Home / ਮੁੱਖ ਲੇਖ / ਮਹਾਸ਼ਿਵਰਾਤਰੀ

ਮਹਾਸ਼ਿਵਰਾਤਰੀ

ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵੋਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ‘ਤੇ ਸ਼ਿਵ ਮੰਦਿਰਾਂ ਵਿਚ ਭਗਵਾਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਰੱਖਦਾ ਹੈ, ਸ਼ਿਵਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗਰਣ ਕਰਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ-ਲੋਕ ਦੀ ਪ੍ਰਾਪਤੀ ਹੁੰਦੀ ਹੈ। ਸ਼ਿਵਜੀ ਬੜੇ ਦਿਆਲੂ ਤੇ ਭੋਲੇਨਾਥ ਹਨ। ਛੂਤ-ਛਾਤ ਦਾ ਉਨ੍ਹਾਂ ਦੀਆਂ ਨਜ਼ਰਾਂ ਵਿਚ ਕੋਈ ਨਾਂ ਨਹੀਂ ਹੈ। ਬ੍ਰਾਹਮਣ, ਵੈਸ਼, ਕਸ਼ੱਤਰੀ, ਅਛੂਤ, ਸ਼ੂਦਰ, ਨਰ, ਨਾਰੀ, ਜਵਾਨੀ ਅਤੇ ਬੁਢਾਪੇ ਵਿਚ ਸਭ ਲੋਕ ਇਹ ਵਰਤ ਰੱਖਦੇ ਹਨ। ਸ਼ਿਵਰਾਤਰੀ ਦਾ ਇਹ ਦਿਹਾੜਾ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ ਪਰ ਕਾਸ਼ੀ, ਵੈਦ ਨਾਥ ਧਾਮ ਅਤੇ ਉੱਜੈਨ ਆਦਿ ਥਾਵਾਂ ‘ਤੇ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਭਗਤਾਂ ਲਈ ਤਾਂ ਇਸ ਦਿਨ ਦੇ ਮਹੱਤਵ ਦੀ ਕੋਈ ਹੱਦ ਹੀ ਨਹੀਂ। ਸ਼ਿਵਰਾਤਰੀ ਦਾ ਇਹ ਦਿਹਾੜਾ ਪ੍ਰਾਣੀਆਂ ‘ਤੇ ਦਇਆ ਭਾਵ ਰੱਖਣ ਦੇ ਸਿਧਾਂਤਾਂ ਨੂੰ ਸਮਝਣ ਲਈ ਬੜੇ ਹੀ ਮਹੱਤਵ ਦਾ ਦਿਨ ਹੈ। ਇਸ ਸੰਬੰਧੀ ਕਥਾ ਹੇਠ ਲਿਖੇ ਅਨੁਸਾਰ ਹੈ।
ਪ੍ਰਤਯੰਤ ਦੇਸ਼ ਦਾ ਇਕ ਸ਼ਿਕਾਰੀ ਜੀਵਾਂ ਨੂੰ ਮਾਰ ਕੇ ਜਾਂ ਜਿਊਂਦੇ ਫੜ ਕੇ, ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਸ਼ਿਕਾਰੀ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ। ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਸ਼ਿਕਾਰ ਲਈ ਇਕ ਅਜਿਹੀ ਥਾਂ ਜਾਣ ਲਈ ਮਜਬੂਰ ਕਰ ਦਿੱਤਾ ਸੀ, ਜਿਥੇ ਕਿ ਇਕ ਤਲਾਬ ਦੇ ਕਿਨਾਰੇ ਬੇਲ ਦੇ ਦਰੱਖਤ ਦੇ ਹੇਠਾਂ ਸ਼ਿਵਲਿੰਗ ਕੋਲ ਬੈਠ ਕੇ ਹਿਰਨ ਆਰਾਮ ਕਰਦੇ ਸਨ, ਉਥੇ ਦਰੱਖਤ ‘ਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ।ઠਇੰਨੀ ਦੇਰ ਨੂੰ ਉਥੇ ਇਕ ਹਿਰਨੀ ਆਈ, ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਧਨੁਸ਼ ‘ਤੇ ਤੀਰ ਚੜ੍ਹਾਇਆ ਹੀ ਸੀ ਕਿ ਹਿਰਨੀ ਨੇ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ। ਜੇਕਰ ਆਪ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਵੋ ਤਾਂ ਕਿੰਨਾ ਚੰਗਾ ਹੋਵੇਗਾ। ਇਹ ਸੁਣ ਕੇ ਸ਼ਿਕਾਰੀ ਮੰਨ ਗਿਆ ਅਤੇ ਹਿਰਨੀ ਚਲੀ ਗਈ।ઠ
ਕੁਝ ਸਮੇਂ ਬਾਅਦ ਉਥੇ ਦੂਜੀ ਹਿਰਨੀ ਆਈ, ਜਿਸ ਦਾ ਕਿ ਅਜੇ ਤਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ। ਸ਼ਿਕਾਰੀ ਨੂੰ ਤੀਰ ਚੜ੍ਹਾਉਂਦਾ ਦੇਖ ਕੇ ਉਹ ਬੋਲੀ ਕਿ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ਵਿਚ ਕਾਮੁਕ ਸੁਭਾਅ ਵਾਲੀ ਬਣਾਂਗੀ ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ। ਜੇਕਰ ਆਪ ਮੈਨੂੰ ਹੁਣ ਜਾਣ ਦਿਓ ਤਾਂ ਮੇਰੇ ਵੱਲੋਂ ਆਪਣੇ ਪਤੀ ਦਾ ਸੰਗ ਕਰਕੇ ਤ੍ਰਿਸ਼ਨਾ ਪੂਰੀ ਕਰਨ ਉਪਰੰਤ ਤੁਸੀਂ ਮੇਰਾ ਸ਼ਿਕਾਰ ਕਰ ਲੈਣਾ, ਸ਼ਿਕਾਰੀ ਨੇ ਉਸ ਨੂੰ ਵੀ ਜਾਣ ਦਿੱਤਾ। ઠਕੁਝ ਚਿਰ ਮਗਰੋਂ ਤੀਜੀ ਹਿਰਨੀ ਉਥੇ ਆਈ ਅਤੇ ਸ਼ਿਕਾਰੀ ਨੂੰ ਦੇਖ ਕੇ ਉਸ ਨੇ ਵੀ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਹਨ। ਜੇਕਰ ਹੁਣੇ ਆਪ ਨੇ ਮੈਨੂੰ ਮਾਰ ਦਿੱਤਾ ਤਾਂ ਇਹ ਬੇਸਹਾਰਾ ਹੋ ਜਾਣਗੇ। ਮੈਂ ਇਨ੍ਹਾਂ ਨੂੰ ਆਪਣੇ ਪਤੀ ਕੋਲ ਛੱਡ ਆਵਾਂ ਅਤੇ ਵਾਪਿਸ ਆਉਣ ‘ਤੇ ਤੁਸੀਂ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਇਸ ਨੂੰ ਵੀ ਛੱਡ ਦਿੱਤਾ। ਕੁਝ ਚਿਰ ਮਗਰੋਂ ਉਥੇ ਇਕ ਹਿਰਨ ਆਇਆ, ਸ਼ਿਕਾਰੀ ਨੂੰ ਦੇਖ ਕੇ ਉਹ ਬੋਲਿਆ ਕਿ ਜੇਕਰ ਆਪ ਨੇ ਮੈਥੋਂ ਪਹਿਲਾਂ ਆਉਣ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਹੈ ਤਾਂ ਮੈਨੂੰ ਵੀ ਮਾਰ ਦਿਓ ਕਿਉਂਕਿ ਉਨ੍ਹਾਂ ਤੋਂ ਬਿਨਾਂ ਮੇਰਾ ਜੀਵਨ ਬੇਕਾਰ ਹੈ। ਜੇਕਰ ਆਪ ਨੇ ਉਨ੍ਹਾਂ ਨੂੰ ਨਹੀਂ ਮਾਰਿਆ ਹੈ ਤਾਂ ਮੈਨੂੰ ਵੀ ਛੱਡ ਦਿਓ, ਮੈਂ ਜਾ ਕੇ ਉਨ੍ਹਾਂ ਨੂੰ ਮਿਲ ਆਵਾਂ, ਉਹ ਸਭ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ। ਜੇਕਰ ਆਪ ਨੇ ਹੁਣੇ ਮੈਨੂੰ ਮਾਰ ਦਿੱਤਾ ਤਾਂ ਉਨ੍ਹਾਂ ਦੀ ਪ੍ਰਤਿੱਗਿਆ ਪੂਰੀ ਨਹੀਂ ਹੋਵੇਗੀ।ઠ ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਨ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇਕ ਰਾਤ ਸ਼ਿਵ ਮੰਦਿਰ ਵਿਚ ਬੰਦ ਕਰ ਦਿੱਤਾ ਗਿਆ ਸੀ। ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਤੇਰਸ ਦੀ ਸੀ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਹੋ ਰਹੀ ਸੀ। ਰਾਤ ਭਰ ਜਾਗਣ ਕਾਰਨ ਉਸ ਨੂੰ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ‘ਤੇ ਆਇਆ।ઠਸੰਯੋਗ ਦੀ ਗੱਲ ਸੀ ਕਿ ਜਿਸ ਦਰੱਖਤ ‘ਤੇ ਸ਼ਿਕਾਰੀ ਬੈਠਾ ਸੀ, ਉਹ ਦਰੱਖਤ ਬੇਲ ਦਾ ਸੀ ਅਤੇ ਉਸ ਦੇ ਹੇਠਾਂ ਸ਼ਿਵਲਿੰਗ ਬਣਿਆ ਹੋਇਆ ਸੀ। ਦਰੱਖਤ ‘ਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੇਠਾਂ ਡਿਗੇ, ਉਨ੍ਹਾਂ ਨਾਲ ਸ਼ਿਵਲਿੰਗ ਢਕਿਆ ਗਿਆ ਸੀ, ਜਿਸ ਕਾਰਨ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਵੀ ਹੋ ਗਿਆ। ਇਨ੍ਹਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਹੀ ਉਸ ਦੀ ਅੰਤਰ-ਆਤਮਾ ਪਵਿੱਤਰ ਹੋ ਗਈ ਸੀ ਅਤੇ ਉਸ ਦੇ ਮਨ ਵਿਚ ਪ੍ਰੇਮ ਭਾਵ ਅਤੇ ਦਇਆ ਭਾਵ ਉਤਪੰਨ ਹੋ ਗਿਆ ਸੀ। ਇਹ ਜਯੋਤੀ ਜਵਾਲਾ ਇੰਨੀ ਪ੍ਰਚੰਡ ਸੀ ਕਿ ਜਦੋਂ ਹਿਰਨ, ਹਿਰਨੀਆਂ ਅਤੇ ਬੱਚੇ ਉਥੇ ਆਏ ਤਾਂ ਸ਼ਿਕਾਰੀ ਨੇ ਕਿਸੇ ਦਾ ਵੀ ਸ਼ਿਕਾਰ ਨਾ ਕੀਤਾ। ઠਮਹਾਸ਼ਿਵਰਾਤਰੀ ਦੀ ਪੂਜਾ ਅਤੇ ਵਰਤ ਦਾ ਪੁੰਨ ਮਿਲਣ ਕਾਰਨ ਭਗਵਾਨ ਸ਼ਿਕਾਰੀ ‘ਤੇ ਅਤਿਅੰਤ ਪ੍ਰਸੰਨ ਹੋ ਗਏ ਸਨ ਅਤੇ ਹੁਣ ਉਸ ਦੇ ਦਇਆ ਭਾਵ ‘ਤੇ ਭਗਵਾਨ ਸ਼ਿਵ ਗਦ-ਗਦ ਹੋ ਉੱਠੇ। ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁੱਖ ਪ੍ਰਦਾਨ ਕੀਤਾ ਤੇ ਇਸ ਦੇ ਨਾਲ ਹੀ ਬਚਨ ਪਾਲਕ ਹਿਰਨ ਪਰਿਵਾਰ ਨੂੰ ਵੀ ਸ਼ਿਵ-ਲੋਕ ਦੀ ਪ੍ਰਾਪਤੀ ਹੋਈ। ઠઠ
– ਸੱਤ ਪ੍ਰਕਾਸ਼ ਸਿੰਗਲਾ, ਬਰੇਟਾ

Check Also

ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨਾ ਦਿਵਸ

ਅਵਤਾਰ ਸਿੰਘ ਮਿਸ਼ਨਰੀ ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, …