Breaking News
Home / ਕੈਨੇਡਾ / ਮਹਾਨ ਆਜ਼ਾਦੀ ਘੁਲਾਟੀਏ ਸ. ਥੰਮਣ ਸਿੰਘ ਦੇ ਜੀਵਨ ਸੰਗਰਾਮ ਬਾਰੇ ਕਿਤਾਬ ਰਿਲੀਜ਼ ਸਮਾਗਮ

ਮਹਾਨ ਆਜ਼ਾਦੀ ਘੁਲਾਟੀਏ ਸ. ਥੰਮਣ ਸਿੰਘ ਦੇ ਜੀਵਨ ਸੰਗਰਾਮ ਬਾਰੇ ਕਿਤਾਬ ਰਿਲੀਜ਼ ਸਮਾਗਮ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲੇ ਮਹਾਨ ਸੁਤੰਤਰਾ ਸੰਗਰਾਮੀ ਸ. ਥੰਮਣ ਸਿੰਘ ਚੋਟੀਆਂ (ਮੋਗਾ) ਜੀ ਦੀ ਯਾਦ ਵਿਚ ਉੱਨ੍ਹਾ ਦੇ ਸੁਜਾਨ ਸਪੁੱਤਰ ਬਿੰਦੂ ਬਰਾੜ ਦੇ ਪਰਵਾਰ ਵੱਲੋਂ ਬੀਤੇ ਐਤਵਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ। ਅੰਮ੍ਰਿਤ ਵੇਲ਼ੇ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਤੇ ਅਰਦਾਸ ਪਿੱਛੋਂ ਢਾਡੀ ਵਾਰਾਂ ਗਾਈਆਂ ਗਈਆਂ। ਗੁਰਦੁਆਰਾ ਸਾਹਿਬ ਦੇ ਖਚਾ ਖਚ ਭਰੇ ਵਿਸ਼ਾਲ ਹਾਲ ਵਿਚ ਸ. ਥੰਮਣ ਸਿੰਘ ਦੇ ਜੀਵਨ ਸੰਗਰਾਮ ਬਾਰੇ ਵਿਦਵਾਨ ਬੀਬੀ ਸ਼ਵਿੰਦਰ ਕੌਰ ਦੁਆਰਾ ਲਿਖੀ ਕਿਤਾਬ ”ਜੀਵਨ ਗਾਥਾ ਸ. ਥੰਮਣ ਸਿੰਘ” ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਭਤੀਜੀ ਅਤੇ ਸ. ਕੁਲਤਾਰ ਸਿੰਘ ਦੀ ਪੁੱਤਰੀ ਬੀਬੀ ਇੰਦਰਜੀਤ ਕੌਰ ਅਤੇ ਕੈਨੇਡਾ ਦੇ ਸੰਸਦ ਮੈਬਰ ਸ੍ਰੀ ਗਗਨ ਸਕੰਦ ਦੁਆਰਾ ਰਲੀਜ਼ ਕੀਤੀ ਗਈ। ਉਪਰੰਤ ਵੱਖ-ਵੱਖ ਵਿਦਵਾਨ ਬੁਲਾਰਿਆਂ ਨੇ ਸ. ਥੰਮਣ ਸਿੰਘ ਦੀਆਂ ਆਜ਼ਾਦੀ ਪ੍ਰਾਪਤੀ ਲਈ ਕੀਤੀਆਂ ਕੁਰਬਾਨੀਆਂ ਨੂੰ ਸ਼ਿੱਦਤ ਨਾਲ਼ ਯਾਦ ਕੀਤਾ, ਉਨ੍ਹਾਂ ਦੇ ਜੋਸ਼ ਤੇ ਜਜ਼ਬੇ ਨੂੰ ਸਿਜਦਾ ਕੀਤਾ, ਪਵਿੱਤਰ ਸੋਚ ਨੂੰ ਪਿਆਰ, ਸਤਿਕਾਰ ਤੇ ਸ਼ਰਧਾ ਅਰਪਣ ਕੀਤੀ। ਕਿਵੇਂ ਉਨ੍ਹਾਂ ਜੁਆਨੀ ਦੇ ਕੀਮਤੀ ਸਾਲ ਅੰਗਰੇਜ਼ਾਂ ਦੀ ਨਰਕੀ ਜੇਹਲ਼ਾਂ ਵਿਚ ਬਿਤਾਏ। ਲਗਾਤਾਰ 25 ਸਾਲ ਪਰਵਾਰ ਤੋਂ ਟੁੱਟੇ ਰਹੇ। ਪਿੱਛੋਂ ਪਿੰਡ ਚੋਟੀਆਂ ਵਿਚ ਮਾਤਾ, ਪਿਤਾ, ਭਰਾ, ਭੈਣਾ ਇੱਕ ਕਰ ਕੇ ਸਦੀਵੀ ਵਿਛੋੜਾ ਦੇ ਕੇ ਚਲੇ ਗਏ, ਘਰ ਘਾਟ ਬੁਰੀ ਤਰ੍ਹਾਂ ਬਰਬਾਦ ਹੋਇਆ। ਪਰ ਇਹ ਸਿਦਕੀ ਸੂਰਮਾ ਅਜ਼ਾਦੀ ਲਈ ਨਿਰੰਤਰ ਝੂਜਦਾ ਰਿਹਾ। ਸੁਜਾਨ ਬੁਲਾਰਿਆਂ ਨੇ ਬੜੇ ਦੁੱਖ ਨਾਲ਼ ਆਖਿਆ ਕਿ ਸ. ਥੰਮਣ ਸਿੰਘ ਤੇ ਹੋਰ ਅਨੇਕਾਂ ਮਰਜੀਵੜਿਆਂ ਦੇ ਅਜ਼ਾਦ ਭਾਰਤ ਵਿਚ ਲਏ ਸੁਪਨੇ ਸਾਕਾਰ ਨਹੀਂ ਹੋਏ, ਨਾਂ ਇਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਇਆ ਗਿਆ, ਨਾਂ ਇਨ੍ਹਾਂ ਗੁੰਮਨਾਮ ਯੋਧਿਆਂ ਨੂੰ ਕਦੇ ਯਾਦ ਕੀਤਾ ਗਿਆ। ਗੋਰੇ ਚਲੇ ਗਏ ਹੁਣ ਇਨ੍ਹਾਂ ਕਾਲ਼ੇ ਹੁਕਮਰਾਨਾ ਦੇ ਲੱਛਣ ਵੀ ਗੋਰਿਆਂ ਤੋਂ ਘੱਟ ਨਹੀਂ। ਸੁਜਾਨ ਬੁਲਾਰੇ ਸਨ: ਬੀਬੀ ਇੰਦਰਜੀਤ ਕੌਰ, ਸੰਸਦ ਮੈਬਰ ਗਗਨ ਸਕੰਦ, ਸਾਬਕਾ ਸੰਸਦ ਮੈਬਰ ਗੁਰਬਖਸ਼ ਸਿੰਘ ਮੱਲ੍ਹੀ, ਪ੍ਰਸਿੱਧ ਪੱਤਰਕਾਰ ਸੱਤਪਾਲ ਜੌਹਲ, ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਕਵੀ ਮੱਖਣ ਸਿੰਘ ਬਰਾੜ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ ਅਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਰਣਜੀਤ ਸਿੰਘ ਦੂਲੇ। ਪ੍ਰਸਿੱਧ ਸਮਾਜ ਸੇਵੀ ਗੁਰਮੇਲ ਸਿੰਘ ਸਗੂ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ। ਅੰਤ ਬਿੰਦੂ ਬਰਾੜ ਨੇ ਵੱਡੀ ਗਿਣਤੀ ਵਿਚ ਪਹੁੰਚੇ ਸੁਘੜ ਸੁਜਾਨ ਪਤਵੰਤਿਆਂ ਦਾ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ”ਜੀਵਨ ਗਾਥਾ ਸ. ਥੰਮਣ ਸਿੰਘ” ਕਿਤਾਬ ਸਾਰੀ ਸੰਗਤ ਵਿਚ ਵੰਡੀ ਗਈ।

Check Also

ਕੈਨੇਡਾ ਵਾਸੀਆਂ ਦੀ ਸੁਰੱਖ਼ਿਆ ਨਾਲ ਖੇਡ ਰਹੇ ਹਨ ਕੰਸਰਵੇਟਿਵ : ਰੂਬੀ ਸਹੋਤਾ

ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ …