Breaking News
Home / ਰੈਗੂਲਰ ਕਾਲਮ / ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ!

ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਲੰਘੇ ਸਾਲ ਚੰਡੀਗੜੋਂ ਇੱਕ ਰਿਪੋਰਟ ਸੀ ਕਿ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਦਰਜਾ ਚਾਰ (ਸੇਵਾਦਾਰ ਦੀ ਸਭ ਤੋਂ ਹੇਠਲੀ ਅਸਾਮੀ) ਦੀ ਨੌਕਰੀ ਲਈ ਪੰਜਾਬ ਦੇ ਮੁੰਡੇ-ਕੁੜੀਆਂ ਲਿਲ੍ਹਕੜੀਆਂ ਕੱਢਦੇ ਫਿਰ ਰਹੇ ਹਨ। ਇਹ ਸੱਚ ਹੈ ਕਿ ਜਿਹੜੇ ਇਸ ਵਕਤ ਸਟੱਡੀ ਵੀਜ਼ਿਆਂ ਉਤੇ ਬਦੇਸ਼ਾਂ ਵਿਚ ਪੁੱਜ ਚੁੱਕ ਹਨ, ਉਹ ਸੱਚਮੁਚ ਆਪਣੇ ਆਪ ਨੂੰ ‘ਭਾਗਾਂ ਵਾਲੇ’ ਸਮਝਣ ਤੇ ਗੋਰਿਆਂ ਦੇ ਮੁਲਕ ਵਿਚ ਇਹ ਗੁਣ-ਗਣਾਉਣ ਕਿ ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ। ਅਰੇ ਭਾਈ, ਕੌਣ ਜਾਣੇ ਤੇਰੇ ਮਨ ਕੀ ਬਾਤ!ਸੋ, ਛਪੀ ਉਸ ਰਿਪੋਰਟ ਨੂੰ ਪੜ੍ਹ ਕੇ ਹਰ ਸੰਵੇਦਨਸ਼ੀਲ ਸੋਚ ਵਾਲਾ ਮਨੁੱਖ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਜ਼ਰੂਰ ਚਿੰਤਤ ਹੋਇਆ ਹੋਵੇਗਾ। ਸਰਕਾਰਾਂ ਦੀਆਂ ਫੋਕੀਆਂ ਫੜ੍ਹਾਂ ਬਾਰੇ ਜ਼ਰੂਰ ਕੋਸਿਆ ਹੋਵੇਗਾ, ਜੁ ਕਹਿ ਰਹੀਆਂ ਸਨ ਤੇ ਕਹਿ ਰਹੀਆਂ ਨੇ ਕਿ ਅਸੀਂ ਯੁਵਕਾਂ ਲਈ ਰੁਜ਼ਗਾਰ ਪੈਦਾ ਕਰ ਰਹੇ ਹਾਂ। ਏਨੇ ਲੱਖ ਨੌਕਰੀਆਂ ਦਾ ਬੰਦੋਸਬਸਤ ਕਰਾਂਗੇ। ਐਤਕੀਂ ਏਨੇ ਹਜ਼ਾਰਾਂ ਨੂੰ ਨੌਕਰੀਆਂ ‘ਤੇ ਲਾਇਆ ਹੈ, ਅਗਲੀ ਵਾਰੀ ਲੱਖਾਂ ਨੂੰ ਲਾਵਾਂਗੇ। ਪਿਛਲੀ ਵਾਰੀ ਅਕਾਲੀ-ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜ ