀਤੀ ਜਾਵੇ।ਇਹ ਫੈਸਲਾ ਆਉਂਦਿਆਂ ਹੀ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਹੋ ਗਿਆ।

Check Also

ਕੈਨੇਡਾ ਦੁਨੀਆ ਭਰ ‘ਚ ਤਕਨਾਲੋਜੀ ਦਾ ਮੁੱਖ ਸਰੋਤ ਬਣਿਆ : ਟਰੂਡੋ

ਕਿਹਾ – ਇਮੀਗ੍ਰੇਸ਼ਨ ਕਾਰਨ ਹੀ ਕੈਨੇਡਾ ਦੇ ਤਕਨਾਲੋਜੀ ਖੇਤਰ ‘ਚ ਹੋਇਆ ਵਾਧਾ ਟੋਰਾਂਟੋ/ਬਿਊਰੋ ਨਿਊਜ਼ : …