Breaking News
Home / ਹਫ਼ਤਾਵਾਰੀ ਫੇਰੀ / ਭੋਲਾ, ਚਹਿਲ, ਔਲਖ ਬੋਲੇ – ਅਸੀਂ ਬੇਕਸੂਰ… ਤੇ ਬਰੀ

ਭੋਲਾ, ਚਹਿਲ, ਔਲਖ ਬੋਲੇ – ਅਸੀਂ ਬੇਕਸੂਰ… ਤੇ ਬਰੀ

Jagdish Bhola copy copyਡਰੱਗਜ਼ ਰੈਕੇਟ : ਹਾਈਕੋਰਟ ਦੇ ਹੁਕਮਾਂ ‘ਤੇ ਬਣੀ ਐਸ ਆਈ ਟੀ ਨੇ ਬਿਨਾ ਸਬੂਤ ਇਕੱਠੇ ਕੀਤੇ ਹੀ ਦੇ ਦਿੱਤੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵੱਡੇ ਨਾਵਾਂ ਨੂੰ ਕਲੀਨ ਚਿੱਟ
ਚੰਡੀਗੜ੍ਹ : ਡਰੱਗ ਰੈਕੇਟ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਜੋ ਐਸਆਈਟੀ ਬਣੀ, ਉਸ ਦੇ ਜਾਂਚ ਦੇ ਤਰੀਕੇ ਦੇ ਚੱਲਦਿਆਂ ਅਰੋਪੀ ਤਸਕਰ ਜਗਦੀਸ਼ ਭੋਲਾ, ਅਕਾਲੀ ਆਗੂ ਜਗਜੀਤ ਸਿੰਘ ਚਹਿਲ ਅਤੇ ਮਨਿੰਦਰ ਸਿੰਘ ਬਿੱਟੂ ਔਲਖ ਬਰੀ ਹੋਏ। ਵੱਡੀ ਤਾਦਾਦ ਵਿਚ ਸਬੂਤ ਹੋਣ ਦੇ ਬਾਵਜੂਦ ਐਸਆਈਟੀ ਨੂੰ ਇਨ੍ਹਾਂ ਤਿੰਨਾਂ ਨੇ ਜੋ ਬਿਆਨ ਦਿੱਤੇ, ਉਹਨਾਂ ਨੂੰ ਹੀ ਸੱਚ ਮੰਨ ਲਿਆ ਗਿਆ। ਉਸ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਗਈ, ਫਿਰ ਇਸੇ ਕਲੀਨ ਚਿੱਟ ਨੂੰ ਅਧਾਰ ਬਣਾ ਕੇ ਚਲਾਨ ਪੇਸ਼ ਕੀਤਾ ਗਿਆ ਅਤੇ ਜਲੰਧਰ ਦੀ ਇਕ ਕੋਰਟ ਤੋਂ ਤਿੰਨੋ ਬਰੀ ਹੋ ਗਏ। ਹੁਣ ਐਸਆਈਟੀ ਕੋਲ ਇਸਦਾ ਕੋਈ ਜਵਾਬ ਨਹੀਂ ਹੈ ਕਿ ਅਰੋਪੀ ਕਿੰਝ ਛੁੱਟ ਗਏ। ਐਸਆਈਟੀ ਦੇ ਚੀਫ ਆਈਜੀ ਈਸ਼ਵਰ ਸਿੰਘ ਅਤੇ ਮੈਂਬਰ ਆਈਜੀ ਨਾਗੇਸ਼ਵਰ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਹ ਡਰੱਗਜ਼ ਰੈਕੇਟ ਦਾ ਸਿਰਫ ਇਕ ਮਾਮਲਾ ਹੈ। ਪਰ ਇਸ ਮਾਮਲੇ ‘ਚੋਂ ਬਰੀ ਹੋਣ ਦਾ ਫਾਇਦਾ ਇਨ੍ਹਾਂ ਤਿੰਨਾਂ ਨੂੰ ਇਨ੍ਹਾਂ ‘ਤੇ ਚੱਲ ਰਹੇ ਅੱਧੀ ਦਰਜਨ ਦੇ ਮਾਮਲਿਆਂ ਵਿਚ ਵੀ ਮਿਲ ਸਕਦਾ ਹੈ। ਇਹ ਮਾਮਲਾ 2013 ਦਾ ਹੈ। ਇਸ ਵਿਚ ਅਲੱਗ-ਅਲੱਗ ਐਫਆਈਆਰ ਦਰਜ ਹੋਈ ਸੀ। ਪੜਤਾਲ ਦੇ ਦੌਰਾਨ ਸਭ ਤੋਂ ਵੱਡੀ ਗੱਲ ਨਿਕਲ ਕੇ ਆਈ ਸੀ ਕਿ ਪੰਜਾਬ ਵਿਚ 6 ਹਜ਼ਾਰ ਕਰੋੜ ਰੁਪਏ ਦਾ ਡਰੱਗ ਦਾ ਕਾਰੋਬਾਰ ਹੋ ਚੁੱਕਾ ਹੈ। ਇਸ ਦੇ ਪਿੱਛੇ ਡਿਸਮਿਸ ਡੀਐਸਪੀ ਜਗਦੀਸ਼ ਭੋਲਾ ਹੈ।  7 ਅਕਤੂਬਰ 2015 ਨੂੰ ਹਾਈਕੋਰਟ ਨੇ ਸਰਕਾਰ ਨੂੰ ਇਨ੍ਹਾਂ 9 ਮਾਮਲਿਆਂ ਦੀ ਜਾਂਚ ਲਈ ਐਸਆਈਟੀ ਬਣਾਉਣ ਨੂੰ ਆਖਿਆ। ਇਸੇ ਵਰ੍ਹੇ ਅਕਤੂਬਰ ਮਹੀਨੇ ਦੀ 30 ਤਰੀਕ ਨੂੰ ਹੀ ਐਸਆਈਟੀ ਬਣ ਗਈ। ਇਕ ਐਫਆਈਆਰ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਿਚ ਵੀ ਦਰਜ ਕੀਤੀ ਗਈ ਸੀ। ਪੁਲਿਸ ਨੇ ਅੰਮ੍ਰਿਤਸਰ ਦੇ ਤਰਸੇਮ ਸਿੰਘ ਅਤੇ ਕਪੂਰਥਲਾ ਦੇ ਦਲਬੀਰ ਸਿੰਘ ਦੇ ਨਾਲ-ਨਾਲ ਦੋ ਹੋਰ ਵਿਅਕਤੀਆਂ ਨੂੰ ਵੀ ਡਰੱਗਜ਼ ਅਤੇ 70 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕੀਤਾ। ਪੁੱਛਗਿੱਛ ਵਿਚ ਨਾਂ ਸਾਹਮਣੇ ਆਉਣ ‘ਤੇ ਜਗਦੀਸ਼ ਭੋਲਾ, ਮਨਿੰਦਰ ਸਿੰਘ ਬਿੱਟੂ ਔਲਖ ਅਤੇ ਜਗਦੀਸ਼ ਚਹਿਲ ਨੂੰ ਨਾਮਜ਼ਦ ਕੀਤਾ ਗਿਆ। ਇਹ ਤਿੰਨੋਂ ਇਸੇ ਕੇਸ ਵਿਚ ਲੰਘੀ 12 ਅਗਸਤ ਨੂੰ ਬਰੀ ਹੋ ਚੁੱਕੇ ਹਨ।
ਤਾਂ ਚਲਾਨ ਕਿੰਝ ਹੋ ਗਿਆ ਪੇਸ਼?
ਜਦੋਂ ਵੀ ਪੁਲਿਸ ਕਿਸੇ ਅਰੋਪੀ ਨੂੰ ਫੜਦੀ ਹੈ ਤਾਂ ਉਸਦੇ ਖਿਲਾਫ ਸਬੂਤ ਇਕੱਠੇ ਕਰਕੇ ਚਾਰਜਸ਼ੀਟ ਤਿਆਰ ਕੀਤੀ ਜਾਂਦੀ ਹੈ ਅਤੇ ਉਸਦੀ ਬਕਾਇਦਾ ਸਰਕਾਰੀ ਵਕੀਲ ਜਾਂਚ ਕਰਦੇ ਹਨ ਅਤੇ ਪਾਸ ਹੋਣ ਦੇ ਬਾਵਜੂਦ ਚਾਰਜਸ਼ੀਟ ਕੋਰਟ ਵਿਚ ਪੇਸ਼ ਕੀਤੀ ਜਾਂਦੀ ਹੈ। ਕੋਰਟ ਵਿਚ ਉਸ ਚਾਰਜਸ਼ੀਟ ‘ਤੇ ਬਹਿਸ ਹੁੰਦੀ ਹੈ ਅਤੇ ਇਸ ਤੋਂ ਬਾਅਦ ਚਾਰਜ ਫਰੇਮ ਹੁੰਦੇ ਹਨ। ਉਸ ਤੋਂ ਬਾਅਦ ਗਵਾਹੀਆਂ ਅਤੇ ਸਬੂਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਸ ਕੇਸ ਵਿਚ ਵੀ ਪਹਿਲਾਂ ਅਜਿਹਾ ਹੀ ਹੁੰਦਾ ਰਿਹਾ। ਪੁਲਿਸ ਨੇ ਇਨ੍ਹਾਂ ਤਿੰਨਾਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ। ਚਾਰਜ ਫਰੇਮ ਵੀ ਹੋ ਗਏ। ਗਵਾਹੀਆਂ ਦਾ ਸਿਲਸਿਲਾ ਚੱਲ ਰਿਹਾ ਸੀ। ਇਸੇ ਦਰਮਿਆਨ ਐਸ ਆਈ ਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਅਤੇ ਕਿਹਾ ਕਿ ਤਿੰਨੋਂ ਬੇਕਸੂਰ ਹਨ।
ਰਿਪੋਰਟ ਦੇਣ ਵਿਚ ਜਲਦਬਾਜ਼ੀ ਕਿਉਂ?
ਐਸਆਈਟੀ ਨੂੰ ਗਵਾਹੀਆਂ ਤੋਂ ਪਹਿਲਾਂ ਹੀ ਰਿਪੋਰਟ ਦੇਣ ਦੀ ਜ਼ਰੂਰਤ ਕਿਉਂ ਪਈ। ਅਸਲ ਵਿਚ ਇਨ੍ਹਾਂ ਵਿਅਕਤੀਆਂ ‘ਤੇ ਡਰੱਗਜ਼ ਦੇ ਹੋਰ ਵੀ ਕੇਸ ਹਨ। ਹੁਣ ਇੱਥੋਂ ਜਿੱਤ ਦਾ ਫਾਇਦਾ ਉਥੇ ਮਿਲ ਸਕਦਾ ਹੈ।
ਕੋਰਟ ‘ਚ ਚੱਲ ਰਹੀਆਂ ਸਨ ਗਵਾਹੀਆਂ ਕਿ ਐਸਆਈਟੀ ਨੇ ਆਖ ਦਿੱਤਾ ‘ਤਿੰਨੇ ਬੇਕਸੂਰ ਹਨ’
ਪੁਲਿਸ ਰਿਕਾਰਡ ਐਸਆਈਟੀ ਦੀ ਜਾਂਚ ਤੋਂ ਉਲਟ :ਪੁਲਿਸ ਰਿਕਾਰਡ ਦੇ ਅਨੁਸਾਰ ਜਗਦੀਸ਼ ਚਹਿਲ ਅਤੇ ਬਿੱਟੂ ਔਲਖ ਭੋਲੇ ਨੂੰ ਹੈਰੋਇਨ ਸਪਲਾਈ ਕਰਦੇ ਰਹੇ। ਪਰ ਐਸਆਈਟੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਉਲਟਾ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਖਿਲਾਫ ਕੋਈ ਸਬੂਤ ਹੀ ਨਹੀਂ ਹੈ।
ਪੂਰੇ ਸਬੂਤ ਸਨ : ਸਰਕਾਰੀ ਵਕੀਲ ਵਿਸ਼ਾਲ ਆਨੰਦ ਨੇ ਆਖਿਆ ਕਿ ਉਹਨਾਂ ਕੋਲ ਤਿੰਨਾਂ ਖਿਲਾਫ ਪੁਖਤਾ ਸਬੂਤ ਸਨ ਪਰ ਐਸਆਈਟੀ ਨੇ ਕੇਸ ਖਤਮ ਕਰਵਾ ਦਿੱਤਾ।
ਤਾਂ ਕੀ ਚਾਰਜਸ਼ੀਟ ਝੂਠੀ ਸੀ?
ਜੇਕਰ ਇਹ ਰਿਪੋਰਟ ਸਹੀ ਹੈ ਤਾਂ ਜੋ ਚਾਰਜਸ਼ੀਟ ਪਹਿਲਾਂ ਦਾਖਲ ਕੀਤੀ ਸੀ ਕੀ ਉਹ ਝੂਠੀ ਸੀ। ਜੇਕਰ ਸਬੂਤ ਨਹੀਂ ਸਨ ਤਾਂ ਚਾਰਜ ਫਰੇਮ ਕਿਸ ਤਰ੍ਹਾਂ ਹੋ ਗਏ।
ਕਾਲ ਡਿਟੇਲ ਤੱਕ ਨਹੀਂ ਇਕੱਠਾ ਕਰ ਸਕੀ ਐਸਆਈਟੀ
ਐਸਆਈਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਸ ਨੂੰ ਤਿੰਨਾਂ ਆਰੋਪੀਆਂ ਵਿਚ ਸਬੰਧ ਸਾਬਤ ਕਰਨ ਲਈ ਫੋਨ ਕਾਲ ਡਿਟੇਲ ਨਹੀਂ ਮਿਲੀ। ਇਸ ਗੱਲ ਨੂੰ ਵੀ ਉਹਨਾਂ ਦੀ ਬੇਗੁਨਾਹੀ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਕਾਲ ਡਿਟੇਲ ਨਾ ਮਿਲਣ ‘ਤੇ ਐਸਆਈਟੀ ਨੇ ਕੋਈ ਹੋਰ ਕੋਸ਼ਿਸ਼ ਵੀ ਨਹੀਂ ਕੀਤੀ।

Check Also

84 ਕਤਲੇਆਮ ਦੇ ਇਕ ਮਾਮਲੇ ‘ਚ ਦੋ ਵਿਅਕਤੀ ਦੋਸ਼ੀ ਕਰਾਰ

20 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ, ਮਨਜਿੰਦਰ ਸਿਰਸਾ ਨੇ ਦੋਸ਼ੀ ਦੇ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ …