Breaking News
Home / ਨਜ਼ਰੀਆ / ‘ਰਾਸ਼ਟਰ ਭਗਤੀ’ ਤੋਂ ‘ਭਾਰਤ ਮਾਤਾ ਦੀ ਜੈ’ ਤੱਕ

‘ਰਾਸ਼ਟਰ ਭਗਤੀ’ ਤੋਂ ‘ਭਾਰਤ ਮਾਤਾ ਦੀ ਜੈ’ ਤੱਕ

ਮੱਖਣ ਕੁਹਾੜ
95013-65522
ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ, ਆਰ.ਐਸ.ਐਸ.ਦਾ ਲੁਕਵਾਂ ਅਜੰਡਾ ਬਾਹਰ ਆ ਗਿਆ ਹੈ। ਹੁਣ ਬੀ.ਜੇ.ਪੀ. ਇਸ ਨੂੰ ਲੁਕਵਾਂ ਰੱਖਣਾ ਵੀ ਨਹੀਂ ਚਾਹੁੰਦੀ। ਲੋਕ ਸਭਾ ‘ਚ ਆਪਣੀ ਜਿੱਤ ਦੀ ਖੁਮਾਰੀ ‘ਚ ਉਹ ਇਹ ਭੁੱਲ ਜਾਂਦੀ ਹੈ ਕਿ ਉਸਨੂੰ ਸਿਰਫ 31% ਵੋਟਰਾਂ ਨੇ ਹੀ ਸਮਰਥਨ ਦਿੱਤਾ ਹੈ ਜੋ ਇਕ ਤਿਹਾਈ ਤੋਂ ਵੀ ਘੱਟ ਹੈ। ਹੁਣ ਬੀ.ਜੇ.ਪੀ. ਦੀ ਮੋਦੀ ਸਰਕਾਰ ਉਹੀ ਕੁੱਝ ਕਰ ਰਹੀ ਹੈ ਜੋ ਉਸਦਾ ਆਕਾ ਬੁਨਿਆਦ ਪ੍ਰਸਤ ਫਿਰਕੂ ਸੰਗਠਨ ਰਾਸ਼ਟਰੀ ਸੈਵੰਮ ਸੇਵਕ ਸੰਘ (ਆਰ.ਐਸ.ਐਸ.) ਚਾਹੁੰਦਾ ਹੈ। ਆਰ.ਐਸ.ਐਸ.ਦੇ ਪੱਕੇ ਬੰਦੇ ਹੀ ਰਾਜ ਭਾਗ ਦੇ ਉਚ ਅਹੁਦਿਆਂ ਤੇ ਬਿਰਾਜਮਾਨ ਹਨ। ਦੇਸ਼ ਦਾ ਧਰਮ ਨਿਰਪੱਖ ਖਾਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਘੱਟ ਗਿਣਤੀਆਂ ਉਪਰ ਸਹਿਮ ਦੇ ਬੱਦਲਾਂ ਦਾ ਕੁਲਹਿਣਾ ਪਰਛਾਵਾਂ ਨਿੱਤ ਦਿਨ ਹੋਰ ਸੰਘਣਾ ਹੋਈ ਜਾ ਰਿਹਾ ਹੈ। ਆਰ.ਐਸ.ਐਸ. ਦੇ ਨਿਰਦੇਸ਼ਾਂ ਤੇ ਦੇਸ਼ ਵਿਚ ਕਈ ਸਾਧਣੀਆਂ, ਸਾਧ, ਮੰਤਰੀ, ਵਿਧਾਇਕ ਸਮੇਂ ਸਮੇਂ ਫਿਰਕੂ ਜ਼ਹਿਰ ਦੇ ਭਿੱਜੇ ਤੀਰ ਛੱਡ ਕੇ ਫਿਰਕੂ ਨਫ਼ਰਤ ਦੇ ਭਾਂਬੜ ਮਚਾਉਂਦੇ ਰਹਿੰਦੇ ਹਨ। ਉਹਨਾਂ ਦੇ ਇਹ ਨਾਪਾਕ ਇਰਾਦੇ ਆਪਣੇ ਫਿਰਕੂ ਫਸਾਦਾਂ ਦੇ ਮਕਸਦ ਵਿਚ ਸਫਲ ਵੀ ਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਸਭ ਕੁੱਝ ਪ੍ਰਤੀ ਸਾਜਸ਼ੀ ਚੁੱਪ ਧਾਰਨ ਕਰੀ ਬੈਠਾ ਹੈ।
ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਸਾਰੇ ਭਾਰਤ ਵਿਚ ਚਰਚਾ ਹੋ ਰਹੀ ਹੈ। ਬਿਨਾਂ ਸ਼ੱਕ ਇਸ ਨਾਲ ਮੋਦੀ ਸਰਕਾਰ ਦੀ ਭਰੋਸੇਯੋਗਤਾ ਹੋਰ ਸ਼ੱਕੀ ਹੋ ਗਈ ਹੈ। ਭਾਰਤ ਬਹੁਧਰਮੀ, ਬਹੁਕੌਮੀ, ਬਹੁਜਾਤੀ, ਬਹੁ ਵਿਚਾਰੀ, ਬਹੁ ਸਭਿਆਚਾਰੀ, ਬਹੁ ਭਾਸ਼ਾਈ, ਤੇ ਹੋਰ ਕਈ ਤਰ੍ਹਾਂ ਦੇ ਵੱਖਰੇਵਿਆਂ ਵਾਲਾ ਦੇਸ਼ ਹੈ। ਅਨੇਕਤਾ ਵਿਚ ਏਕਤਾ ਇਸਦੀ ਖੂਬੀ ਵੀ ਹੈ ਤੇ ਪਛਾਣ ਵੀ। ਇਹ ਦੇਸ਼ ਕੇਵਲ ਕਿਸੇ ਵੀ ਇਕ ਤਰ੍ਹਾਂ ਦੇ ਕੱਟੜਵਾਦੀਆਂ ਦਾ ਦੇਸ਼ ਨਹੀਂ ਹੈ। ਕੱਟੜ ਹਿੰਦੂ ਵਿਚਾਰਧਾਰਾ ਨੂੰ ਲਾਗੂ ਕਰਨ ਬਾਰੇ ਸੋਚਣਾ ਦੇਸ਼ ਨਾਲ ਧ੍ਰੋਹ ਕਰਨ ਦੇ ਤੁੱਲ ਹੈ। ਇਸ ਨਾਲ ਗੈਰ ਹਿੰਦੂ, ਧਰਮ ਨਿਰਪੱਖ ਤਰਕਸ਼ੀਲ, ਵਿਗਿਆਨਕ ਸੋਚਣੀ ਵਾਲੇ ਤਾਂ ਦੁੱਖੀ ਹੋਣਗੇ, ਨਰੋਈ ਸੋਚ ਵਾਲੇ ਹਿੰਦੂ ਵੀ ਇਸ ਵਰਤਾਰੇ ਤੋਂ ਬਦਜਨ ਹਨ। ਅਜਿਹਾ ਕਰਨ ਨਾਲ ਦੇਸ਼ ਨੂੰ ਇਕ ਨਹੀਂ ਰੱਖਿਆ ਜਾ ਸਕੇਗਾ। ਧੱਕੇ ਨਾਲ ਬਹੁਤਾ ਸਮਾਂ ਕਿਸੇ ਨੂੰ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ।
ਆਰ. ਐਸ.ਐਸ. ਆਪਣਾ ਹਿੰਦੂਤਵੀ ਵੀ ਅਜੰਡਾ ਪੂਰਾ ਕਰਨ ਲਈ ਬਹੁਤ ਕਾਹਲੀ ਹੈ। ਉਹ ਰਾਜ ਸੱਤਾ ਦੀ ਵਰਤੋਂ ਰਾਹੀਂ ਆਪਣੇ ਮੰਦਭਾਗੀ ਕੁਕਰਮਾਂ ਨੂੰ ਸਿਰੇ ਚੜਾਉਣ ਲਈ ਪੱਬਾਂ ਭਾਰ ਹੈ। ੳਹਨਾਂ ਦੀ ਸਾਜਿਸ਼ ਹੈ ਕਿ ਭਾਰਤ ਨੂੰ ਧਰਮ ਅਧਾਰਤ ਹਿੰਦੂ ਰਾਜ ਬਣਾ ਦਿੱਤਾ ਜਾਵੇ। ਉਹ ਆਪਣੇ ਸਾਰੇ ਉਹ ਅਜੰਡੇ ਅੱਗੇ ਵਧਾ ਰਹੀ ਹੈ ਜਿਸ ਨਾਲ ‘ਹਿੰਦੀ-ਹਿੰਦੂ-ਹਿੰਦੂਸਤਾਨ’ ਦਾ ਕੱਟੜ ਤੇ ਬੁਨਿਆਦ ਪ੍ਰਸਤ ਸੰਕਲਪ ਮੁਕੰਮਲ ਹੋ ਸਕੇ। ਚਾਹੇ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ। ਆਰ.ਐਸ.ਐਸ. ਮੰਨੂੰ ਸਮ੍ਰਿਤੀ ਦੇ ਸਾਰੇ ਨਿਯਮ ਤੇ ਕਾਇਦੇ ਕਾਨੂੰਨ ਲਾਗੂ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਪੁਸ਼ਟੀਹੀਨ ਮਿੱਥਿਹਾਸਕ ਕਥਾਵਾਂ ਨੂੰ ਸੱਤ ਪ੍ਰਤੀਸ਼ਤ ਇਤਿਹਾਸ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਰਾਮ ਮੰਦਰ ਅਯੁਧਿਆ ਦੀ ਢਾਹੀ ਮਸਜਿਦ ਉਪਰ ਹੀ ਉਸਾਰਨ ਲਈ ਬਜਿੱਦ ਹੈ। ਸਿਵਲ ਕੋਡ ਵੀ ਸਾਰੇ ਭਾਰਤ ਵਿਚ ਇਕਸਾਰ ਪਰ ਹਿੰਦੂ ਸੰਸਕ੍ਰਿਤੀ ਵਾਲਾ ਹੀ ਲਾਗੂ ਹੋਣਾ ਚਾਹੀਦਾ ਹੈ। ਜੋ ਹਿੰਦੂ ਗਰੰਥਾਂ ਮਹਾਂਭਾਰਤ, ਰਮਾਇਣ ਨੂੰ ਮਿਥਿਹਾਸ ਕਹੇ, ਜੋ ਵਿਗਿਆਨਕ ਦ੍ਰਿਸ਼ਟੀ ਕੋਣ ਰੱਖੇ, ਜਾਂ ਨਾਸਤਿਕ ਹੋਵੇ; ਜੋ ਹਿੰਦੂ ਧਰਮ ਤੇ ਸੰਸਕ੍ਰਿਤ ਨੂੰ ਨਾ ਮੰਨੇ, ਮੂਰਤੀ ਪੂਜਾ ਦਾ ਵਿਰੋਧੀ ਹੋਵੇ, ਜਿਹੜਾ ਹਿੰਦੂ ਧਰਮ ਦਾ ਹੋ ਕੇ ਵੀ ਦੂਸਰੇ ਧਰਮਾਂ ਵਿਚ ਧੀਆਂ ਪੁੱਤਾਂ ਦੀ ਸ਼ਾਦੀ ਰਚਾਵੇ, ਜੋ ਗਊ ਨੂੰ ‘ਮਾਂ’ ਨਾ ਸਮਝੇ ਜਾਂ ਉਸਦਾ ਮਾਸ ਖਾਵੇ ਆਦਿ ਆਰ.ਐਸ.ਐਸ ਦੀਆਂ ਨਜ਼ਰਾਂ’ਚ ਪਾਪੀ ਅਤੇ ਰਾਸ਼ਟਰ ਧਰੋਹੀ ਹਨ। ਏਸੇ ਹੀ ਨਜ਼ਰੀਏ ਤਹਿਤ ਭਾਰਤ ਨੂੰ ‘ਮਾਤਾ’ ਕਿਹਾ ਜਾਂਦਾ ਹੈ। ਹਾਲਾਂਕਿ ਭਾਰਤ ਸ਼ਬਦ ਪੁਲਿੰਗ ਹੈ ਇਸਤਰੀ ਲਿੰਗ ਨਹੀਂ। ਪ੍ਰੰਤੂ ਕਿਉਂਕਿ ‘ਮਾਤਾ’ ਸ਼ਬਦ ਨਾਲ ਹਿੰਦੂਤਵ ਦੇ ਵਿਚਾਰਾਂ ਦੀ ਤਰਜਮਾਨੀ ਹੁੰਦੀ ਹੈ, ਏਸ ਲਈ ਭਾਰਤ ਨੂੰ ਮਾਤਾ ਕਹਿਕੇ ‘ਭਾਰਤ ਮਾਤਾ ਦੀ ਜੈ’ ਦਾ ਨਾਹਰਾ ਲਗਾਉਣ ਲਈ ਹਰ ਭਾਰਤ ਵਾਸੀ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਅਕਸਰ ਅਸੀਂ ਭਾਰਤ ਦੇ ਨਕਸ਼ੇ ਤੇ ਇਕ ਦੇਵੀ ਦਾ ਚਿੱਤਰ ਵੇਖਦੇ ਹਾਂ ਜੋ ਚਾਰ ਹੱਥਾਂ, ਬਾਹਵਾਂ ਵਾਲੀ ਹੈ ਅਤੇ ਉਸਦੇ ਇਕ ਹੱਥ ਤਿਰੰਗਾ ਤੇ ਇਕ ਹੱਥ ਤ੍ਰਿਸ਼ੂਲ ਲਾਜ਼ਮੀ ਹੁੰਦੀ ਹੈ। ਤ੍ਰਿਸ਼ੂਲ ਦਾ ਸੰਕੇਤ ਵੀ ਹਿੰਦੂ ਧਰਮ ਨਾਲ  ਸਬੰਧਤ ਹੈ ਏਸ ਲਈ ਇਸ ਮਾਤਾ ਦੇ ਦੂਜੇ ਦੋ ਹੱਥਾਂ ਵਿਚ ਆਮ ਤੌਰ ‘ਤੇ ਇਕ ‘ਚ ਸੰਖ ਅਤੇ ਇਕ ਵਿਚ (ਭਾਜਪਾ ਦਾ ਚੋਣ ਨਿਸ਼ਾਨ) ਕਮਲ ਦਾ ਫੁੱਲ ਹੁੰਦਾ ਹੈ। ਹੁਣ ਆਰ.ਐਸ. ਐਸ. ਤੇ ਉਸਦੀ ਨਿਰਦੇਸ਼ਤ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਸਾਰਾ ਜ਼ੋਰ ਏਸ ਗੱਲ ‘ਤੇ ਲਾ ਰਹੀ ਹੈ ਕਿ ਜੇ ਤੁਸੀਂ ਭਾਰਤੀ ਹੋ, ਸੱਚ ਮੁੱਚ ਹੀ ਭਾਰਤ ਦੇਸ਼ ਦਾ ਭਲਾ ਚਾਹੁੰਦੇ ਹੋ ਤਾਂ ਤੁਹਾਨੂੰ ‘ਭਾਰਤ ਮਾਤਾ ਦੀ ਜੈ’ ਕਹਿਣਾ ਹੀ ਪਵੇਗਾ। ਇਹ ਦੂਜੇ ਧਰਮਾਂ ਦੇ ਅਨੁਆਈਆਂ ਨੂੰ ਅਤੇ ਦੇਵੀ-ਦੇਵਤਿਆਂ ਨੂੰ ਨਾ ਮੰਨਣ ਵਾਲਿਆਂ ਨੂੰ ਹਿੰਦੂਤਵ ਦੀ ਲੱਤ ਹੇਠੋਂ ਲੰਘਾਉਣ ਦੀ ਕਾਰਵਾਈ ਮਾਤਰ ਹੀ  ਨਹੀਂ ਹੈ ਬਲਕਿ ਸਦੀਵੀਂ ਫਿਰਕੂ ਵੰਡ ਦੀ ਸਾਜਿਸ਼ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਬਹੁਤ ਸਾਰੇ ਹਿੰਦੂ ਜੋ ਤਰਕਸ਼ੀਲ ਸੋਚ ਰੱਖਦੇ ਹਨ ਜਾਂ ਮੁਸਲਿਮ ਸਿੱਖ ਤੇ ਇਸਾਈ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦੇ ਉਹ ਦੇਵੀ ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ। ਉਹ ਕਿਸੇ ਤਰ੍ਹਾਂ ਵੀ ਐਸਾ ਨਾਹਰਾ ਨਹੀਂ ਲਾਉਣਗੇ ਜਿਸ ‘ਚੋਂ ਹਿੰਦੂਤਵ ਦੀ ਤੰਗ ਨਜ਼ਰੀ ਦੀ ਝਲਕ ਪੈਂਦੀ ਹੋਵੇ। ਭਾਵੇਂ ਇਹ ਨਾਹਰਾ ਅਚੇਤ ਰੂਪ ਵਿਚ ਆਜ਼ਾਦੀ ਵੇਲੇ ਤੇ ਪਾਕਿਸਤਾਨ ਨਾਲ ਜੰਗਾਂ ਵੇਲੇ ਬਹੁਤ ਲੋਕੀਂ ਵਰਤਦੇ ਰਹੇ ਹੋਣ, ਪ੍ਰੰਤੂ ਅੱਜ ਸੁਚੇਤ ਤੌਰ ‘ਤੇ ਮਜ਼ਬੂਰੀ ਵੱਸ ਐਸਾ ਨਾਹਰਾ ਕਿਉਂ ਲਾਉਣ ਜਿਸ ਦੇ ਲਾਉਣ ਨਾਲ ਉਹਨਾਂ ਨੂੰ ਕੱਟੜ ਧਾਰਮਕ ਸੋਚ ਵਾਲਿਆਂ ਦੀ ਧੌਂਸ ਮੰਨਣੀ ਪਵੇ, ਹਾਰ, ਹੇਠੀ ਤੇ ਨਮੋਸ਼ੀ ਦਾ ਅਹਿਸਾਸ ਹੋਵੇ; ਉਹ ਕਦਾਚਿੱਤ ਨਹੀਂ ਲਾਉਣਗੇ। ਉਂਝ ਉਹ ਸੱਚੇ ਸੁੱਚੇ ਭਾਰਤੀ ਅਤੇ ਦੇਸ਼ ਭਗਤ ਹਨ।
ਸਵਾਲਾਂ ਦਾ ਸਵਾਲ ਅੱਜ ਇਹ ਹੈ ਕਿ ਦੇਸ਼ ਭਗਤੀ ਪ੍ਰਗਟਾਉਣ ਲਈ ‘ਭਾਰਤ ਮਾਤਾ ਦੀ ਜੈ’ ਹੀ ਕਿਉਂ। ਕੀ ‘ਭਾਰਤ ਦੇਸ਼ ਦੀ ਜੈ, ”ਜੈ ਭਾਰਤ”, ਜੈ ਹਿੰਦ (ਜੋ ਪਹਿਲਾਂ ਹੀ ਪ੍ਰਚੱਲਤ ਹੈ) ”ਜੈ ਹਿੰਦੂਸਤਾਨ” ਆਦਿ ਨਾਲ ਨਹੀਂ ਸਰਦਾ। ਜੇ ਨਹੀਂ ਸਰਦਾ ਤਾਂ ਕਿਉਂ?ਉਂਝ ਇਹੀ ਸੋਚਣ ਵਾਲੀ ਗੱਲ ਹੈ ਕਿ ਇਹ ਸੋਚ ਹੁਣ ਹੀ ਕਿਉਂ ਪ੍ਰਬਲ ਹੋਈ ਹੈ? ਅਤੇ ਇਹ ਵੀ ਕਿ ਜੇਕਰ ਕੋਈ ‘ਭਾਰਤ ਮਾਤਾ ਦੀ ਜੈ’ ਬੋਲ ਦਿੰਦਾ ਹੈ ਤਾਂ ਕੀ ਉਹ ਬਹੁਤ ‘ਦੇਸ਼ ਪ੍ਰੇਮੀ’ ਹੋ ਜਾਂਦਾ ਹੈ। ਫੇਰ ਤਾਂ ਸਾਰੇ ਦੇਸ਼ ਧਰੋਹੀਆਂ ਲਈ ਇਹ ਸੌਖਾ ਹੋ ਜਾਵੇਗਾ ਕਿ ਉਹ ਇਹ ਨਾਹਰਾ ਲਾ ਕੇ ਦੇਸ਼ ਭਗਤੀ ਦਾ ਸਰਟੀਫਿਕੇਟ ਹਾਸਿਲ ਕਰ ਲਿਆ ਕਰਨ। ਹਿੰਦੂ ਕੱਟੜਵਾਦੀ ਬੁਨਿਆਦ ਪ੍ਰਸਤਾਂ ਵਲੋਂ ਪਹਲਿਾਂ ਹੀ ਲਵ-ਜੇਹਾਦ, ਗਊ ਮਾਸ, ਰਾਮਜ਼ਾਦੇ ਹਰਾਮ-ਜਾਦੇ ਆਦਿ ਨਾਲ ਪਾਟਕ ਪਾਉਣ ਦੇ ਯਤਨ ਹੋਏ ਹਨ। ਹੁਣ ਇਹ ਨਵਾਂ ਹੁਕਮ ਜਾਰੀ ਹੋਇਆ ਹੈ ਕਿ ਜੋ ਗਊ ਨੂੰ ਮਾਤਾ ਨਹੀਂ ਮੰਨਦਾ ਉਹ ਦੇਸ਼ ਛੱਡ ਜਾਵੇ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਨਾਸਿਕ ਵਿਚ ਬੋਲਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ‘ਜੋ ਭਾਰਤ ਮਾਤਾ ਦੀ ਜੈ’ ਨਹੀਂ ਬੋਲਦਾ ਉਸਨੂੰ ਭਾਰਤ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦੇਸ਼ ‘ਚ ਰਹਿਣ ਵਾਲੇ ਹਰ ਕਿਸੇ ਨੂੰ ਭਾਰਤ ਮਾਤਾ ਦੀ ਜੈ ਲਾਜ਼ਮੀ ਕਹਿਣਾ ਹੀ ਪਵੇਗਾ।’ ਉਹਨਾਂ ਨੇ ਚੈਲੰਜ ਕਰਦਿਆਂ ਇਹ ਕਿਹਾ ਕਿ ਇਸ ਦੇਸ਼ ਵਿਚ ਕਿਸ ਦੀ ਜ਼ੂਰਅੱਤ ਹੈ ਕਿ ਉਹ ‘ਭਾਰਤ ਮਾਤਾ ਦੀ ਜੈ’ ਨਾ ਬੋਲੇ। ਮਹਾਰਾਸ਼ਟਰਾ ਅਸੈਂਬਲੀ ਵਿਚੋਂ ਇਕ ਵਿਧਾਇਕ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿ ਉਸਨੇ ਇਹ ਨਾਹਰਾ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਕਾਰਵਾਈ ਦੀ ਇਜ਼ਾਜਤ ਨਾ ਤਾਂ ਭਾਰਤ ਦਾ ਸੰਵਿਧਾਨ ਹੀ ਦਿੰਦਾ ਹੈ ਤੇ ਨਾ ਹੀ ਤਾਜੀ ਅਜਿਹੀ ਰਾਤੇ ਹਿੰਦ ਦੀ ਕੋਈ ਧਾਰਾ ਜਾਂ ਅਸੈਂਬਲੀ ਚਲਾਉਣ ਲਈ ਬਣਿਆ ਕੋਈ ਵੀ ਕਾਇਦਾ ਕਾਨੂੰਨ। ਸਪੀਕਰ ਵੀ ਨਾਹਰਾ ਨਾ ਲਾਉਣ ਦੇ ਦੋਸ਼ ਵਿਚ ਵਿਧਾਇਕ ਨੂੰ ਮੁਅੱਤਲ ਨਹੀਂ ਕਰ ਸਕਦਾ। ਪਰ ਫਿਰ ਵੀ ਇਹ ਸਾਰਾ ਕੁੱਝ ਹੋ ਗਿਆ। ਕੀ ਅਸਲ ਦੇਸ਼ ਧ੍ਰੋਹੀ ਫੜਨਵੀਸ ਜੀ ਨਹੀਂ ਹਨ ਜੋ ਮੁੱਖ ਮੰਤਰੀ ਹੁੰਦੇ ਹੋਏ ਵੀ ਸੰਵਿਧਾਨ ਦੀਆਂ ਮੂਲ ਧਾਰਾਵਾਂ ਦੇ ਉਲਟ ਕੰਮ ਕਰ ਰਹੇ ਹਨ? ਦਰ ਅਸਲ ਦੇਸ਼ ਤੇਜੀ ਨਾਲ ਫਾਸ਼ੀਵਾਦ ਦੀ ਸਿਆਸਤ ਦੀ ਜਕੜ ਵਿਚ ਧੱਸਦਾ ਜਾ ਰਿਹਾ ਹੈ। ਕੋਈ ਕਾਇਦਾ ਕਾਨੂੰਨ ਨਹੀਂ ਹੈ। ਕਾਇਦਾ ਕਾਨੂੰਨ ਇਹੀ ਹੈ ਜੋ ਨਾਗਪੁਰ ਤੋਂ ਪ੍ਰਵਾਨ ਹੋ ਕੇ ਆਵੇ। ਨਾਗਪੁਰੀ ਸੰਘੀ ਫੁਰਮਾਨ ਕਾਨੂੰਨ ਵਾਂਗ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਵਤੀਰਾ ਫੜਨਵੀਸ ਤੀਕਰ ਹੀ ਸੀਮਤ ਨਹੀਂ ਹੈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਅਤੇ ਮੋਦੀ ਸਰਕਾਰ ਦਾ ਖਾਸ ਚਹੇਤਾ ‘ਬਾਬਾ ਰਾਮਦੇਵ’ ਵੀ ਇਸੇ ਸੋਚ ਦੇ ਧਾਰਨੀ ਹਨ। ਬਾਬਾ ਰਾਮ ਦੇਵ ਨੇ ਹਰਿਆਣੇ ਦੇ ਸ਼ਹਿਰ ਰੋਹਤਕ ਦੀ ਅਨਾਜ ਮੰਡੀ ਵਿਚ ਇਕ ਸੂਬਾ ਪੱਧਰੀ ‘ਸਦਭਾਵਨਾ ਰੈਲੀ’ ਦੌਰਾਨ ਕਿਹਾ ਹੈ ‘ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਨਹੀਂ ਤਦਾਂ ਅਣਗਿਣਦਤ ਸਿਰ ਧੜਾਂ ਤੋਂ ਵੱਖ ਕਰ ਦਿੰਦੇ। ਰਾਮ ਦੇਵ ਨੇ ਬਿਨਾਂ ਨਾ ਲਏ ਇਹ ਗੱਲ ਐਮ.ਆਈ.ਐਮ.ਆਗੂ ‘ੳਵੈਸੀ’ ਦੇ ਉਸ ਬਿਆਨ ਦੇ ਪ੍ਰਤੀਕਰਮ ਵਿਚ ਕਹੀ ਜਿਸਨੇ ਕਿਹਾ ਹੈ ਕਿ ਮੇਰੀ ਗਰਦਨ ਤੇ ਕੋਈ ਚਾਕੂ ਰੱਖ ਕੇ ਵੀ ਕਹੇ ਕਿ ਭਾਰਤ ਮਾਤਾ ਦੀ ਜੈ ਕਹੋ, ਮੈਂ ਫਿਰ ਵੀ ਅਜਿਹਾ ਨਹੀਂ ਬੋਲਾਂਗਾ। ਚੇਤੇ ਰਹੇ ਕਿ ਇਹ ਰੋਹਤਕ ਸਦਭਾਵਨਾ ਰੈਲੀ ਜਾਟ ਅੰਦੋਲਨ ਦੌਰਾਨ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਸੱਦੀ ਗਈ ਸੀ।
ਹਿੰਦੂਤਵ ਦੇ ਏਸੇ ਅਜੰਡੇ ਨੂੰ ਅੱਗ ਵਧਾਉਂਦਿਆਂ ਆਰ.ਐਸ.ਐਸ. ਦੇ ਆਗੂ ‘ਭੈਆ ਜੀ ਜੋਸ਼ੀ ਨੇ ਤਾਂ ਸੰਘ ਦੇ ਉਦੇਸ਼ ਨੂੰ ਹੋਰ ਵੀ ਸਪੱਸ਼ਟ ਕੀਤਾ ਹੈ। ਉਹਨਾਂ ਕਿਹਾ ਕਿ ਫਿਲਹਾਲ ਭਾਵੇਂ ਸੰਵਿਧਾਨ ਮੁਤਾਬਕ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਤੇ ਰਾਸ਼ਟਰੀ ਗੀਤ ਜਨ ਗਨ ਮਨ ਹੀ ਹੈ। ਪਰ ਜੇ ਕੋਈ ਪੁੱਛੇ ਤਾਂ ਅਸਲ ਅਰਥਾਂ ‘ਚ ਤਾਂ ਵੰਦੇਮਾਤਰਮ ਹੀ ਸਾਡਾ ਰਾਸ਼ਟਰੀ ਗੀਤ ਅਤੇ ਭਗਵਾਂ ਝੰਡਾ ਸਾਡਾ ਕੌਮੀ ਝੰਡਾ ਹੈ। ਸਪੱਸ਼ਟ ਹੈ ਕਿ ਜੇ ਭਾਜਪਾ ਨੂੰ ਰਾਜ ਸਭਾ ਵਿਚ ਵੀ ਬਹੁਮਤ ਹਾਸਲ ਹੋ ਜਾਵੇ ਤਾਂ ਉਹ ਕੌਮੀ ਨਾਹਰਾ ‘ਭਾਰਤ ਮਾਤਾ ਦੀ ਜੈ’, ਕੌਮੀ ਝੰਡਾ ‘ਭਗਵਾਂ’ ਅਤੇ ਕੌਮੀ ਗੀਤ ‘ਵੰਦੇ ਮਾਤਰਮ’ ਪਾਸ ਕਰ ਦੇਣ। ਉਹ ਸੰਵਿਧਾਨ ਦੀ ਪ੍ਰਸਤਾਵਨਾ ਵਿਚੋਂ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਸ਼ਬਦ ਵੀ ਉਡਾ ਦੇਣਗੇ। ਜੋ ਦਰ ਹਕੀਕਤ ਹੁਣ ਵੀ ਉਨਾਂ ਲਈ ਬੇਅਰਥ ਹਨ। ਜੇ ਤਿੰਨ ਚੌਥਾਈ ਰਾਜਾਂ ਵਿਚ ਵੀ ਭਾਜਪਾ ਜਾਂ ਐਨ.ਡੀ.ਏ. ਸਰਕਾਰਾਂ ਬਣ ਗਈਆਂ ਤਾਂ ਸੰਵਿਧਾਨ ਵਿਚ ਸੋਧ ਕਰਕੇ ਭਾਰਤ ਨੂੰ ‘ਹਿੰਦੂ ਗਣਰਾਜ’ ਕਰਾਰ ਦੇਣ ਲੱਗਿਆਂ ਉਕਾ ਹੀ ਦੇਰ ਨਹੀਂ ਲੱਗੇਗੀ। ਇਹੀ ਨਿਸ਼ਾਨਾ ਹੈ ਸੰਘ ਪਰਿਵਾਰ ਦਾ। ਫਿਰ ਜੋ ਵੀ ਚੀਂ ਪੈਂ ਕਰੇਗਾ, ਨਾਜ਼ੀ ਹਿਟਲਰ ਵਾਂਗ ਉਸ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਗਾ। ਅਜੇ ਤਾਂ ਉਡੀਕੋ ਤੇ ਵੇਖੋ ਵਾਲੀ ਨੀਤੀ ਤੇ ਚੱਲ ਰਹੀ ਹੈ ਸੰਘ ਦੀ ਮੋਦੀ ਸਰਕਾਰ। ਤਾਂ ਇਹ ਹਾਲ ਹੈ ਵਰਨਾ ਜੇ ਰਾਜ ਸਭਾ ਵਿਚ ਵੀ ਬਹੁਮਤ ਮਿਲ ਜਾਵੇ ਤਾਂ ਪਤਾ ਨਹੀਂ ਭਾਰਤ ਦਾ ਕੀ ਬਣੇਗਾ?
ਦੇਸ਼ ਭਗਤੀ ਦਾ ਵਿਚਾਰ ਭਾਰਤ ਸਰਕਾਰ ਲਈ ਏਸ ਕਰਕੇ ਵੀ ਅਹਿਮ ਬਣ ਗਿਆ ਹੈ ਕਿ ਗਰੀਬ ਵਰਗ ਬਹੁਤ ਦੁਖੀ ਹੈ। ਸਾਰੀਆਂ ਸੁੱਖ ਸਹੂਲਤਾਂ ਉਪਰਲੇ ਪੰਜ ਪ੍ਰਤੀਸ਼ਤ ਲੋਕਾਂ ਕੋਲ ਹਨ। ਹੇਠਲੇ 60 ਪ੍ਰਤੀਸ਼ਤ ਲੋਕ ਬਹੁਤ ਦੁਖੀ ਜੀਵਨ ਬਤੀਤ ਕਰ ਰਹੇ ਹਨ। ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਜੋ ਕੇਵਲ 20 ਰੁਪਏ ਦਿਹਾੜੀ ਕਮਾਉਂਦੇ ਹਨ, ਜੋ ਸੜਕਾਂ ਕਿਨਾਰੇ ਪੀੜ੍ਹੀ ਦਰ ਪੀੜ੍ਹੀ ਜੀਵਨ ਜੀਅ ਰਹੇ ਹਨ, ਉਹ ਲੋਕ ਜੋ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੇ ਹਨ; ‘ਭਾਰਤ ਦਾ ਪੇਟ ਪਾਲਣ ਵਾਲਾ ਅੰਨ ਦਾਤਾ’  ਅਖਵਾਉਂਦਾ ਕਿਸਾਨ ਦੁੱਖਾਂ ਤਕਲੀਫਾਂ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿਚ ਆਤਮ ਹੱਤਿਆ ਕਰ ਰਿਹਾ ਹੈ। ਮੱਧ ਸ਼੍ਰੇਣੀ ਦੁਖੀ ਹੈ। ਬੇਰੋਜ਼ਗਾਰੀ ਅਤੇ ਨਸ਼ਿਆਂ ਦਾ ਦੈਂਤ ਜਵਾਨੀ ਨੂੰ ਗਾਲੀ ਜਾ ਰਿਹਾ ਹੈ। ਮੱਧ ਸ਼੍ਰੇਣੀ ਦੇ ਨੌਜਵਾਨ ਮਹਿੰਗੀਆਂ ਉਚੀਆਂ ਪੜ੍ਹਾਈਆਂ ਕਰਕੇ ਵਿਹਲੇ ਫਿਰ ਰਹੇ ਹਨ। ਉਹ ਰੋਜ਼ਗਾਰ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ‘ਚ ਸ਼ਾਮਲ ਕਰਾਉਣ ਤੇ – ਕੰਮ ਦਿਓ ਕੋਈ ਕਿੱਤਾ ਦਿਓ, ਜਾਂ ਬੇਰੋਜ਼ਗਾਰੀ ਭੱਤਾ ਦਿਓ – ਦੇ ਨਾਹਰੇ ਲਾਉਂਦੇ ਲਾਮਬੰਦ ਹੁੰਦੇ ਹਨ, ਪਰ ਸਰਕਾਰ ਉਹਨਾਂ ‘ਤੇ ਡਾਂਗਾ, ਗੋਲੀਆਂ ਵਰ੍ਹਾਉਂਦੀ ਹੈ। ਇਕ ਪਾਸੇ ਸਰਕਾਰ ਏਕੇ ਦਾ ਸੁਨੇਹਾ ਦਿੰਦੀ ਨਹੀਂ ਥੱਕਦੀ ਜੇ ਏਕਾ ਕਰੋ ਤਾਂ ਡਾਂਗਾਂ ਗੋਲੀਆਂ। ਜਿਨ੍ਹਾਂ ਲੋਕਾਂ ਕੋਲ ਲੋੜੀਂਦੇ ਵਸੀਲੇ ਹਨ, ਉਹ ਦੇਸ਼ ਛੱਡ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਅਰਬ ਮੁਲਕਾਂ ਨੂੰ ਦੌੜ ਜਾਂਦੇ ਹਨ। ਜਿਹੜੇ ਫੌਜੀ ਸਾਰੀ ਉਮਰ ਜਵਾਨੀ ਦਾ ਮੁੱਖ ਭਾਗ ਰੋਜ਼ਗਾਰ ਲਈ ਦੇਸ਼ ਦੇ ਲੇਖੇ ਲਾ ਦਿੰਦੇ ਹਨ, ਜਾਨ ਹੂਲ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ। ਸੀਮਾ ਚਿੰਨ ਦੀਆਂ ਬਰਫਾਂ ‘ਚ ਬਰਫ ਬਣਦੇ ਹਨ, ਪਰ ਜਦ ਸੇਵਾ ਮੁਕਤ ਹੋ ਜਾਂਦੇ ਹਨ ਨਗੂਣੀ ਪੈਨਸ਼ਨ ਨਾਲ ਪਰਿਵਾਰ ਪਾਲਣੇ ਮੁਸ਼ਕਿਲ ਹੋ ਜਾਂਦੇ ਹਨ। ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇਸ਼ ਵਿਚ ਡਾਕਟਰ, ਇੰਜੀਨੀਅਰ, ਪ੍ਰੋਫੈਸਰੀ, ਅਧਿਆਪਕ, ਨਰਸਾਂ, ਕਲਰਕੀ, ਦਰਜਾ ਚਾਰ ਆਦਿ ਨਿਗੂਣੀ ਤਨਖਾਹ ਤੇ ਠੇਕਾ ਅਧੀਨ ਜਾਂ ਕੱਚੇ ਭਰਤੀ ਕੀਤੇ ਜਾ ਰਹੇ ਹਨ। ਫੌਜ ਦੀ ਭਰਤੀ ਲਈ 100 ਅਸਾਮੀਆਂ ਲਈ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਪੁੱਜਦੇ ਹਨ। ਉਹਨਾਂ ਲਈ ਪਹਿਲੇ ਨੰਬਰ ਤੇ ਰੋਜ਼ਗਾਰ ਹੈ, ਦੇਸ਼ ਭਗਤੀ ਦੂਜੇ ਨੰਬਰ ‘ਤੇ ਹੁੰਦੀ ਹੈ। ਭਰਤੀ ਹੋਣ ਗਏ ਇਕ ਲੱਖ ‘ਚੋਂ ਜੇ ਇਕ ਹਜ਼ਾਰ ਭਰਤੀ ਹੋ ਵੀ ਗਿਆ ਬਾਕੀ ਨੜੇਨਵੇਂ  ਹਜ਼ਾਰ ਜਦ ਨਿਰਾਸ਼ਤਾ ਦੀ ਡੂੰਘੀ ਖਾਈ ਵਿਚ ਡਿੱਗਦੇ ਹਨ ਕਿਵੇਂ ਦੇਸ਼ਭਗਤੀ ਕਰਨਗੇ? ਦੇਸ਼ ਵਿਚ ਅੰਧ ਵਿਸ਼ਵਾਸ ਚਰਮ ਸੀਮਾ ‘ਤੇ ਹੈ ਅਤੇ ਮੌਜੂਦਾ ਸਰਕਾਰ ਏਸ ਹਨੇਰ ਬਿਰਤੀਵਾਦ ਵਿਚ ਸਗੋਂ ਹੋਰ ਵਾਧਾ ਕਰ ਰਹੀ ਹੈ। ਬੇਇਨਸਾਫੀ ਪੈਰ ਪੈਰ ‘ਤੇ ਹੈ। ਰਿਸ਼ਵਤਖੋਰੀ, ਚੋਰ ਬਜਾਰੀ, ਪੁਲਸ ਜਬਰ, ਆਰਥਕ ਨਾਬਰਾਬਰੀ ਅਤੇ ਜਾਤਪਾਤੀ ਵਿਤਕਰਾ ਹੈ। ਰਾਜਤੰਤਰ ਦੇ ਥੰਮ, ਵਿਧਾਇਕਾਂ, ਮੰਤਰੀਆਂ ਵਲੋਂ ਹੀ ਧੱਕੇਸ਼ਾਹੀਆਂ ਕੀਤੀਆਂ ਜਾਂਦੀਆਂ ਹਨ, ਤਦ ਦੇਸ਼ ਭਗਤੀ ਕਿਵੇਂ ਰਹੇਗੀ? ਜਿਸ ਦੇਸ਼ ਦੇ ਉਚ ਵਰਗ ਦੇ ਘਰਾਣਿਆਂ ਦੇ ਲੱਖਾਂ ਕਰੋੜਾਂ ਰੁਪਏ ਕਰਜੇ ਭਾਰਤੀ ਬੈਂਕਾਂ ਮੁਆਫ ਕਰ ਰਹੀਆਂ ਹਨ ਤੇ ਉਹਨਾਂ ਦੇ ਨਾਮ ਵੀ ਜਗ ਜਾਹਰ ਨਹੀਂ ਕਰ ਰਹੀਆਂ, ਉਸ ਭਾਰਤ ਦੇਸ਼ ਜਿਸ ਦੇ ਉਚ ਪੰਜ ਪ੍ਰਤੀਸ਼ਤ ਵਰਗ ਨੂੰ ਸਰਕਾਰੀ ਅਦਾਰੇ ਤੇ ਹੋਰ ਜਾਇਦਾਦਾਂ ਕੌਡੀਆਂ ਦੇ  ਭਾਅ ਭਾਰਤ ਸਰਕਾਰ ਖੁਦ ਵੇਚ ਰਹੀ ਹੈ, ਜਿੱਥੇ ਇਕ ਪਾਸੇ ਲੁੱਟ ਖਸੁੱਟ ਹੋਵੇ, ਅਧਿਓ ਵੱਧ ਲੋਕ ਦੁਖੀ ਤੇ ਨਰਕ ਭਰੀ ਜਿੰਦਗੀ ਜੀਅ ਰਹੇ ਹੋਣ, ਜਿਨ੍ਹਾਂ ਨੂੰ ਪੀਣ ਲਈ ਸਾਫ ਪਾਣੀ ਨਾ ਮਿਲੇ, ਜਿਥੇ ਮਾਮੂਲੀ ਇਲਾਜ ਖੁਣੋ ਗਰੀਬ ਦਮ ਤੋੜੀ ਜਾਣ, ਜਿੱਥੇ ਔਰਤਾਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਵੇ, ਜਿੱਥੇ ਹਰ ਪਲ ਬਾਅਦ ਬਲਾਤਕਾਰ, ਕਤਲ, ਲੁੱਟ ਖੋਹ, ਡਾਕਿਆਂ, ਧੱਕਿਆਂ ਦੀਆਂ ਵਾਰਦਾਤਾਂ ਹੁੰਦੀਆਂ ਹੋਣ, ਉਸ ਦੇਸ਼ ਦੀ ਪ੍ਰੇਮ ਭਗਤੀ ਕੋਈ ਕਿਵੇਂ ਕਰਨਗੇ? ਭਾਰਤ ‘ਮਾਤਾ ਦੀ ਜੈ ਦੀ ਜਿੱਦ ਸੰਘ ਪਰਿਵਾਰ ਨੂੰ ਛੱਡ ਦੇਣੀ ਚਾਹੀਦੀ ਹੈ। ਜਿਸ ਨੂੰ ਦੇਸ਼ ਨਾਲ ਪ੍ਰੇਮ ਹੈ ਉਹ ਦੇਸ਼ ਲਈ ਖੁਦ ਹੀ ਮਰ ਮਿਟਣ ਲਈ ਤਿਆਰ ਹੋਵੇਗਾ। ਨਫਰਤ ਦੇ ਬੀਜ ਬਜੀਣੇ ਸਿੰਜਣੇ ਬੰਦ ਹੋਣੇ ਚਾਹੀਦੇ ਹਨ। ਧੌਣ ‘ਤੇ ਤਲਵਾਰ ਰੱਖਕੇ ‘ਭਾਰਤ ਮਾਤਾ ਦੀ ਜੈ’ ਅਖਵਾਉਣਾ ਦੇਸ਼ ਭਗਤੀ ਨਹੀਂ ਹੈ।

Check Also

ਪੁਸਤਕ ਦਾ ਨਾਮ: ਯਾਦਾਂ ਵਾਘਿਓਂ ਪਾਰ ਦੀਆਂ (ਸਫਰਨਾਮਾ)

ਪੁਸਤਕ ਰਿਵਿਊ ਜੀਵਨ ਦਾ ਸਿੱਧ ਪੱਧਰਾ ਸੱਚ ‘ਯਾਦਾਂ ਵਾਘਿਓਂ ਪਾਰ ਦੀਆਂ’ (ਸਫਰਨਾਮਾ) ਰਿਵਿਊ ਕਰਤਾ ਡਾ. …