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਸੀ। ਹੁਣੇ ਕੈਪਟਨ ਸਰਕਾਰ ਨੇ ਆਪਣੀ ਹੋਂਦ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਅਜਿਹੀ ਹੀ ਗੱਲ ਕਹੀ ਸੀ ਕਿ ਪੰਜਾਬ ਦੇ ਹਰ ਘਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਲੋਕ ਨੌਕਰੀਆਂ ਲੈਣ ਲਈ ਕਾਹਲੇ ਪਏ ਹੋਏ ਹਨ ਤੇ ਗੱਲੀਂ-ਗੱਲੀਂ ਇਸਦੀ ਚਰਚਾ ਵੀ ਖਾਸਾ ਹੋ ਰਹੀ ਹੈ ਪਰ ਕੈਪਟਨ ਸਰਕਾਰ ਨੂੰ ਕੋਈ ਕਾਹਲ ਨਹੀਂ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਬਹੁਤ ਵਾਰ ਹੋਇਆ ਹੈ ਤੇ ਹੁੰਦਾ ਰਹੇਗਾ। ਪੁਰਾਣੇ ਕੱਚੇ ਮੁਲਾਜ਼ਮ ਆਪਣੀ ਨੌਕਰੀ ਪਕਿਆਉਣ ( ਰੈਗੂਲਰ ਹੋਣ) ਲਈ ਤਰਸ ਰਹੇ ਹਨ ਤੇ ਨੌਕਰਿਉਂ ਕੱਢੇ ਹੋਏ ਸੜਕਾਂ ‘ਤੇ ਪਲੀਸ ਦੇ ਡੰਡੇ ਖਾ  ਰਹੇ ਹਨ।
ਨੌਕਰੀਆਂ ਸਬੰਧੀ ਹੀ ਹਜ਼ਾਰਾਂ ਲੋਕ ਹਾਈਕੋਰਟਾਂ ਵਿਚ ਸਾਲਾਂ ਤੋਂ ਪੇਸ਼ੀਆਂ ਭੁਗਤਣ ਦੀ ‘ਅਣਸੁਣੀ ਸਜ਼ਾ’ ਭੁਗਤ ਰਹੇ ਹਨ, ਸੁਵਿਧਾ ਸੈਂਟਰਾਂ ਵਾਲੇ ਕੱਢੇ 12 ਸੌ ਮੁਲਾਜ਼ਮ ਹਾਲੇ ਘਰੀਂ ਨਹੀਂ ਵੜੇ! ਇੱਕ ਸਾਲ ਤੋਂ ਇਹਨਾਂ ਦਾ ਸੰਘਰਸ਼ ਜਾਰੀ ਹੈ। ਜੇਲਾਂ ਵੀ ਕੱਟ ਆਏ ਹਨ। ਇਹਨਾਂ ਨੂੰ ਕੈਪਟਨ ਸਰਕਾਰ ਤੋਂ ਭਾਰੀ ਆਸਾਂ ਸਨ ਤੇ ਚੋਣਾਂ ਤੋਂ ਪਹਿਲਾਂ ਵਾਇਦਾ ਵੀ ਹੋਇਆ ਸੀ ਪਰ ਇਹ ਕਹਿੰਦੇ ਹਨ ਕਿ ਲਗਦਾ ਹੈ, ਕੱਖ ਨਹੀਂ ਸੰਵਰਨ ਵਾਲਾ!
ਸਵਾਲ ਹੈ ਕਿ ਇਹ ਗੱਲਾਂ ਕਦੋਂ ਕੁ ਤੀਕ ਹੁੰਦੀਆਂ ਰਹਿਣਗੀਆਂ? ਅਜੇ ਕੱਲ੍ਹ ਦੀਆਂ ਹੀ ਗੱਲਾਂ ਨੇ ਕਿ ਜਦ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਪਾਣੀ ਵਾਂਗ ਵਹਾਏ ਗਏ। ਉਦੌਨ ਬੜੀ ਚਰਚਾ ਹੋਈ ਸੀ ਜਦ ਇੱਕ ਸਾਲ ਦੇ ਵਿਸ਼ਵ ਕਬੱਡੀ ਕੱਪ ਉਤੇ ਸਾਢੇ ਤਿੰਨ ਕਰੋੜ ਰੁਪੈ ਸ਼ਾਹਰੁਖ ਖਾਨ ਲੈ ਕੇ ਤੁਰਦਾ ਬਣਿਆ ਸੀ ਤੇ ਸਿਰਫ਼ 19 ਮਿੰਟ ਸਟੇਜ ‘ਤੇ ਨੱਚਿਆ ਸੀ। ਹੋਰ ਵੀ ਕਰੋੜਾਂ ਰੁਪੈ ਹਰ ਸਾਲ ਵਾਂਗ ਵਿਸ਼ਵ ਕਬੱਡੀ ਕੱਪਾਂ ‘ਤੇ ਰੁੜ੍ਹ ਗਏ ਸਨ। ਜੁ ਕੁਝ ਵਿਸ਼ਵ ਕਬੱਡੀ ਕੱਪਾਂ ਨੇ ਸਵਾਰਿਆ ਹੈ,ਉਹ ਸਭ ਦੇ ਸਾਹਮਣੇ ਹੈ।
ਇਹੋ ਕਰੋੜਾਂ ਰੁਪਏ ਵਿਹਲੇ ਫਿਰਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ (ਸਬਸਿਡੀਆਂ) ‘ਤੇ ਖਰਚੇ ਜਾਂਦੇ ਕੀ ਮਾੜੀ ਗੱਲ ਸੀ? ਕਬੱਡੀ ਕੱਪ ਦੇ ਪੀੜਤ ਟੈਟਾਂ ਵਾਲੇ ਤੇ ਪੈਟਰੋਲ ਪੰਪਾਂ ਵਾਲੇ ਤੇ ਬਠਿੰਡੇ ਦੇ ਹੋਟਲਾਂ ਵਾਲੇ ਹਾਲੇ ਵੀ ਤਰਲੇ ਲੈਂਦੇ ਫਿਰਦੇ ਹਨ ਕਿ ਉਹਨਾਂ ਦੇ ਖੜ੍ਹੇ ਬਕਾਏ ਤਾਂ ਦੇ ਦਿਓ…ਖੈਰ!
ਪਿਛਲੇ ਸਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਦਾਲਤਾਂ ਵਿੱਚ ਚਪੜਾਸੀ  (ਅਰਦਲੀ) ਰੱਖਣੇ ਸਨ, ਪੈਂਤੀ ਹਜ਼ਾਰ ਮੁੰਡੇ-ਕੁੜੀਆਂ, ਵਧੇਰੇ ਐੱਮ.ਏ ਅਤੇ ਬੀ.ਏ ਨੇ ਹੀ ਅਪਲਾਈ ਕੀਤਾ ਹੋਇਆ ਸੀ। ਅਸਾਮੀਆਂ ਪੰਜ ਹੁੰਦੀਆਂ ਨੇ ਤੇ ਅਪਲਾਈ ਪੰਜ ਸੌ ਉਮੀਦਵਾਰ ਕਰ ਦਿੰਦੇ ਹਨ ਤੇ ਉਲਟਾ ਕਿਹਾ ਜਾ ਰਿਹਾ ਸੀ ਕਿ ਬੇਰੁਜ਼ਗਾਰੀ ਦੂਰ ਕਰ ਦਿੱਤੀ ਗਈ ਹੈ, ਪੰਜਾਬ ਕੈਲੀਫੋਰਨੀਆਂ ਬਣਨ ਜਾ ਰਿਹਾ ਹੈ। ਇੱਥੇ ਲਹਿਰਾਂ-ਬਹਿਰਾਂ ਲੱਗ ਜਾਣੀਆਂ ਨੇ। ਜੁਗ-ਜੁਗ ਜੀਣ ਪੰਜਾਬ ਦੇ ਪਾਣੀਆਂ ਵਿਚ ਸਤਵੰਜਾ ਕਰੋੜ ਦੇ ਖਰਚੇ ਨਾਲ ਚੱਲਣ ਵਾਲੀਆਂ ਜਲ ਬੱਸਾਂ! ਸੋ, ਅਸੀਂ ਉਦੋਂ ਵੀ ਲਿਖਿਆ ਸੀ ਕਿ ਕਿਰਪਾ ਕਰਕੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ!
ਖਬਰ ਵਿਚ ਛਪਿਆ ਸੀ ਕਿ ਚੰਡੀਗੜ ਪੁਲੀਸ ਵਿੱਚ ਚਪੜਾਸੀ ਰੱਖੇ ਜਾਣ ਲਈ ਜਿਹੜੇ ਮੁੰਡੇ-ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਨੇ, ਉਹਨਾਂ ਦੀਆਂ ਡਿਗਰੀਆਂ ‘ਤੇ ਉੱਚ-ਵਿੱਦਿਆ ‘ਤੇ ਝਾਤੀ ਮਾਰਦਿਆਂ ਹੈਰਾਨੀ ਹੁੰਦੀ ਹੈ। ਚਪੜਾਸੀ ਲੱਗਣ ਦੇ ਚਾਹਵਾਨ ਸਾਢੇ ਅੱਠ ਸੌ ਉਮੀਦਵਾਰ ਗਰੈਜੂਏਟ ਹਨ। (ਇੱਥੇ ਦੱਸਣਯੋਗ ਹੈ ਕਿ ਇਸ ਅਸਾਮੀ ਲਈ ਲੋੜੀਂਦੀ ਯੋਗਤਾ ਕੇਵਲ ਅੱਠਵੀਂ ਪਾਸ ਚਾਹੀਦੀ ਹੈ)। ਹੈਰਾਨੀ ਦੀ ਹੱਦ ਉਦੋਂ ਸਿਖਰ ਨੂੰ ਛੂਹ ਜਾਂਦੀ ਹੈ, ਜਦੋਂ ਚਾਰ ਐਮ.ਬੀ.ਏ. ਪਾਸ ਇਸ ਅਸਾਮੀ ‘ਤੇ ਲੱਗਣ ਲਈ ਉਤਾਵਲੇ ਹਨ। ਇੱਥੇ ਹੀ ਬੱਸ ਨਹੀਂ, ਬੀ.ਐੱਸ.ਸੀ, ਬੀ.ਐੱਡ ਤੇ ਬੀ.ਪੀ.ਐੱਡ ਨੇ ਵੀ ਚਪੜਾਸੀ ਲੱਗਣ ਲਈ ਬਿਆਸੀ ਸੌ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਪਝੱਤਰ ਸੌ ਬਾਰਵੀਂ ਪਾਸ ਨੇ ਅਪਲਾਈ ਕੀਤਾ ਸੀ ਤੇ ਪਚਵੰਜਾ ਸੌ ਦਸਵੀਂ ਪਾਸ ਨੇ ਅਰਜ਼ੀਆਂ ਲਿਖ ਕੇ ਬੇਨਤੀ ਕੀਤੀ ਸੀ ਕਿ ਕਿਰਪਾ ਕਰ ਕੇ ਉਹਨਾਂ ਨੂੰ ਚਪੜਾਸੀ ਰੱਖ ਲਿਆ ਜਾਏ।
ਦਿਲਸਚਪ ਤੱਥ ਇਹ ਹੈ ਕਿ ਜਦ ਇਸ ਕੰਮ ਵਾਸਤੇ ਇੰਟਰਵਿਊ ਹੋ ਰਹੀ ਸੀ ਤਾਂ ਬੇਰੁਜ਼ਗਾਰ ਮੁੰਡੇ-ਕੁੜੀਆਂ ਭਾਰੀ ਕਠਿਨ ਪ੍ਰਕਿਰਿਆ ਵਿੱਚੋਂ ਲੰਘ ਰਹੇ ਸਨ। ਉਮੀਦਵਾਰਾਂ ਕੋਲੋਂ ਗਲਾਸਾਂ ਵਿੱਚ ਪਾਣੀ ਭਰਵਾ ਕੇ ਤੇ ਫਿਰ ਗਲਾਸਾਂ ਨੂੰ ਟਰੇਅ ਵਿੱਚ ਰਖਵਾ ਕੇ ਸਾਹਬ ਵੱਲ ਤੋਰਿਆ ਜਾਂਦਾ ਸੀ, ਇਸਦੇ ਨਾਲ-ਨਾਲ ਉਮੀਦਵਾਰ ਦੀ ਤੋਰ ਦਾ ਵੀ ਜਿਵੇਂ ਟੈਸਟ ਹੋ ਰਿਹਾ ਸੀ ਕਿ ਕਿਧਰੇ ਉਮੀਦਵਾਰ ਕਾਹਲ ਨਾਲ ਤੁਰਦਾ ਜਾਂ ਪੈਰ ਅੱਲ-ਪਲੱਲ ਮਾਰਦਾ ਪਾਣੀ ਟਰੇਅ ਵਿੱਚ ਹੀ  ਤਾਂ ਨਹੀਂ ਡੋਲ੍ਹ ਦਿੰਦਾ ਹੈ? ਜਿਸਦਾ ਪਾਣੀ ਟਰੇਅ ਵਿੱਚ ਡੁੱਲ੍ਹ ਜਾਂਦਾ ਸੀ,ਉਸਨੂੰ ਟੈਸਟ ਵਿੱਚੋਂ ਫੇਲ੍ਹ ਕਰ ਦਿੱਤਾ ਜਾਂਦਾ ਸੀ।
ਹੋਰ ਵੀ ਅਹਿਮ ਤੱਥ ਇਹ ਕਿ ਉਮੀਦਵਾਰ ਕੋਲੋਂ ਜਦੋਂ ਜੱਗ ਵਿੱਚੋਂ ਪਾਣੀ ਗਲਾਸ ਵਿੱਚ ਪੁਵਾਇਆ ਜਾਂਦਾ ਸੀ ਤਾਂ ਇਹ ਵੀ ਧਿਆਨ ਰੱਖਿਆ ਜਾਦਾ ਸੀ ਕਿਧਰੇ ਪਾਣੀ ਦਾ ਤੁਪਕਾ ਬਾਹਰ ਤਾਂ ਨਹੀਂ ਛਲਕ ਗਿਆ? ਜੇ ਪਾਣੀ ਦਾ ਤੁਪਕਾ ਗਲਾਸ ਤੋਂ ਬਾਹਰ ਛਲਕ ਗਿਆ ਤਾਂ ਸਮਝੋ ਕਿ ਉਮੀਦਵਾਰ ਦੇ ਭਵਿੱਖ ‘ਤੇ ਲੱਗ ਗਿਆ ਸਵਾਲੀਆ ਨਿਸ਼ਾਨ। ਕਿਸੇ ਅੱਖੜ ਸੁਭਾਅ ਦੇ ਸਾਹਬ ਦੇ ਆਖਣ ਵਾਂਗੂੰ ਕਿ, ”ਉਏ ਵੱਡਿਆ ਪਾੜ੍ਹਿਆ, ਤੈਨੂੰ ਤਾਂ ਗਲਾਸ ਵਿੱਚ ਪਾਣੀ ਵੀ ਨਹੀਂ ਪਾਉਣਾ ਆਉਂਦਾ…ਕਰੀ ਫਿਰਦਾ ਐਂ ਉੱਚ ਡਿਗਰੀਆਂ।”
ਇਹਨਾਂ ਸਾਰੀਆਂ ਗੱਲਾਂ ਤੇ ਤੱਥਾਂ ਤੋਂ ਮੈਨੂੰ ਆਪਣੀ ਸੇਵਾਦਾਰੀ (ਅਰਦਲੀ) ਦੀ ਨੌਕਰੀ ਦੇ ਦਿਨ ਭਲੀਭਾਂਤੀ ਚੇਤੇ ਆਉਂਦੇ ਨੇ ਤੇ ਉਸ ਵੇਲੇ ਵਿੱਚ ਹੰਢਾਈ ਜ਼ਲਾਲਤ ਵੀ ਕਦੇ ਨਹੀਂ ਭੁੱਲੀ ਹੈ। ਮੇਰੇ ਵਰਗੇ ਅਨੇਕਾਂ ਅਰਦਲੀ ਅਜਿਹੇ ਹਨ, ਜਿਹੜੇ ਅੱਜ ਵੀ ਜ਼ਲਾਲਤ ਭਰੀ ਜ਼ਿੰਦਗੀ ਜਿਉਂ ਰਹੇ ਹਨ। ਘਰ ਦਾ ਉਹ ਕੰਮ ਇਹਨਾਂ ਅਰਦਲੀਆਂ ਤੋਂ ਕਰਵਾਇਆ ਜਾਂਦਾ ਹੈ, ਜੁ ਸਾਰਾ ਬੁੜ੍ਹੀਆਂ ਘਰਾਂ ਵਿੱਚ ਕਰਦੀਆਂ ਹਨ। ਗੋਹਾ-ਕੂੜਾ ਕਰਨ ਤੋਂ ਲੈ ਕੇ (ਅਫ਼ਸਰਾਂ ਦੇ ਰੱਖੇ ਪਸੂਆਂ ਦੀ ਸੇਵਾ ਸੰਭਾਲ), ਸਾਹਬਾਂ ਦੀਆਂ ਚੱਡੀਆਂ ਵੀ ਧੋਣੀਆਂ। ਜੁੱਤੇ ਪੌਲਿਸ਼ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ। ਰੋਟੀ-ਟੁੱਕ ਕਰਨਾ। ‘ਫਲਾਣਾ ਸਿੰਘ ਬਨਾਮ ਢਮਕਾਣਾ ਸਿੰਘ ਹਾਜ਼ਰ ਹੋ’ ਦਾ ਹੋਕਾ ਦੇਣ ਦੇ ਨਾਲ-ਨਾਲ ਦਫ਼ਤਰ ਦੇ ਸਾਰੇ ਕੰਮ ਵੀ ਕਰਨੇ।
ਹਫ਼ਤੇ ਵਿੱਚ ਤਾਂ ਸੋਚਣਾ ਦੂਰ ਰਿਹਾ ਮਹੀਨੇ ਦੋ ਮਹੀਨੇ ਮਗਰੋਂ ਵੀ ਛੁੱਟੀ ਕੋਈ ਨਹੀਂ ਮਿਲਣੀ। ਅਜਿਹੇ ਕੰਮ ਹੁੰਂਦੇ ਨੇ ਜੱਜ ਦੇ ਅਰਦਲੀ ਦੇ। ਜੇ ਕੋਈ ਅਜਿਹੇ ਕੰਮ ਨਹੀਂ ਕਰਦਾ ਤਾਂ ਨੌਕਰੀ ਤੋਂ ਛੁੱਟੀ। ਕੋਈ ਅਪੀਲ ਨਹੀਂ ਤੇ ਕੋਈ ਦਲੀਲ ਨਹੀਂ। ਇੰਨੀਂ ਦਿਨੀ  ਵੱਖ-ਵੱਖ ਜਿਲਿਆਂ ਵਿਚ ਅਰਦਲੀ ਦੀ ਇਸ ਨੌਕਰੀ ਲਈ ਨੌਜਵਾਨ ਵਹੀਰਾਂ ਘੱਤ-ਘੱਤ ਕੇ ਇੰਟਰਵਿਊ ਦੇਣ ਲਈ ਪੁੱਜ ਰਹੇ ਹਨ। ਇਸ ਵਾਸਤੇ ਵੀ ਯੋਗਤਾ ਸਿਰਫ਼ ਅੱਠਵੀਂ ਪਾਸ ਚਾਹੀਦੀ ਹੈ ਪਰ ਲੱਗਣ ਲਈ ਗਏ ਹਨ ਬੀ.ਏ. ਤੇ ਐੱਮ. ਏ ਪਾਸ, ਫਿਰ ਪਲੱਸ ਟੂ ਤੇ ਦਸਵੀਂ ਪਾਸ।
ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਹ ਪੜ੍ਹ ਕੇ ਸੋਚਦਾ ਹਾਂ ਕਿ ਹੁਣ ਇਹ ਉੱਚ ਡਿਗਰੀਆਂ ਵਾਲੇ ਵੀ ਜ਼ਲਾਲਤ ਭੋਗਣ ਜਾ ਰਹੇ ਹਨ। ਭਾਂਡੇ ਮਾਂਜਣ ਜਾ ਰਹੇ ਹਨ। ਚਾਕਰੀ ਕਰਨ ਜਾ ਰਹੇ ਹਨ। ਸਾਹਬਾਂ ਦੀਆਂ ਮੱਝਾਂ ਨੂੰ ਪੱਠੇ ਪਾਉਣਗੇ। ਸਾਹਬਾਂ ਦੇ ਨਿਆਣਿਆਂ ਨੂੰ ਕੁੱਛੜ ਚੁੱਕ ਕੇ ਖਿਡ੍ਹਾਉਣਗੇ।
ਸਕੂਲਾਂ ‘ਚ ਛੱਡ ਕੇ ਆਉਣਗੇ ਤੇ ਛੁੱਟੀ ਹੋਈ ਤੋਂ ਲੈ ਕੇ ਆਉਣਗੇ। ਫਿਰ ਸੋਚਦਾ ਹਾਂ ਕਿ ਜਦ ਬਦੇਸ਼ ਜਾਂਦਾ ਹਾਂ ਤਾਂ ਅੰਨ੍ਹੇਵਾਹ ਜਾ ਢੁੱਕੀ ਪਰਦੇਸ ਪੰਜਾਬ ਦੀ ਜੁਆਨੀ ਵੱਲ ਦੇਖ ਕੇ ਲਗਦਾ ਹੈ ਕਿ  ਸਾਰਾ ਪੰਜਾਬ ਹੀ ਜਿਵੇਂ ਖਾਲੀ ਹੋ ਗਿਆ ਹੈ। ਸਾਰੀ ਜੁਆਨੀ ਵਹੀਰਾਂ ਘੱਤ-ਘੱਤ ਆ ਗਈ ਏਧਰ ਤੇ ਬਾਕੀ ਰਹਿ ਗਈ ਹੁਣ ਮਜ਼ਦੂਰੀਆਂ ਕਰਨ ਲਈ ਤਿਆਰ ਹੈ।
ਕੀ ਪੰਜਾਬ ਵਿੱਚੋਂ ਇਹਨਾਂ ਲਈ ਉੱਕਾ ਹੀ ਰੁਜ਼ਗਾਰ ਮੁੱਕ ਗਿਆ? ਕੀ ਕਦੇ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਇਹ ਕਿਉਂ ਨਾ ਸੋਚਿਆ ਕਿ ਪੰਜਾਬ ਦੇ ਵਿਹੜੇ ਖਾਲਮ-ਖਾਲੀ ਝਾਕ ਰਹੇ ਹਨ। ਬਹੁਤ ਸਾਰੇ ਜੱਗੇ ਪਰਦੇਸੀਂ ਤੁਰ ਗਏ ਨੇ- ‘ਵੇ ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ।’ ਜਿਹੜੇ ਜੱਗੇ ਬਾਕੀ ਬਚੇ ਨੇ, ਉੱਚ ਡਿਗਰੀਆਂ ਚੁੱਕੀ ਭਟਕਦੇ ਫਿਰਦੇ ਨੇ, ਉਹ ਚਪੜਾਸੀ ਲੱਗਣ ਲਈ ਤਰਲੇ ਕਰ ਰਹੇ ਹਨ, ਭਾਵੇਂ ਕੋਈ ਕੱਚਾ ਹੀ ਰੱਖ ਲਵੇ! ਕੀ ਬਣੂੰ ਪੰਜਾਬ ਦਾ?ਕਿਧਰ ਜਾਏ ਜੁਆਨੀ? ਅਜਿਹੇ ਅਣਮੁੱਕ ਸਵਾਲ ਕਦੇ ਪਿੱਛਾ ਨਹੀਂ ਛੱਡਣ ਵਾਲੇ।

ninder_ghugianvi@yahoo.com

Check Also

ਜੋ ਮੇਰੇ ਨਾਲ ਹੋਈ-3

ਬੋਲ ਬਾਵਾ ਬੋਲ ਬੇਟਾ ਮਿਲਦੇ-ਗਿਲਦੇ ਰਹਿਣਾ ਨਿੰਦਰ ਘੁਗਿਆਣਵੀ94174-21700 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬਾਅਦ …